ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਟੈਸਟ ਵਿਕਟਕੀਪਰ ਰਿੱਧੀਮਾਨ ਸਾਹਾ ਦੇ ਸੱਜੇ ਹੱਥ ਦੀ ਉਂਗਲੀ ਵਿਚ ਬੰਗਲਾਦੇਸ਼ ਖ਼ਿਲਾਫ਼ ਡੇ-ਨਾਈਟ ਟੈਸਟ ਦੌਰਾਨ ਫਰੈਕਚਰ ਹੋ ਗਿਆ ਸੀ ਜਿਸ ਦਾ ਆਪ੍ਰੇਸ਼ਨ ਕਰਾਇਆ ਗਿਆ। ਹਲਾਂਕਿ ਨਿਊਜ਼ੀਲੈਂਡ ਖ਼ਿਲਾਫ਼ ਫਰਵਰੀ ਵਿਚ ਹੋਣ ਵਾਲੀ ਦੋ ਮੈਚਾਂ ਦੀ ਸੀਰੀਜ਼ ਵਿਚ ਉਨ੍ਹਾਂ ਦੇ ਫਿੱਟ ਹੋਣ ਦੀ ਉਮੀਦ ਹੈ। 35 ਸਾਲਾ ਸਾਹਾ ਦਾ ਮੰਗਲਵਾਰ ਨੂੰ ਮੁੰਬਈ ਵਿਚ ਆਪ੍ਰੇਸ਼ਨ ਹੋਇਆ। ਬੀਸੀਸੀਆਈ ਨੇ ਕਿਹਾ ਕਿ ਮੈਡੀਕਲ ਟੀਮ ਨੇ ਹੱਥ ਤੇ ਗੁੱਟ ਦੇ ਮਾਹਿਰ ਤੋਂ ਸਲਾਹ ਲਈ। ਉਨ੍ਹਾਂ ਨੂੰ ਆਪ੍ਰੇਸ਼ਨ ਲਈ ਕਿਹਾ ਗਿਆ। ਮੁੰਬਈ ਵਿਚ ਮੰਗਲਵਾਰ ਨੂੰ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਹੋਇਆ। ਹੁਣ ਉਹ ਜਲਦੀ ਹੀ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਰਿਹੈਬਿਲੀਟੇਸ਼ਨ ਕਰਵਾਉਣਗੇ। ਟੀਮ ਮੈਨੇਜਮੈਂਟ ਦੇ ਕਰੀਬੀ ਸੂਤਰ ਨੇ ਕਿਹਾ ਕਿ ਸਾਹਾ ਨਿਊਜ਼ੀਲੈਂਡ ਖ਼ਿਲਾਫ਼ 21 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਸੀਰੀਜ਼ ਤਕ ਫਿੱਟ ਹੋ ਜਾਣਗੇ। ਵੇਲਿੰਗਟਨ ਤੇ ਕ੍ਰਾਈਸਟਚਰਚ ਵਿਚ ਟੈਸਟ ਤੋਂ ਪਹਿਲਾਂ ਭਾਰਤ ਨੇ ਹੈਮਿਲਟਨ ਵਿਚ ਤਿੰਨ ਦਿਨਾ ਅਭਿਆਸ ਮੈਚ ਖੇਡਣਾ ਹੈ। ਇਸ ਤੋਂ ਬਾਅਦ ਪੰਜ ਟੀ-20 ਤੇ ਤਿੰਨ ਵਨ ਡੇ ਮੈਚ ਵੀ ਖੇਡੇ ਜਾਣਗੇ। ਸਾਹਾ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਅਕਤੂਬਰ ਵਿਚ ਟੈਸਟ ਸੀਰੀਜ਼ ਦੌਰਾਨ ਅਜਿਹੀ ਹੀ ਸੱਟ ਲੱਗੀ ਸੀ ਪਰ ਉਹ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਠੀਕ ਹੋ ਗਏ ਸਨ। ਆਈਪੀਐੱਲ 2018 ਦੌਰਾਨ ਉਨ੍ਹਾਂ ਦੇ ਮੋਢੇ 'ਚ ਸੱਟ ਲੱਗੀ ਸੀ ਜਿਸ ਦਾ ਉਨ੍ਹਾਂ ਨੇ ਇੰਗਲੈਂਡ ਵਿਚ ਆਪ੍ਰੇਸ਼ਨ ਕਰਵਾਇਆ ਸੀ। ਸਾਹਾ ਨੇ ਕਿਹਾ ਇਸ ਨਵੇਂ ਫਰੈਕਚਰ ਨੂੰ ਠੀਕ ਹੋਣ ਵਿਚ ਪੰਜ ਹਫ਼ਤੇ ਤੋਂ ਜ਼ਿਆਦਾ ਨਹੀਂ ਲੱਗਣਗੇ। ਮੈਂ ਘਰ 'ਤੇ ਕੁਝ ਸਮਾਂ ਆਰਾਮ ਤੋਂ ਬਾਅਦ ਰਿਹੈਬਿਲੀਟੇਸ਼ਨ ਲਈ ਜਾਵਾਂਗਾ।

ਲਾਲ ਗੇਂਦ ਨਾਲ ਹੀ ਹੋਣ ਜ਼ਿਆਦਾ ਮੈਚ

ਕੋਲਕਾਤਾ ਵਿਚ ਹੋਏ ਦਿਨ ਰਾਤ ਦੇ ਟੈਸਟ ਬਾਰੇ ਸਾਹਾ ਨੇ ਕਿਹਾ ਕਿ ਸਾਈਟਸਕ੍ਰੀਨ ਚਮਕਦਾਰ ਹੁੰਦੀ ਤਾਂ ਗੇਂਦ ਸਾਫ਼ ਦਿਖਾਈ ਦੇਣੀ ਸੀ। ਗੁਲਾਬੀ ਗੇਂਦ ਯਕੀਨੀ ਤੌਰ 'ਤੇ ਚੁਣੌਤੀਪੂਰਨ ਸੀ। ਮੈਨੂੰ ਲਗਦਾ ਹੈ ਕਿ ਜ਼ਿਆਦਾ ਮੈਚ ਲਾਲ ਗੇਂਦ ਨਾਲ ਹੀ ਹੋਣੇ ਚਾਹੀਦੇ ਹਨ। ਇਸ ਦੌਰਾਨ ਕੋਈ ਮੈਚ ਗੁਲਾਬੀ ਗੇਂਦ ਨਾਲ ਹੋ ਸਕਦਾ ਹੈ ਪਰ ਫ਼ੈਸਲਾ ਬੀਸੀਸੀਆਈ ਨੇ ਲੈਣਾ ਹੈ।