ਲੰਬੀ ਉਡੀਕ ਤੋਂ ਬਾਅਦ ਆਈਪੀਐੱਲ ਗਵਰਨਿੰਗ ਕੌਂਸਲ ਨੇ 6 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ ਵਿਖੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 13ਵੇ ਸੀਜ਼ਨ ਦੇ ਮੈਚਾਂ ਦੀ ਸਮਾਂ ਸਾਰਨੀ ਜਾਰੀ ਕੀਤੀ। ਇਸ ਸੀਜ਼ਨ ਦਾ ਅਗਾਜ਼ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਉਪ ਜੇਤੂ ਰਹੀ ਚੇਨਈ ਸੁਪਰ ਕਿੰਗਜ਼ ਵਿਚਕਾਰ ਟਕਰਾਅ ਨਾਲ ਹੋਵੇਗਾ। ਅਜੇ ਲੀਗ ਮੈਚਾਂ ਦਾ ਐਲਾਨ ਹੋਇਆ ਹੈ, ਪਲੇਅ-ਆਫ ਤੇ ਫਾਈਨਲ ਮੈਚ ਦੀਆਂ ਤਰੀਕਾਂ ਦਾ ਐਲਾਨ ਬਾਅਦ 'ਚ ਹੋਵੇਗਾ। ਪਹਿਲਾਂ ਇਸ ਲੀਗ ਦੀ ਸ਼ੁਰੂਆਤ 29 ਮਾਰਚ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਹੋਣੀ ਸੀ ਪ੍ਰੰਤੂ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ 15 ਅਪ੍ਰੈਲ ਤਕ ਅੱਗੇ ਪਾ ਦਿੱਤਾ ਗਿਆ, ਫਿਰ ਲਾਕਡਾਊਨ ਕਾਰਨ ਲੀਗ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ ਹੋਣ ਜਾ ਰਿਹਾ ਹੈ।

ਜਿੱਤ ਦੇ ਕਿਆਫ਼ੇ

ਆਈਪੀਐੱਲ ਦੇ ਐਲਾਨ ਦੇ ਨਾਲ ਹੀ ਕਿਆਫ਼ੇ ਲਗਾਏ ਜਾਣ ਲੱਗੇ ਹਨ ਕਿ ਇਸ ਵਾਰ ਕਿਹੜੀ ਟੀਮ ਇਸ ਵਕਾਰੀ ਲੀਗ ਨੂੰ ਆਪਣੇ ਨਾਂ ਕਰੇਗੀ? ਹਰ ਟੀਮ ਦੇ ਖਿਡਾਰੀ ਤੇ ਪ੍ਰਬੰਧਕ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਕੋਈ ਟੀਮ ਨਵੇਂ ਖਿਡਾਰੀਆ ਦੇ ਸਿਰ 'ਤੇ ਅਤੇ ਕੋਈ ਪੁਰਾਣੇ ਖਿਡਾਰੀਆਂ ਦੇ ਬਲਬੂਤੇ ਇਸ ਦਾਅਵੇ ਨੂੰ ਸੱਚਾਈ 'ਚ ਬਦਲਣ ਲਈ ਤਰਕ ਪੇਸ਼ ਕਰ ਰਹੀਆ ਹਨ। ਜੇ ਕਿੰਗਜ਼ ਇਲੈਵਨ ਪੰਜਾਬ ਦੀ ਗੱਲ ਕਰੀਏ ਕਿ ਇਸ ਦੀਆਂ ਇਸ ਸੀਜ਼ਨ 'ਚ ਚੈਂਪੀਅਨ ਬਣਨ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਹਨ ਜਾਂ ਉਹ ਕਿਹੜੇ-ਕਿਹੜੇ ਖਿਡਾਰੀ, ਪ੍ਰਸਥਿਤੀਆਂ ਜਾ ਕਾਰਨ ਹਨ, ਜੋ ਪੰਜਾਬ ਦੀ ਟੀਮ ਦੇ ਹੱਕ ਜਾਂ ਵਿਰੋਧ 'ਚ ਜਾ ਸਕਦੇ ਹਨ? ਪਾਠਕਾਂ ਨੂੰ ਜੇ ਯਾਦ ਹੋਵੇ ਕਿ 2014 'ਚ ਪੰਜਾਬ ਦੀ ਟੀਮ ਟੂਰਨਾਮੈਂਟ ਦੇ ਫਾਈਨਲ ਵਿਚ ਸਥਾਨ ਬਣਾਉਣ 'ਚ ਕਾਮਯਾਬ ਰਹੀ ਸੀ ਪ੍ਰੰਤੂ ਆਖ਼ਰੀ ਅੜਚਣ ਪਾਰ ਨਾ ਕਰ ਸਕੀ ਤੇ ਕਲਕੱਤਾ ਹੱਥੋਂ ਹਾਰ ਕੇ ਪੰਜਾਬ ਉਪ-ਜੇਤੂ ਹੀ ਬਣ ਸਕਿਆ ਸੀ। ਟੀਮ ਨੇ ਲੀਗ ਮੈਚਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਟੂਰਨਾਮੈਂਟ ਦੇ ਸ਼ੁਰੂਆਤੀ ਲੀਗ ਮੈਚ ਯੂਏਈ 'ਚ ਹੋਏ ਸਨ ਤੇ ਪੰਜਾਬ ਦੀ ਟੀਮ ਦੇ ਮੈਂਬਰ ਗਲੈਨ ਮੈਕਸਵੈੱਲ ਦਾ ਪ੍ਰਦਰਸ਼ਨ ਬਹੁਤ ਕਮਾਲ ਦਾ ਸੀ। ਮੈਕਸਵੈੱਲ ਨੇ ਧੂੰਆਂਧਾਰ 187.75 ਦੇ ਸਟ੍ਰਾਈਕ ਰੇਟ ਨਾਲ 552 ਦੌੜਾਂ ਬਣਾਈਆਂ ਸਨ।

