ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਇਤਿਹਾਸ 'ਚ ਸਭ ਤੋਂ ਬਿਹਤਰੀਨ ਆਲਰਾਊਂਡਰ 'ਚ ਸ਼ੁਮਾਰ ਯੁਵਰਾਜ ਸਿੰਘ ਨੂੰ ਆਖ਼ਰੀ ਸਮੇਂ ਟੀਮ 'ਚ ਜਗ੍ਹਾ ਨਹੀਂ ਮਿਲੀ। ਨਤੀਜਾ ਇਹ ਹੋਇਆ ਕਿ ਬਿਨਾਂ ਵਿਦਾਈ ਮੈਚ ਖੇਡਿਆਂ ਹੀ ਉਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ। ਹੁਣ ਯੁਵਰਾਜ ਨੇ ਸਾਫ਼ ਕੀਤਾ ਹੈ ਕਿ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ 2009 ਵਿਸ਼ਵ ਕੱਪ 'ਚ ਉਨ੍ਹਾਂ ਦੀ ਚੋਣ ਨਹੀਂ ਹੋਵੇਗੀ ਕਿਉਂਕ ਚੋਣਕਰਤਾ ਉਨ੍ਹਾਂ ਦੇ ਨਾਂ 'ਤੇ ਵਿਚਾਰ ਹੀ ਨਹੀਂ ਕਰਨ ਵਾਲੇ।

ਯੁਵਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਮੈਂ ਵਾਪਸੀ ਕੀਤੀ ਤਾਂ ਵਿਰਾਟ ਕੋਹਲੀ ਨੇ ਮੇਰਾ ਸਮਰਥਨ ਕੀਤਾ। ਜੇ ਉਨ੍ਹਾਂ ਨੇ ਮੇਰਾ ਸਮਰਥਨ ਉਦੋਂ ਨਾ ਕੀਤਾ ਹੁੰਦਾ ਤਾਂ ਮੈਂ ਵਾਪਸੀ ਨਾ ਕਰ ਸਕਦਾ ਪਰ ਉਹ ਧੋਨੀ ਸਨ ਜਿਨ੍ਹਾਂ 2019 ਵਿਸ਼ਵ ਕੱਪ ਨੂੰ ਲੈ ਕੇ ਮੈਨੂੰ ਸਹੀ ਤਸਵੀਰ ਦਿਖਾਈ ਕਿ ਹੁਣ ਚੋਣਕਰਤਾ ਤੇਰੇ ਨਾਂ 'ਤੇ ਵਿਚਾਰ ਨਹੀਂ ਕਰ ਰਹੇ ਹਨ। ਉਨ੍ਹਾਂ ਸਹੀ ਤਸਵੀਰ ਦਿਖਾਈ ਤੇ ਬਿਲਕੁਲ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਸਭ ਕੁਝ ਕੀਤਾ, ਜੋ ਉਹ ਕਰ ਸਕਦੇ ਸਨ।

2019 ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਨਾ ਹੋਣ ਦਾ ਮਤਲਬ ਸਾਫ਼ ਸੀ ਕਿ 2011 ਵਿਸ਼ਵ ਕੱਪ 'ਚ ਮੈਨ ਆਫ ਦਿ ਸੀਰੀਜ਼ ਰਹਿਣ ਵਾਲੇ ਯੁਵਰਾਜ ਸਿੰਘ ਦੀ ਹੁਣ ਵਾਪਸੀ ਨਹੀਂ ਹੋਣ ਵਾਲੀ ਹੈ। ਰਣਜੀ ਟਰਾਫੀ 'ਚ ਸੈਂਕੜਾ ਬਣਾਉਣ ਤੋਂ ਬਾਅਦ ਵੀ ਵਿਸ਼ਵ ਕੱਪ ਜਿਹੇ ਵੱਡੇ ਟੂਰਨਾਮੈਂਟ 'ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਧੋਨੀ ਨੂੰ ਲੈ ਕੇ ਉਸ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਹੈ।

2011 ਵਿਸ਼ਵ ਕੱਪ ਤਕ ਐੱਮਐੱਸ ਧੋਨੀ ਨੂੰ ਮੇਰੇ 'ਤੇ ਪੂਰਾ ਭਰੋਸਾ ਹੁੰਦਾ ਸੀ ਕਿ ਤੇ ਮੈਨੂੰ ਕਹਿੰਦੇ ਸਨ ਕਿ ਤੁਸੀਂ ਮੇਰੇ ਪ੍ਰਮੁੱਖ ਖਿਡਾਰੀ ਹੋ ਪਰ ਬਿਮਾਰੀ ਤੋਂ ਬਾਅਦ ਵਾਪਸੀ ਕਰਨ 'ਤੇ ਖੇਡ ਕਾਫ਼ੀ ਬਦਲ ਚੁੱਕੀ ਸੀ ਤੇ ਟੀਮ 'ਚ ਕਾਫ਼ੀ ਕੁਝ ਹੋ ਚੁੱਕਿਆ ਸੀ। ਇਸੇ ਵਜ੍ਹਾ ਨਾਲ ਜਿੱਥੇ 2015 ਵਿਸ਼ਵ ਕੱਪ ਦਾ ਸਵਾਲ ਹੈ ਤਾਂ ਤੁਸੀਂ ਕਿਸੇ ਚੀਜ਼ 'ਤੇ ਗੱਲ ਨਹੀਂ ਕਰ ਸਕਦੇ, ਇਸ ਲਈ ਇਹ ਖ਼ੁਦ ਫ਼ੈਸਲਾ ਲੈਣ ਦੀ ਗੱਲ ਹੋ ਗਈ ਸੀ। ਮੈਨੂੰ ਸਮਝ ਆਇਆ ਕਿ ਇਕ ਕਪਤਾਨ ਹੋਣ ਨਾਤੇ ਕਦੇ-ਕਦੇ ਤੁਸੀਂ ਸਾਰੀਆਂ ਚੀਜ਼ਾਂ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਆਖ਼ਰ 'ਚ ਤੁਹਾਨੂੰ ਆਪਣੇ ਦੇਸ਼ ਲਈ ਖੇਡਣ 'ਤੇ ਧਿਆਨ ਦੇਣਾ ਹੁੰਦਾ ਹੈ।

Posted By: Harjinder Sodhi