1987 ਵਿਸ਼ਵ ਕੱਪ

08 ਟੀਮਾਂ ਨੇ ਟੂਰਨਾਮੈਂਟ 'ਚ ਹਿੱਸਾ ਲਿਆ ਜਿਸ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਵੈਸਟਇੰਡੀਜ਼, ਸ੍ਰੀਲੰਕਾ, ਭਾਰਤ, ਪਾਕਿਸਤਾਨ, ਇੰਗਲੈਂਡ ਤੇ ਜ਼ਿੰਬਾਬਵੇ ਸ਼ਾਮਲ ਰਹੇ।

ਸਾਲ 1987 ਵਿਚ ਵਿਸ਼ਵ ਕੱਪ ਦਾ ਚੌਥਾ ਐਡੀਸ਼ਨ ਖੇਡਿਆ ਗਿਆ। ਪਹਿਲੀ ਵਾਰ ਇਹ ਟੂਰਨਾਮੈਂਟ ਭਾਰਤੀ ਉੱਪਮਹਾਦੀਪ 'ਚ ਆਇਆ ਤੇ ਭਾਰਤ ਨਾਲ ਪਾਕਿਸਤਾਨ ਨੇ ਇਸ ਦੀ ਸੰਯੁਕਤ ਮੇਜ਼ਬਾਨੀ ਕੀਤੀ। ਫਾਈਨਲ ਵਿਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ। ਇਸ ਵਿਸ਼ਵ ਕੱਪ ਵਿਚ ਪਿਛਲੀ ਵਾਰ ਦੀ ਜੇਤੂ ਭਾਰਤੀ ਟੀਮ ਸੈਮੀਫਾਈਨਲ ਤਕ ਹੀ ਪੁੱਜ ਸਕੀ ਤੇ ਉਹ ਲਗਾਤਾਰ ਦੂਜਾ ਖ਼ਿਤਾਬ ਜਿੱਤਣ ਤੋਂ ਦੂਰ ਹੋ ਗਈ। ਉਥੇ ਸਾਬਕਾ ਚੈਂਪੀਅਨ ਵੈਸਟਇੰਡੀਜ਼ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਹ ਗਰੁੱਪ ਪੱਧਰ ਤੋਂ ਹੀ ਬਾਹਰ ਹੋ ਗਿਆ। ਉਸ ਨੇ ਛੇ ਵਿਚੋਂ ਤਿੰਨ ਮੈਚ ਜਿੱਤੇ ਤੇ ਓਨੇ ਹੀ ਮੈਚ ਗੁਆ ਦਿੱਤੇ।

ਸਾਡਾ ਪ੍ਰਦਰਸ਼ਨ

ਗਰੁੱਪ ਪੱਧਰ ਵਿਚ ਭਾਰਤ ਨੇ ਆਪਣਾ ਪਹਿਲਾ ਮੈਚ ਆਸਟ੍ਰੇਲੀਆ ਖ਼ਿਲਾਫ਼ ਇਕ ਦੌੜ ਨਾਲ ਗੁਆਇਆ। ਆਸਟ੍ਰੇਲੀਆ ਨੇ ਜਿਆਫ ਮਾਰਸ਼ (110) ਦੇ ਸੈਂਕੜੇ ਦੀ ਬਦੌਲਤ 50 ਓਵਰਾਂ ਵਿਚ ਛੇ ਵਿਕਟਾਂ 'ਤੇ 270 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤੀ ਟੀਮ 49.5 ਓਵਰਾਂ ਵਿਚ 269 ਦੌੜਾਂ 'ਤੇ ਆਊਟ ਹੋ ਕੇ ਮੈਚ ਹਾਰ ਗਈ। ਦੂਜੇ ਮੈਚ ਵਿਚ ਭਾਰਤ ਨੇ ਨਵਜੋਤ ਸਿੰਘ ਸਿੱਧੂ (75) ਤੇ ਕਪਿਲ ਦੇਵ (72) ਦੀ ਮਦਦ ਨਾਲ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਨਿਊਜ਼ੀਲੈਂਡ 236/8 ਦਾ ਸਕੋਰ ਹੀ ਕਰ ਸਕੀ। ਤੀਜੇ ਮੈਚ ਵਿਚ ਜ਼ਿੰਬਾਬਵੇ ਨੂੰ 135 ਦੌੜਾਂ 'ਤੇ ਸਮੇਟਨ ਤੋਂ ਬਾਅਦ ਭਾਰਤ ਨੇ ਆਸਾਨੀ ਨਾਲ ਦੋ ਵਿਕਟਾਂ ਗੁਆ ਕੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਚੌਥੇ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ 289/6 ਦਾ ਸਕੋਰ ਖੜ੍ਹਾ ਕੀਤਾ। ਫਿਰ ਕੰਗਾਰੂ ਟੀਮ ਨੂੰ 233 ਦੌੜਾਂ 'ਤੇ ਰੋਕ ਕੇ ਮੈਚ 56 ਦੌੜਾਂ ਨਾਲ ਜਿੱਤਿਆ। ਪੰਜਵੇਂ ਮੈਚ ਵਿਚ ਭਾਰਤ ਨੇ ਜ਼ਿੰਬਾਬਵੇ ਵੱਲੋਂ ਮਿਲੇ 192 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕੀਤਾ। ਛੇਵੇਂ ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 222 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ਵਿਚ ਭਾਰਤੀ ਟੀਮ ਨੇ 32.1 ਓਵਰ ਵਿਚ ਇਕ ਵਿਕਟ 'ਤੇ 224 ਦਾ ਸਕੋਰ ਕਰ ਕੇ ਮੈਚ ਆਪਣੇ ਨਾਂ ਕੀਤਾ। ਇਸ ਮੈਚ ਵਿਚ ਹੈਟਿ੍ਕ ਲੈਣ ਵਾਲੇ ਚੇਤਨ ਸ਼ਰਮਾ ਤੇ ਸੈਂਕੜਾ ਲਾਉਣ ਵਾਲੇ ਸੁਨੀਲ ਗਾਵਸਕਰ ਨੂੰ ਸਾਂਝੇ ਤੌਰ'ਤੇ ਮੈਨ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ।