ਪੰਜਾਬ ਤੇ ਦਿੱਲੀ ਵਿਚਾਲੇ ਮੈਚ

ਪੰਜਾਬ ਦੀ ਟੀਮ ਆਈਪੀਐੱਲ ਵਿਚ ਹੁਣ ਤਕ ਖ਼ਾਸ ਕ੍ਰਿਸ਼ਮਾ ਨਹੀਂ ਕਰ ਸਕੀ। 2014 ਵਿਚ ਪੰਜਾਬ ਦੀ ਟੀਮ ਫਾਈਨਲ ਤਕ ਪੁੱਜੀ ਪ੍ਰੰਤੂ ਆਖ਼ਰੀ ਅੜਚਨ ਨੂੰ ਪਾਰ ਨਾ ਕਰ ਸਕੀ ਤੇ ਕਲਕੱਤੇ ਤੋਂ ਹਾਰ ਕੇ ਚੈਂਪੀਅਨ ਬਣਨ ਤੋਂ ਖੁੰਝ ਗਈ। ਪੰਜਾਬ ਦੀ ਟੀਮ ਦੀ ਵੱਡੀ ਕਮੀ ਇਹ ਰਹੀ ਹੈ ਕਿ ਇਸ ਟੀਮ ਨੂੰ ਕੋਈ ਸਥਿਰ ਕਪਤਾਨ ਨਸੀਬ ਨਹੀਂ ਹੋਇਆ। ਹਰ ਦੂਜੇ, ਤੀਜੇ ਸੀਜ਼ਨ ਵਿਚ ਕਪਤਾਨ ਬਦਲ ਦਿੱਤਾ ਜਾਂਦਾ ਰਿਹਾ ਹੈ। ਇਸ ਸੀਜ਼ਨ ਦੌਰਾਨ ਪੰਜਾਬ ਦੀ ਟੀਮ 20 ਸਤੰਬਰ ਨੂੰ ਯੂਏਈ ਵਿਖੇ ਦਿੱਲੀ ਕੈਪੀਟਲ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ।

