ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਟੀਮ ਵਿਚ ਸ਼ਾਮਲ ਨੌਜਵਾਨ ਖਿਡਾਰੀ ਆਪਣੇ ਸੀਨੀਅਰ ਦਾ ਸਨਮਾਨ ਨਹੀਂ ਕਰਦੇ ਜਦਕਿ ਉਨ੍ਹਾਂ ਨੂੰ ਅਜਿਹਾ ਕਰਨਾ ਸਿੱਖਣਾ ਪਵੇਗਾ। ਯੁਵਰਾਜ ਇੱਥੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ ਲਾਈਵ 'ਤੇ ਗੱਲ ਕਰ ਰਹੇ ਸਨ। ਰੋਹਿਤ ਨੇ ਯੁਵਰਾਜ ਤੋਂ ਪੁੱਿਛਆ ਕਿ ਤੁਹਾਨੂੰ ਮੌਜੂਦਾ ਟੀਮ ਵਿਚ ਅਤੇ ਜਦ ਤੁਸੀਂ ਖੇਡ ਰਹੇ ਸੀ ਉਸ ਟੀਮ ਵਿਚ ਕੀ ਫ਼ਰਕ ਲਗਦਾ ਹੈ। ਕੀ ਉਹ ਚੀਜ਼ ਹੈ ਜਿਸ 'ਤੇ ਅਸੀਂ ਸੁਧਾਰ ਕਰ ਸਕਦੇ ਹਾਂ ਤਾਂ ਯੁਵਰਾਜ ਨੇ ਆਪਣੇ ਹੀ ਅੰਦਾਜ਼ ਵਿਚ ਜਵਾਬ ਦਿੱਤਾ। ਯੁਵਰਾਜ ਨੇ ਕਿਹਾ ਕਿ ਹੁਣ ਤਾਂ ਮੈਂ ਸੰਨਿਆਸ ਲੈ ਚੁੱਕਾ ਹਾਂ। ਕੁਝ ਨਵੀ ਬੋਲ ਸਕਦਾ ਹਾਂ। ਮੈਨੂੰ ਜੋ ਫ਼ਰਕ ਸਮਝ ਆਉਂਦਾ ਹੈ ਉਹ ਇਹ ਹੈ ਕਿ ਜਦ ਮੈਂ ਟੀਮ ਵਿਚ ਆਇਆ ਤਾਂ ਅਸੀਂ ਆਪਣੇ ਸੀਨੀਅਰ ਦਾ ਸਨਮਾਨ ਕਰਦੇ ਸੀ। ਉਨ੍ਹਾਂ ਕੋਲੋਂ ਸਿੱਖਦੇ ਸੀ ਪਰ ਮੌਜੂਦਾ ਖਿਡਾਰੀਆਂ ਵਿਚ ਅਜਿਹਾ ਨਹੀਂ ਹੈ।