ਸਿਡਨੀ : ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਝੇਈ ਰਿਚਰਡਸਨ ਮੋਢੇ ਦੀ ਸੱਟ ਠੀਕ ਨਾ ਹੋਣ ਕਾਰਨ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਹਨ ਤੇ ਬੁੱਧਵਾਰ ਨੂੰ ਟੀਮ ਵਿਚ ਉਨ੍ਹਾਂ ਦੀ ਥਾਂ ਕੇਨ ਰਿਚਰਡਸਨ ਨੂੰ ਸ਼ਾਮਲ ਕੀਤਾ ਗਿਆ। ਇਹ ਸੱਟ ਉਨ੍ਹਾਂ ਨੂੰ ਮਾਰਚ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਪਾਕਿਸਤਾਨ ਖ਼ਿਲਾਫ਼ ਆਸਟ੍ਰੇਲੀਆ ਦੀ ਸੀਰੀਜ਼ ਦੌਰਾਨ ਲੱਗੀ ਸੀ।

ਪਾਕਿਸਤਾਨੀ ਟੀਮ ਨਾਲ ਜੁੜਨਗੇ ਸ਼ੋਇਬ ਮਲਿਕ

ਕਰਾਚੀ : ਪਾਕਿਸਤਾਨ ਦੇ ਸੀਨੀਅਰ ਬੱਲੇਬਾਜ਼ ਸ਼ੋਇਬ ਮਲਿਕ ਨਿੱਜੀ ਕਾਰਨਾਂ ਕਾਰਨ 10 ਦਿਨ ਦੀ ਛੁੱਟੀ ਤੋਂ ਬਾਅਦ ਵੀਰਵਾਰ ਨੂੰ ਇੰਗਲੈਂਡ ਵਿਚ ਰਾਸ਼ਟਰੀ ਟੀਮ ਨਾਲ ਜੁੜਨਗੇ। ਪੀਸੀਬੀ ਨੇ ਕਿਹਾ ਸ਼ੋਇਬ ਇੰਗਲੈਂਡ ਖ਼ਿਲਾਫ਼ 11 ਮਈ ਨੂੰ ਦੂਜੇ ਵਨ ਡੇ ਲਈ ਉਪਲੱਬਧ ਰਹਿਣਗੇ। 37 ਸਾਲਾ ਸ਼ੋਇਬ ਪਾਕਿ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ।

ਪੀਟਰਸਨ ਦੀ ਭੂਮਿਕਾ ਨਿਭਾਅ ਸਕਦੈ ਆਰਚਰ : ਫਲਿੰਟਾਫ

ਲੰਡਨ : ਇੰਗਲੈਂਡ ਦੇ ਸਾਬਕਾ ਹਰਫ਼ਨਮੌਲਾ ਐਂਡਰਿਊ ਫਲਿੰਟਾਫ ਦਾ ਕਹਿਣਾ ਹੈ ਕਿ ਜੋਫਰਾ ਆਰਚਰ ਨੂੰ ਕਿਸੇ ਵੀ ਕੀਮਤ 'ਤੇ ਵਿਸ਼ਵ ਕੱਪ ਲਈ 15 ਮੈਂਬਰੀ ਇੰਗਲੈਂਡ ਟੀਮ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਫਲਿੰਟਾਫ ਨੇ ਕਿਹਾ ਕਿ ਉਹ ਬਿਹਤਰੀਨ ਖਿਡਾਰੀ ਹਨ। ਉਨ੍ਹਾਂ ਕੋਲ ਪੀਟਰਸਨ ਵਾਂਗ ਹੈਰਾਨ ਕਰਨ ਵਾਲੀ ਯੋਗਤਾ ਹੈ।