ਕ੍ਰਿਸ ਗੇਲ

ਟੀ-20 ਦਾ ਚੋਟੀ ਦਾ ਖਿਡਾਰੀ ਕ੍ਰਿਸ ਗੇਲ ਵਿਸ਼ਵ ਦੀ ਹਰ ਟੀ-20 ਲੀਗ ਖੇਡ ਰਿਹਾ ਹੈ। ਉਸ ਦਾ ਪ੍ਰਦਰਸ਼ਨ ਲਾਜਵਾਬ ਹੈ, ਲੇਕਿਨ ਉਸ ਦੀ ਫਿਟਨੈੱਸ 'ਤੇ ਹਮੇਸ਼ਾ ਸਵਾਲੀਆ ਚਿੰਨ੍ਹ ਰਿਹਾ ਹੈ ਕਿ ਉਹ ਸਾਰੇ ਮੈਚ ਖੇਡ ਸਕੇਗਾ? ਜੇ ਉਹ ਟੀਮ ਨੂੰ ਚੰਗੀ ਸ਼ੁਰੂਆਤ ਦੇਣ 'ਚ ਕਾਮਯਾਬ ਰਿਹਾ ਤਾਂ ਟੀਮ ਦਾ ਮਨੋਬਲ ਵਧੇਗਾ ਤੇ ਟੀਮ ਆਖ਼ਰੀ ਚਾਰ ਵਿਚ ਜਗ੍ਹਾ ਬਣਾਉਣ 'ਚ ਜ਼ਰੂਰ ਕਾਮਯਾਬ ਹੋਵੇਗੀ ਕਿਉਂਕਿ ਜਿਸ ਦਿਨ ਗੇਲ ਦਾ ਬੱਲਾ ਚੱਲਦਾ ਹੈ, ਉਸ ਦਿਨ ਖੇਡ ਦਾ ਮੈਦਾਨ ਵੀ ਛੋਟਾ ਪ੍ਰਤੀਤ ਹੋਣ ਲਗਦਾ ਹੈ।

ਗਲੈਨ ਮੈਕਸਵੈੱਲ

ਕਿਸੇ ਮੈਚ ਦਾ ਆਪਣੇ ਦਮ ਤੇ ਰੁਖ਼ ਬਦਲਣ ਵਾਲੇ ਸਟਾਰ ਖਿਡਾਰੀ ਗਲੈਨ ਮੈਕਸਵੈਲ ਦੀ ਪੰਜਾਬ ਦੀ ਟੀਮ 'ਚ ਮੁੜ ਵਾਪਸੀ ਹੋਈ ਹੈ। ਮੌਜੂਦਾ ਸਮੇਂ ਉਹ ਚੰਗੀ ਲੈਅ 'ਚ ਹੈ ਤੇ ਆਸਟ੍ਰੇਲੀਅਨ ਲੀਗ ਬਿਗ-ਬੇਸ਼ 'ਚ ਆਪਣੀ ਟੀਮ ਮੈਲਬੋਰਨ ਸਟਾਰ ਦੀ ਕਪਤਾਨੀ ਕਰਦੇ ਹੋਏ ਉਸ ਨੂੰ ਫਾਈਨਲ ਤਕ ਲੈ ਕੇ ਗਿਆ। ਜੇ ਉਸ ਦਾ ਮੌਜੂਦਾ ਫਾਰਮ ਜਾਰੀ ਰਹੀ ਤੇ ਉਸ ਦਾ ਬੱਲਾ 2014 ਦੇ ਸੀਜ਼ਨ ਵਾਂਗ ਚੱਲਿਆ ਤਾਂ ਵਿਰੋਧੀ ਟੀਮਾਂ ਦੀ ਖ਼ੈਰ ਨਹੀ।

ਕੋਚ ਅਨਿਲ ਕੁੰਬਲੇ

ਇਸ ਵਾਰ ਕੋਚ ਦੀ ਭੂਮਿਕਾ ਭਾਰਤੀ ਸਾਬਕਾ ਕਪਤਾਨ ਤੇ ਕੋਚ ਅਨਿਲ ਕੁੰਬਲੇ ਹੋਵੇਗਾ। ਵੇਖਣਾ ਇਹ ਹੈ ਕਿ ਉਹ ਆਪਣੇ ਤਜਰਬੇ ਤੇ ਦੂਰ-ਅੰਦੇਸ਼ੀ ਨਾਲ ਇਸ ਟੀਮ ਦਾ ਬੇੜਾ ਪਾਰ ਲਗਾ ਪਾਉਣਗੇ ਕਿ ਨਹੀਂ? ਉਨ੍ਹਾ ਦਾ ਕੇਐੱਲ ਰਾਹੁਲ ਨਾਲ ਤਾਲਮੇਲ ਕਿਸ ਤਰ੍ਹਾਂ ਬੈਠੇਗਾ, ਇਸ ਦਾ ਵੀ ਟੀਮ ਦੇ ਪ੍ਰਦਰਸ਼ਨ 'ਤੇ ਵਿਆਪਕ ਅਸਰ ਪਵੇਗਾ।

