ਸਾਊਥੈਂਪਟਨ (ਪੀਟੀਆਈ) : ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਭਾਰਤ ਖ਼ਿਲਾਫ਼ 18 ਜੂਨ ਤੋਂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਸੱਟ ਨਾਲ ਪਰੇਸ਼ਾਨ ਕੇਨ ਵਿਲੀਅਮਸਨ ਕਰ ਕਰਨਗੇ। ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਦੂਜਾ ਟੈਸਟ ਨਹੀਂ ਖੇਡ ਸਕੇ ਸਨ। ਟਾਮ ਲਾਥਮ ਨੇ ਉਨ੍ਹਾਂ ਦੀ ਥਾਂ ਕਪਤਾਨੀ ਕੀਤੀ ਸੀ ਤੇ ਨਿਊਜ਼ੀਲੈਂਡ ਨੇ ਦੂਜਾ ਟੈਸਟ ਅੱਠ ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ ਸੀ। ਸੱਟ ਕਾਰਨ ਦੂਜੇ ਟੈਸਟ 'ਚੋਂ ਬਾਹਰ ਰਹੇ ਬੀਜੇ ਵਾਟਲਿੰਗ ਵੀ ਟੀਮ ਵਿਚ ਹਨ। ਸਟੀਡ ਨੇ ਡਬਲਟਯੂਟੀਸੀ ਫਾਈਨਲ ਲਈ ਟੀਮ ਦੇ ਇੱਥੇ ਪੁੱਜਣ ਤੋਂ ਬਾਅਦ ਪ੍ਰਰੈੱਸ ਕਾਨਫਰੰਸ ਵਿਚ ਕਿਹਾ ਕਿ ਕੇਨ ਤੇ ਬੀਜੇ ਨੂੰ ਇਕ ਹਫ਼ਤੇ ਦੇ ਆਰਾਮ ਨਾਲ ਫ਼ਾਇਦਾ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਫਾਈਨਲ ਲਈ ਉਹ ਫਿੱਟ ਤੇ ਉਪਲੱਬਧ ਹੋਣਗੇ। ਡਬਲਯੂਟੀਸੀ ਫਾਈਨਲ ਖੇਡਣਾ ਖ਼ਾਸ ਮੌਕਾ ਹੈ ਤੇ ਮੈਨੂੰ ਪਤਾ ਹੈ ਕਿ ਇਹ ਖੇਡਣ ਨੂੰ ਬੇਤਾਬ ਹੋਣਗੇ। ਸਟੀਡ ਨੇ ਕਿਹਾ ਕਿ ਇੰਗਲੈਂਡ ਖ਼ਿਲਾਫ਼ ਮਿਲੀ ਜਿੱਤ ਦੇ ਬਾਵਜੂਦ ਭਾਰਤ ਦਾ ਸਾਹਮਣਾ ਕਰਨਾ ਔਖਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਵਿਸ਼ਵ ਪੱਧਰੀ ਹੈ ਤੇ ਉਸ ਕੋਲ ਕਈ ਮੈਚ ਜੇਤੂ ਖਿਡਾਰੀ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਹਰਾਉਣਾ ਕਾਫੀ ਅੌਖਾ ਹੋਵੇਗਾ। ਨਿਊਜ਼ੀਲੈਂਡ ਨੇ 32 ਸਾਲ ਦੇ ਏਜਾਜ਼ ਪਟੇਲ ਦੇ ਰੂਪ ਵਿਚ ਇਕ ਸਪਿੰਨਰ ਨੂੰ ਵੀ ਟੀਮ ਵਿਚ ਥਾਂ ਦਿੱਤੀ ਹੈ ਜਿਨ੍ਹਾਂ ਦੇ ਨਾਲ ਹਰਫ਼ਨਮੌਲਾ ਕੋਲਿਨ ਡੀ ਗਰੈਂਡਹੋਮ ਹੋਣਗੇ। ਨਿਊਜ਼ੀਲੈਂਡ ਨੇ 20 ਮੈਂਬਰੀ ਟੀਮ ਵਿਚੋਂ ਪੰਜ ਮੈਂਬਰਾਂ ਡਗ ਬ੍ਰੇਸਵੇਲ, ਜੈਕਬ ਡਫੀ, ਡੇਰਿਲ ਮਿਸ਼ੇਲ, ਰਚਿਨ ਰਵਿੰਦਰ ਤੇ ਮਿਸ਼ੇਲ ਸੈਂਟਨਰ ਨੂੰ ਬਾਹਰ ਰੱਖਿਆ ਹੈ। ਕੋਚ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਬਾਹਰ ਰੱਖਣ ਦਾ ਫ਼ੈਸਲਾ ਸੌਖਾ ਨਹੀਂ ਸੀ ਪਰ ਇਨ੍ਹਾਂ ਦਾ ਵਤੀਰਾ ਸ਼ਾਨਦਾਰ ਸੀ ਤੇ ਟੀਮ ਦੀ ਮਦਦ ਲਈ ਉਹ ਤਿਆਰ ਹਨ। ਹੈਨਰਿਕ ਤੇ ਦੂਜੇ ਫੀਜ਼ੀਓ ਵਿਜੇ ਵੱਲਭ 16 ਜੂਨ ਨੂੰ ਜੈਕਬ, ਰਚਿਨ ਤੇ ਮਿਸ਼ੇਲ ਨਾਲ ਵਾਪਸ ਦੇਸ਼ ਮੁੜ ਜਾਣਗੇ।

ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਨਿਊਜ਼ੀਲੈਂਡ ਦੀ ਟੀਮ

ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੋਲਿਨ ਡੀ ਗਰੈਂਡਹੋਮ, ਮੈਟ ਹੈਨਰੀ, ਕਾਇਲ ਜੇਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਏਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੈਗਨਰ, ਬੀਜੇ ਵਾਟਲਿੰਗ, ਵਿਲ ਯੰਗ।

ਕੋਟ

'ਮੈਨੂੰ ਨਹੀਂ ਲਗਦਾ ਕਿ ਇੰਗਲੈਂਡ ਖ਼ਿਲਾਫ਼ ਮਿਲੀ ਜਿੱਤ ਬਹੁਤ ਮਾਅਨੇ ਰੱਖਦੀ ਹੈ। ਚੰਗੀ ਤਿਆਰੀ ਹਰ ਕਿਸੇ ਲਈ ਚੰਗੀ ਹੁੰਦੀ ਹੈ। ਮੈਨੂੰ ਇਸ ਹਫ਼ਤੇ ਖੇਡਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਮੀਦ ਹੈ ਕਿ ਅਸੀਂ ਲੈਅ ਕਾਇਮ ਰੱਖ ਸਕਾਂਗੇ।

-ਟ੍ਰੇਂਟ ਬੋਲਟ, ਤੇਜ਼ ਗੇਂਦਬਾਜ਼, ਨਿਊਜ਼ੀਲੈਂਡ।

------------------------

'ਜਦ ਮੈਂ ਭਾਰਤ-ਏ ਤੇ ਅੰਡਰ-19 ਟੀਮਾਂ ਨਾਲ ਇੰਗਲੈਂਡ ਦਾ ਦੌਰਾ ਕੀਤਾ ਸੀ ਤਾਂ ਹਰ ਕਿਸੇ ਨੇ ਮੈਨੂੰ ਕਿਹਾ ਕਿ ਦੌੜਾਂ ਬਣਾਉਣ ਲਈ ਇੰਨੀਆਂ ਗੇਂਦਾਂ ਖੇਡਣੀਆਂ ਪੈਣਗੀਆਂ ਪਰ ਮੇਰਾ ਮੰਨਣਾ ਹੈ ਕਿ ਦੌੜਾਂ ਬਣਾਉਣ ਦਾ ਜਜ਼ਬਾ ਹਮੇਸ਼ਾ ਰਹਿਣਾ ਚਾਹੀਦਾ ਹੈ ਤੇ ਤੁਹਾਨੂੰ ਵਿਕਟ ਬਚਾਉਣ ਦੇ ਤਰੀਕੇ ਵੀ ਲੱਭਣੇ ਚਾਹੀਦੇ ਹਨ। ਜਦ ਤੁਸੀਂ ਦੌੜਾਂ ਬਣਾਉਣ ਲਈ ਖੇਡਦੇ ਹੋ ਤਾਂ ਗੇਂਦਬਾਜ਼ ਦਬਾਅ ਵਿਚ ਆ ਜਾਂਦਾ ਹੈ ਪਰ ਇੰਗਲੈਂਡ ਵਿਚ ਵਿਕਟਾਂ ਬਚਾਉਣ ਲਈ ਚੰਗੀਆਂ ਗੇਂਦਾਂ ਨੂੰ ਛੱਡਣਾ ਪਵੇਗਾ।

-ਸ਼ੁਭਮਨ ਗਿੱਲ, ਭਾਰਤੀ ਸਲਾਮੀ ਬੱਲੇਬਾਜ਼