ਵਿਸ਼ਵ ਕੱਪ ਜਿੱਤਣਾ ਸੁਪਨਾ : ਬੇਰਸਟੋ

ਲੰਡਨ : ਇੰਗਲੈਂਡ ਦੇ ਜਾਨੀ ਬੇਰਸਟੋ ਆਪਣੇ ਕ੍ਰਿਕਟ ਕਰੀਅਰ ਵਿਚ ਰੁੱਝੇ ਹੋਏ ਸੈਸ਼ਨ ਲਈ ਉਤਸ਼ਾਹਤ ਹਨ। ਇਸ ਦੀ ਸ਼ੁਰੂਆਤ ਵਿਸ਼ਵ ਕੱਪ ਤੋਂ ਹੋਵੇਗੀ। ਬੇਰਸਟੋ ਨੇ ਕਿਹਾ ਕਿ ਮੈਂ ਜੋ ਸੈਸ਼ਨ ਦੇਖੇ ਹਨ। ਇਹ ਕਾਫੀ ਰੁੱਝਿਆ ਹੋਇਆ ਸੈਸ਼ਨ ਹੋਵੇਗਾ। ਪਹਿਲਾਂ ਵਿਸ਼ਵ ਕੱਪ ਤੇ ਫਿਰ ਐਸ਼ੇਜ਼ ਸੀਰੀਜ਼। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਦੋਵੇਂ ਟੂਰਨਾਮੈਂਟ ਜਿੱਤਣਾ ਚਾਹਾਂਗੇ।

ਹਾਰਦਿਕ ਮੁੱਖ ਭੂਮਿਕਾ ਨਿਭਾਉਣਗੇ : ਯੁਵਰਾਜ

ਮੁੰਬਈ : ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਹਾਰਦਿਕ ਪਾਂਡਿਆ ਵਿਸ਼ਵ ਕੱਪ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਤੇ ਭਾਰਤ ਦਾ ਇਹ ਖਿਡਾਰੀ ਸ਼ਾਨਦਾਰ ਲੈਅ 'ਚ ਹੈ। ਯੁਵਰਾਜ ਨੇ ਕਿਹਾ ਕਿ ਯਕੀਨੀ ਤੌਰ 'ਤੇ ਹਾਰਦਿਕ ਬਿਹਤਰੀਨ ਗੇਂਦਬਾਜ਼ੀ ਤੇ ਬੱਲੇਬਾਜ਼ੀ ਕਰ ਰਹੇ ਹਨ ਤੇ ਮੈਂ ਉਮੀਦ ਕਰਦਾਂ ਹਾਂ ਕਿ ਉਹ ਵਿਸ਼ਵ ਕੱਪ 'ਚ ਇਹ ਲੈਅ ਬਣਾਈ ਰੱਖਣਗੇ।

ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣਗੇ ਹਸਨ

ਨਵੀਂ ਦਿੱਲੀ : ਅਫ਼ਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਹਾਮਿਦ ਹਸਨ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਹਸਨ ਨੂੰ ਵਿਸ਼ਵ ਕੱਪ ਲਈ ਚੁਣਿਆ ਗਿਆ ਹੈ। ਹਸਨ ਨੇ ਕਿਹਾ ਕਿ ਜਦ ਕੋਈ ਖਿਡਾਰੀ ਇੰਨੀ ਸੱਟ ਤੇ ਉਸ ਤੋਂ ਬਾਅਦ ਵਾਪਸੀ ਦੀ ਪ੍ਰਕਿਰਿਆ 'ਚੋਂ ਗੁਜ਼ਰਦਾ ਹੈ ਤਾਂ ਫਿਰ ਜ਼ਖ਼ਮੀ ਹੋਣ ਦੀ ਸੰਭਾਵਨਾ ਹੁੰਦੀ ਹੈ। ਹਰ ਖਿਡਾਰੀ ਨੂੰ ਸੰਨਿਆਸ ਲੈਣਾ ਪੈਂਦਾ ਹੈ। ਮੈਨੂੰ ਲਗਦਾ ਹੈ ਇਹ ਮੇਰੇ ਲਈ ਸਹੀ ਸਮਾਂ ਹੈ।