ਬੱਲੇਬਾਜ਼ੀ

ਟੀਮ ਦੀ ਬੱਲੇਬਾਜ਼ੀ ਕਪਤਾਨ ਕੇਐੱਲ ਰਾਹੁਲ, ਕ੍ਰਿਸ ਗੇਲ, ਗਲੈਨ ਮੈਕਸਵੈੱਲ, ਮਯੰਕ ਅੱਗਰਵਾਲ, ਨਿਕੋਲਸ ਪੂਰਨ ਤੇ ਕਰੁਨ ਨਾਇਰ 'ਤੇ ਨਿਰਭਰ ਪ੍ਰਤੀਤ ਹੁੰਦੀ ਹੈ। ਰਾਹੁਲ ਤੇ ਗੇਲ ਨੂੰ ਟੂਰਨਾਮੈਂਟ ਦੀ ਸਭ ਤੋਂ ਖ਼ਤਰਨਾਕ ਜੋੜੀ ਮੰਨਿਆ ਜਾ ਰਿਹਾ ਹੈ। ਜੇ ਇਹ ਦੋਵੇਂ ਟੀਮ ਨੂੰ ਤੇਜ਼ ਤੇ ਲੰਬੀ ਸਾਂਝੇਦਾਰੀ ਦੇਣ 'ਚ ਕਾਮਯਾਬ ਰਹੇ ਤਾਂ ਟੀਮ ਨੂੰ ਰੋਕਣਾ ਕਿਸੇ ਵੀ ਵਿਰੋਧੀ ਟੀਮ ਲਈ ਆਸਾਨ ਨਹੀ ਹੋਵੇਗਾ। ਆਲ ਰਾਊਂਡਰ ਖਿਡਾਰੀਆ ਵਿਚ ਕੀਵੀ ਖਿਡਾਰੀ ਜਿੰਮੀ ਨੀਸ਼ਮ, ਕ੍ਰਿਸ਼ਨਅੱਪਾ ਗੋਥਮ, ਦੀਪਕ ਹੁੱਡਾ 'ਤੇ ਵੀ ਨਜ਼ਰ ਰਹੇਗੀ ਕਿ ਉਹ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ। ਮਨਦੀਪ ਸਿੰਘ ਨੂੰ ਫਿਨਿਸ਼ਰ ਦੀ ਭੂਮਿਕਾ ਦਿੱਤੀ ਜਾ ਸਕਦੀ ਹੈ ਲੇਕਿਨ ਵੇਖਣਾ ਹੋਵੇਗਾ ਕਿ ਉਹ ਆਪਣੀਆਂ ਪਿਛਲੀਆਂ ਗ਼ਲਤੀਆਂ 'ਚ ਇਸ ਵਾਰ ਕਿੰਨਾ ਕੁ ਸੁਧਾਰ ਕਰ ਕੇ ਮੈਦਾਨ 'ਚ ਉਤਰਦਾ ਹੈ। ਸਰਫ਼ਰਾਜ਼ ਖ਼ਾਨ ਦਾ ਪ੍ਰਦਰਸ਼ਨ ਵੀ ਰਣਜੀ ਟਰਾਫ਼ੀ 'ਚ ਵਧੀਆ ਰਿਹਾ ਹੈ।

