ਨਵੀਂ ਦਿੱਲੀ, ਏਜੰਸੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕ੍ਰਿਕਟ ਦੀ ਖੇਡ ਦੁਬਾਰਾ ਉਦੋਂ ਸ਼ੁਰੂ ਹੋਵੇ ਜਦੋਂ ਕੋਵਿਡ 19 ਮਹਾਮਾਰੀ ਪੂਰੀ ਦੁਨੀਆ ਤੋਂ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਇਸ ਖੇਡ ਦੇ ਸਰਪ੍ਰਸਤ ਲਈ ਸਰਬੋਤਮ ਹੋਣੀ ਚਾਹੀਦੀ ਹੈ। ਕੋਵਿਡ 19 ਮਹਾਮਾਰੀ ਕਾਰਨ ਹੋਰ ਖੇਡਾਂ ਵਾਂਗ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ।

ਯੁਵਰਾਜ ਸਿੰਘ ਨੇ ਬੀਸੀਸੀ ਨਾਲ ਇੱਕ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੀ ਨਿੱਜੀ ਰਾਏ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਅਤੇ ਦੁਨੀਆ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜਾਂ ਤਾਂ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਇਸ ਦੇ 90-95 ਫੀਸਦ ਹੇਠਾਂ ਤਕ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਜਿਹਾ ਨਾ ਹੋਇਆ ਤਾਂ ਖਿਡਾਰੀ ਦੁਬਾਰਾ ਵਾਪਸ ਆਉਣ ਤੋਂ ਡਰਨਗੇ ਤੇ ਉਹ ਮੈਦਾਨ ਵਿਚ ਜਾਣ ਜਾਂ ਫਿਰ ਡਰੈਸਿੰਗ ਰੂਮ ਤੇ ਚੇਂਜਿੰਗ ਰੂਮ ਵਿਚ ਜਾਣ ਤੋਂ ਡਰ ਮਹਿਸੂਸ ਕਰਨਗੇ।

ਸਾਲ 2011 ਵਨ-ਡੇ ਵਿਸ਼ਵ ਕੱਪ ਦੇ ਨਾਇਕ ਯੁਵਰਾਜ ਸਿੰਘ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਕ ਖਿਡਾਰੀ ਮੈਚ ਦੌਰਾਨ ਉਂਝ ਹੀ ਮੈਦਾਨ 'ਤੇ ਉਹੀ ਦਬਾਅ ਮਹਿਸੂਸ ਕਰਦਾ ਹੈ ਅਤੇ ਅਜਿਹੀ ਸਥਿਤੀ ਵਿਚ ਜਦ ਉਸਨੂੰ ਵਾਇਰਸ ਦਾ ਵੀ ਡਰ ਹੋਵੇ ਤਾਂ ਉਹ ਖੇਡ 'ਤੇ ਧਿਆਨ ਨਹੀਂ ਦੇ ਸਕੇਗਾ ਅਤੇ ਇਸ ਨਾਲ ਉਸਦਾ ਪ੍ਰਦਰਸ਼ਨ ਪ੍ਰਭਾਵਿਤ ਹੋਵੇਗਾ।ਇਕ ਖਿਡਾਰੀ ਵਜੋਂ ਜਦੋਂ ਤੁਸੀਂ ਆਪਣੇ ਦੇਸ਼ ਜਾਂ ਕਲੱਬ ਦੀ ਨੁਮਾਇੰਦਗੀ ਕਰਦੇ ਹੋ ਤਾਂ ਉਂਝ ਹੀ ਬਹੁਤ ਦਬਾਅ ਹੁੰਦਾ ਹੈ ਅਤੇ ਅਜਿਹੇ ਵਿਚ ਤੁਸੀਂ ਕਦੇ ਵੀ ਨਹੀਂ ਚਾਹੋਗੇ ਕਿ ਖੇਡਣ ਸਮੇਂ ਕੋਰੋਨਾ ਬਾਰੇ ਡਰ ਦਾ ਮਾਹੌਲ ਬਣਿਆ ਰਹੇ।

ਯੁਵੀ ਨੇ ਕਿਹਾ ਕਿ ਜਦੋਂ ਤੁਸੀਂ ਬੱਲੇਬਾਜ਼ੀ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਪਸੀਨਾ ਚੌਣ ਲਗ ਜਾਂਦਾ ਹੈ। ਉਸ ਸਮੇਂ ਜੇ ਤੁਸੀਂ ਕੇਲਾ ਖਾਣਾ ਚਾਹੁੰਦੇ ਹੋ ਤੇ ਕੋਈ ਹੋਰ ਵਿਅਕਤੀ ਕੇਲਾ ਫੜ੍ਹ ਕੇ ਖੜਾ ਹੈ, ਤਾਂ ਤੁਸੀਂ ਸੋਚੋਗੇ ਕਿ ਮੈਨੂੰ ਇਹ ਖਾਣਾ ਚਾਹੀਦਾ ਹੈ ਜਾਂ ਨਹੀਂ। ਤੁਸੀਂ ਯਕੀਨੀ ਤੌਰ 'ਤੇ ਖੇਡਦੇ ਸਮੇਂ ਅਜਿਹੇ ਪ੍ਰਸ਼ਨਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਚਾਹੁੰਦੇ। ਉਸ ਸਮੇਂ ਤੁਸੀਂ ਆਪਣਾ ਧਿਆਨ ਗੇਂਦ 'ਤੇ ਕੇਂਦਰਤ ਕਰਨਾ ਚਾਹੋਗੇ ਨਾ ਕਿ ਹੋਰ ਚੀਜ਼ਾਂ 'ਤੇ। ਉਨ੍ਹਾਂ ਕਿਹਾ ਕਿ ਇਹ ਮੇਰੀ ਰਾਏ ਹੈ, ਹਾਲਾਂਕਿ ਪੂਰੀ ਦੁਨੀਆ ਇਸ ਵਿਸ਼ੇ 'ਤੇ ਬਹਿਸ ਕਰਨ ਲਈ ਆਜ਼ਾਦ ਹੈ।

Posted By: Sunil Thapa