ਭਾਰਤ ਦਾ ਸਫ਼ਰ ਰੁਖਿਆ

ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ ਬਣਾਈਆਂ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ ਤੇ ਟੀਮ 45.3 ਓਵਰਾਂ ਵਿਚ 219 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਨੇ ਮੈਚ ਨੂੰ 35 ਦੌੜਾਂ ਨਾਲ ਆਪਣੇ ਨਾਂ ਕੀਤਾ। ਗ੍ਰਾਹਮ ਗੂਚ ਨੂੰ ਉਨ੍ਹਾਂ ਦੀ 115 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਲਈ 'ਮੈਨ ਆਫ ਦ ਮੈਚ' ਨਾਲ ਨਵਾਜਿਆ ਗਿਆ। ਪਹਿਲੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 267 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 49.2 ਓਵਰਾਂ ਵਿਚ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 249 ਦੌੜਾਂ ਹੀ ਬਣਾ ਸਕੀ ਤੇ ਆਸਟ੍ਰੇਲੀਆ ਨੇ ਇਹ ਮੈਚ 18 ਦੌੜਾਂ ਨਾਲ ਜਿੱਤਿਆ। ਆਸਟ੍ਰੇਲੀਆ ਦੇ ਕ੍ਰੇਗ ਮੈਕਡਰਮਾਟ (ਪੰਜ ਵਿਕਟਾਂ) ਨੂੰ 'ਮੈਨ ਆਫ ਦ ਮੈਚ' ਦਾ ਪੁਰਸਕਾਰ ਦਿੱਤਾ ਗਿਆ।

ਆਸਟ੍ਰੇਲੀਆ ਬਣਿਆ ਚੈਂਪੀਅਨ

ਕੋਲਕਾਤਾ ਦੇ ਈਡਨ ਗਾਰਡਨ ਵਿਚ ਆਸਟ੍ਰੇਲੀਆ ਨੇ 50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 253 ਦੌੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੀ ਟੀਮ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਹੀ ਬਣਾ ਸਕੀ ਤੇ ਆਸਟ੍ਰੇਲੀਆ ਨੇ ਸੱਤ ਦੌੜਾਂ ਨਾਲ ਜਿੱਤਦੇ ਹੋਏ ਪਹਿਲੀ ਵਾਰ ਵਿਸ਼ਵ ਕੱਪ ਦੀ ਟਰਾਫੀ ਹਾਸਲ ਕੀਤੀ। ਆਸਟ੍ਰੇਲੀਆ ਦੇ ਡੇਵਿਡ ਬੂਨ ਨੂੰ ਉਨ੍ਹਾਂ ਦੀ 75 ਦੌੜਾਂ ਦੀ ਬਿਹਤਰੀਨ ਪਾਰੀ ਲਈ 'ਮੈਨ ਆਫ ਦ ਮੈਚ' ਪੁਰਸਕਾਰ ਨਾਲ ਨਵਾਜਿਆ ਗਿਆ।

ਇਸ ਵਿਸ਼ਵ ਕੱਪ 'ਚ ਖ਼ਾਸ

-ਭਾਰਤੀ ਉੱਪ ਮਹਾਦੀਪ ਵਿਚਦਿਨ ਛੋਟਾ ਹੋਣ ਕਾਰਨ ਇਕ ਪਾਰੀ ਵਿਚ ਸੁੱਟੇ ਜਾਣ ਵਾਲੇ ਤੈਅ ਓਵਰ 60 ਦੀ ਥਾਂ 50 ਕਰ ਦਿੱਤੇ ਗਏ।

-ਭਾਰਤ ਵੱਲੋਂ ਵਨ ਡੇ ਵਿਚ ਹੈਟਿ੍ਕ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ ਚੇਤਨ ਸ਼ਰਮਾ।

-88 ਗੇਂਦਾਂ 'ਤੇ ਅਜੇਤੂ 103 ਦੌੜਾਂ ਬਣਾ ਕੇ ਸੁਨੀਲ ਗਾਵਸਕਰ ਨੇ ਵਨ ਡੇ ਕਰੀਅਰ ਵਿਚ ਆਪਣਾ ਪਹਿਲਾ ਸੈਂਕੜਾ ਲਾਇਆ।