ਗੇਂਦਬਾਜ਼ੀ

ਗੇਂਦਬਾਜ਼ੀ 'ਚ ਭਾਰਤੀ ਟੀਮ ਦੇ ਮੈਂਬਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਫਿਰਕੀ ਗੇਂਦਬਾਜ਼ ਮੁਜ਼ੀਬ-ਉਰ-ਰਹਿਮਾਨ, ਵੈਸਟ ਇੰਡੀਜ਼ ਦੀ ਸਨਸਨੀ ਸ਼ੈੱਲਡਰਨ ਕੋਟਰਲ ਤੇ ਇੰਗਲਿਸ਼ ਗੇਂਦਬਾਜ਼ ਕ੍ਰਿਸ ਜਾਰਡਨ 'ਤੇ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ ਕਿ ਉਹ ਆਪਣੀ ਦਮਦਾਰ ਖੇਡ ਸਦਕਾ ਟੀਮ ਦੀ ਝੋਲੀ 'ਚ ਕਿੰਨੀਆਂ ਜਿੱਤਾਂ ਪਾਉਣਗੇ? ਵੈਸਟ ਇੰਡੀਜ਼ ਦੇ ਖਿਡਾਰੀ ਸ਼ੈੱਲਡਰਨ ਕੋਟਰਲ ਨੇ 2019 ਦੇ ਵਿਸ਼ਵ ਕੱਪ ਵਿਚ ਆਪਣੀ ਟੀਮ ਵੱਲੋਂ ਖੇਡਦਿਆਂ 9 ਮੈਚਾਂ 'ਚ ਸਭ ਤੋਂ ਵੱਧ 12 ਵਿਕਟਾਂ ਹਾਸਲ ਕੀਤੀਆਂ। ਉਸ ਦਾ ਵਿਕਟ ਪ੍ਰਾਪਤ ਕਰਨ ਤੋਂ ਬਾਅਦ ਸਲੂਟ ਮਾਰਨ ਦਾ ਅੰਦਾਜ਼ ਵੀ ਦਰਸ਼ਕਾਂ ਨੂੰ ਖ਼ਾਸ ਪਸੰਦ ਹੈ। ਨਿਕੋਲਸ ਪੂਰਨ ਇਕ ਹੋਰ ਵੈਸਟ ਇੰਡੀਜ਼ ਦਾ ਵਿਸਫੋਟਕ ਵਿਕਟ-ਕੀਪਰ ਬੱਲੇਬਾਜ਼ ਹੈ, ਜਿਸ ਨੂੰ ਪਿਛਲੇ ਸਾਲ 7 ਮੈਚਾਂ 'ਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿਚ ਉਸ ਨੇ 28 ਦੀ ਔਸਤ ਨਾਲ 168 ਦੌੜਾਂ ਬਣਾਈਆ ਸਨ। ਇਨ੍ਹਾਂ ਮੈਚਾਂ ਵਿਚ ਉਸ ਦੀ ਬੱਲੇਬਾਜ਼ੀ ਦਾ ਖ਼ਾਸ ਪੱਖ ਸੀ, ਉਸ ਦਾ 157 ਦਾ ਸਟ੍ਰਾਈਕ ਰੇਟ ਸੀ। ਨਿਕੋਲਸ ਪੂਰਨ ਨੂੰ ਵੈਸਟ ਇੰਡੀਜ਼ ਦੀ ਕ੍ਰਿਕਟ ਦਾ ਭਵਿੱਖ ਮੰਨਿਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਉਹ ਕਿਸ ਪ੍ਰਕਾਰ ਆਪਣੀ ਤੇਜ਼-ਤਰਾਰ ਬੱਲੇਬਾਜ਼ੀ ਨਾਲ ਪੰਜਾਬ ਨੂੰ ਜੇਤੂ ਬਣਾਉਣ 'ਚ ਅਹਿਮ ਭੂਮਿਕਾ ਨਿਭਾਏਗਾ। ਇਸ ਵਾਰ ਇਕ ਹੋਰ ਖਿਡਾਰੀ, ਜਿਸ ਉੱਪਰ ਸਭ ਦੀ ਨਜ਼ਰ ਹੋਵੇਗੀ, ਉਹ ਹੈ ਰਾਜਸਥਾਨ ਰਾਇਲਜ਼ ਤੋਂ ਪੰਜਾਬ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹਰਫ਼ਨ-ਮੌਲਾ ਖਿਡਾਰੀ ਕ੍ਰਿਸ਼ਨੱਅਪਾ ਗੋਥਮ, ਜਿਸ ਦਾ ਘਰੇਲੂ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਅਤੇ ਕਰਨਾਟਕ ਪ੍ਰੀਮੀਅਰ ਲੀਗ ਵਿਚ ਉਸ ਨੇ ਇਕ ਮੈਚ ਵਿਚ 56 ਗੇਂਦਾ ਉੱਪਰ ਧੂੰਆਂਧਾਰ 134 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਤੇ 13 ਛੱਕੇ ਵੀ ਸ਼ਾਮਿਲ ਸਨ।

ਵੱਡੀ ਕੀਮਤ ਵਾਲੇ ਖਿਡਾਰੀ

ਪੰਜਾਬ ਦੀ ਟੀਮ ਦੇ ਕੀਮਤ ਪੱਖੋਂ ਪੰਜ ਸਿਖ਼ਰਲੇ ਖਿਡਾਰੀ ਕੇਐੱਲ ਰਾਹੁਲ 11 ਕਰੋੜ, ਮੈਕਸਵੈੱਲ 10.75 ਕਰੋੜ, ਸ਼ੈੱਲਡਰਨ ਕੋਟਰਲ 8.5 ਕਰੋੜ, ਕ੍ਰਿਸ਼ਨਅਪਾ ਗੋਥਮ 6.2 ਕਰੋੜ, ਕਰੁਨ ਨਾਇਰ 5.6 ਕਰੋੜ ਹਨ। ਵੱਡੀਆਂ ਰਕਮਾਂ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਦਾ ਲੋਹਾ ਮਨਵਾਉਣਾ ਹੀ ਪਵੇਗਾ ਤਾਂ ਹੀ ਪੰਜਾਬ ਦੀ ਟੀਮ ਇਸ ਵਕਾਰੀ ਟਰਾਫ਼ੀ ਦੀ ਪਹਿਲੀ ਵਾਰ ਜੇਤੂ ਬਣ ਸਕਦੀ ਹੈ। ਇਕ ਰੋਚਕ ਤੱਥ ਇਹ ਵੀ ਹੈ ਕਿ ਪੰਜਾਬ ਦੀ ਇਸ ਟੀਮ 'ਚ ਸਭ ਤੋਂ ਵੱਧ ਕਰਨਾਟਕ ਸੂਬੇ ਨਾਲ ਸਬੰਧਤ ਖਿਡਾਰੀ ਹਨ, ਜਿਵੇਂ ਕਪਤਾਨ ਰਾਹੁਲ, ਮਯੰਕ ਅੱਗਰਵਾਲ, ਕਰੁਨ ਨਾਇਰ, ਕ੍ਰਿਸ਼ਨਅੱਪਾ ਗੌਤਮ। ਇਸ ਵਾਰ ਟੀਮ ਦੇ ਕੋਚ ਅਨਿਲ ਕੁੰਬਲੇ ਵੀ ਕਰਨਾਟਕ ਨਾਲ ਸਬੰਧਤ ਹਨ।

ਵਿਦੇਸ਼ੀ ਖਿਡਾਰੀਆਂ ਦਾ ਪ੍ਰਦਰਸ਼ਨ

ਆਖ਼ਰੀ ਪੇਚ ਚਾਰ ਵਿਦੇਸ਼ੀ ਖਿਡਾਰੀਆਂ ਨੂੰ ਖਿਡਾਉਣ 'ਤੇ ਹੀ ਪਵੇਗਾ ਕਿਉਂਕਿ ਜੇਕਰ ਕ੍ਰਿਸ ਗੇਲ, ਮੈਕਸਵੈੱਲ ਤੇ ਨਿਕੋਲਸ ਪੂਰਨ ਨੂੰ ਟੀਮ ਖਿਡਾਉਣ ਬਾਰੇ ਸੋਚਦੀ ਹੈ ਤਾਂ ਵਿਦੇਸ਼ੀ ਗੇਂਦਬਾਜ਼ ਇਕ ਹੀ ਖੇਡ ਸਕੇਗਾ, ਜੋ ਕਿ ਸ਼ੈਲਡਰਨ ਕੋਟਰਲ, ਕ੍ਰਿਸ ਜਾਰਡਨ ਜਾਂ ਮੁਜ਼ੀਬ ਵਿੱਚੋਂ ਇਕ ਹੋਵੇਗਾ।

ਇਹ ਕਪਤਾਨ ਅਤੇ ਕੋਚ ਦੀ ਰਣਨੀਤੀ 'ਤੇ ਨਿਰਭਰ ਕਰੇਗਾ ਕਿ ਕਿਸ ਦਿਨ, ਕਿਸ ਮੈਦਾਨ ਉੱਤੇ ਕਿਸ ਟੀਮ ਦੇ ਖ਼ਿਲਾਫ਼ ਕਿਹੜੀ ਸਰਵਸ੍ਰੇਸ਼ਟ ਟੀਮ ਖਿਡਾਈ ਜਾਵੇ। ਟੀਮ ਕੋਲ ਇਸ ਵਾਰ ਪਿਛਲੇ ਸੀਜ਼ਨਾਂ ਦੇ ਮੁਕਾਬਲੇ ਜ਼ਿਆਦਾ ਹੁਨਰਮੰਦ ਘਰੇਲੂ ਖਿਡਾਰੀ ਹਨ, ਜਿਸ ਦਾ ਫ਼ਾਇਦਾ ਟੀਮ ਨੂੰ ਜ਼ਰੂਰ ਉਠਾਉਣਾ ਚਾਹੀਦਾ ਹੈ। ਇਸ਼ਾਨ ਪੋਰੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਮੁਰਗਨ ਅਸ਼ਵਿਨ ਨੂੰ ਜੇਕਰ ਮੌਕਾ ਮਿਲਦਾ ਹੈ ਅਤੇ ਉਹ ਆਪਣਾ ਲੋਹਾ ਮਨਵਾਉਣ ਵਿਚ ਕਾਮਯਾਬ ਹੋਏ ਤਾਂ ਪੰਜਾਬ ਦੀ ਟੀਮ ਇਕ ਜੇਤੂ ਟੀਮ ਵਜੋਂ ਉੱਭਰ ਸਕਦੀ ਹੈ। ਇਸ ਸਾਲ ਟੀਮ ਵਿਚ ਵਿਸਫੋਟਕ ਸਲਾਮੀ ਅਤੇ ਮੱਧਕ੍ਰਮੀ ਬੱਲੇਬਾਜ਼ ਹੋਣ ਦੇ ਨਾਲ-ਨਾਲ ਤੇਜ਼ ਗੇਂਦਬਾਜ਼ੀ ਤੇ ਫਿਰਕੀ ਦੇ ਚੰਗੇ ਬਦਸ ਹਨ ਪ੍ਰੰਤੂ ਲੋੜ ਹੋਵੇਗੀ, ਕਪਤਾਨ ਅਤੇ ਕੋਚ ਲਈ ਸਹੀ ਸਮੇਂ, ਸਹੀ ਬਦਲ ਚੁਣਨ ਦੀ ਤਾਂ ਜੋ ਟੀਮ ਦੇ ਹਰ ਖਿਡਾਰੀ ਤੋਂ ਬਿਹਤਰੀਨ ਪ੍ਰਦਰਸ਼ਨ ਕਰਵਾ ਕੇ ਟੀਮ ਨੂੰ ਜੇਤੂ ਬਣਾਇਆ

ਜਾ ਸਕੇ।

ਜਿੱਤ ਦੀਆਂ ਸੰਭਾਵਨਾਵਾਂ

ਆਓ, ਕੋਸ਼ਿਸ਼ ਕਰਦੇ ਹਾਂ ਕਿ ਇਸ ਵਰ੍ਹੇ ਇਸ ਟੀਮ ਦੀਆਂ ਉਨ੍ਹਾਂ ਸੰਭਾਵਨਾਵਾਂ ਨੂੰ ਜਾਣਨ ਦੀ, ਜਿਨ੍ਹਾਂ ਜ਼ਰੀਏ ਇਹ ਟੀਮ 2020 ਵਿਚ ਚੈਂਪੀਅਨ ਬਣਨ 'ਚ ਕਾਮਯਾਬ ਹੋ ਸਕਦੀ ਹੈ। ਚੰਗਾ ਹੁਨਰਮੰਦ ਕਪਤਾਨ ਕਿਸੇ ਟੀਮ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਉਹ ਆਪਣੀ ਟੀਮ ਦੇ ਖਿਡਾਰੀਆਂ ਨੂੰ ਸਕਾਰਾਤਾਮਕ ਅਗਵਾਈ ਦੇਣ ਦੇ ਨਾਲ ਨੌਜਵਾਨ ਖਿਡਾਰੀਆਂ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਦੀ ਸਮਰਥਾ ਰੱਖਦਾ ਹੈ। ਮਿਸਾਲ ਵਜੋਂ ਭਾਰਤ ਦੇ ਸਾਬਕਾ ਕਪਤਾਨ ਧੋਨੀ ਦੇ ਇਸੇ ਗੁਣ ਨੇ ਉਸ ਨੂੰ ਭਾਰਤੀ ਟੀਮ ਦਾ ਸਭ ਤੋਂ ਸਫਲ ਕਪਤਾਨ ਹੋਣ ਦਾ ਮਾਣ ਦਿਵਾਇਆ। ਜੇਕਰ ਪੰਜਾਬ ਦੀ ਟੀਮ ਦੇ ਕਪਤਾਨ ਦੀ ਗੱਲ ਕਰੀਏ ਤਾਂ ਇਸ ਵਾਰ ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਕੇਐੱਲ ਰਾਹੁਲ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਬੱਲੇਬਾਜ਼ ਦੇ ਤੌਰ 'ਤੇ ਉਸ ਦੇ ਅੰਕੜੇ ਕਮਾਲ ਦੇ ਹਨ ਅਤੇ ਉਹ ਮੌਜੂਦਾ ਸਮੇਂ ਭਾਰਤੀ ਟੀਮ ਦੇ ਵਿਕਟ ਕੀਪਰ ਦੀ ਵੀ ਭੂਮਿਕਾ ਨਿਭਾ ਰਿਹਾ ਹੈ ਪ੍ਰੰਤੂ ਕਪਤਾਨੀ ਦੇ ਗੁਣ ਉਸ ਵਿਚ ਕਿਹੋ ਜਿਹੇ ਹਨ ਇਹ ਇਸ ਸੀਜ਼ਨ ਦੇ ਆਗਾਜ਼ 'ਤੇ ਹੀ ਪਤਾ ਚੱਲਣਗੇ, ਵੈਸੇ ਉਸ ਨੇ ਭਾਰਤੀ-ਏ ਅਤੇ ਘਰੇਲੂ ਮੈਚਾਂ ਵਿਚ ਕਪਤਾਨੀ ਕੀਤੀ ਹੈ ਮਗਰ ਆਈਪੀਐੱਲ ਇਕ ਵੱਡਾ ਟੂਰਨਾਮੈਂਟ ਹੈ, ਜਿਸ ਵਿਚ ਕਪਤਾਨੀ ਦਾ ਇਕ ਵੱਖਰਾ ਦਬਾਅ ਹੁੰਦਾ ਹੈ। ਕਪਤਾਨ ਕੇਐੱਲ ਰਾਹੁਲ ਨੇ ਪਿਛਲੇ ਦੋ ਸੀਜ਼ਨਾਂ (2019, 2018) ਵਿਚ ਕ੍ਰਮਵਾਰ 593 ਅਤੇ 659 ਦੌੜਾਂ ਬਣਾਈਆਂ ਸਨ। ਕਪਤਾਨ ਤੋਂ ਇਸ ਵਾਰ ਵੀ ਇਹੋ ਜਿਹੇ ਪ੍ਰਦਰਸ਼ਨ ਦੀ ਉਮੀਦ ਹੈ।

ਪੰਜਾਬ ਦੀ ਟੀਮ ਦੇ ਖਿਡਾਰੀ

ਕੇਐੱਲ ਰਾਹੁਲ (ਵਿਕਟ ਕੀਪਰ, ਕਪਤਾਨ, ਸਲਾਮੀ ਬੱਲੇਬਾਜ਼), ਕ੍ਰਿਸ ਗੇਲ (ਸਲਾਮੀ ਬੱਲੇਬਾਜ਼-ਵੈਸਟ ਇੰਡੀਜ਼), ਗਲੈਨ ਮੈਕਸਵੈਲ (ਆਲ ਰਾਊਂਡਰ-ਆਸਟ੍ਰੇਲੀਆ), ਮਾਯੰਕ ਅੱਗਰਵਾਲ (ਬੱਲੇਬਾਜ਼), ਕਰੁਨ ਨਾਇਰ (ਬੱਲੇਬਾਜ਼), ਸਰਫ਼ਰਾਜ਼ ਖ਼ਾਨ (ਬੱਲੇਬਾਜ਼), ਨਿਕੋਲਸ ਪੂਰਨ (ਵਿਕਟ ਕੀਪਰ ਤੇ ਬੱਲੇਬਾਜ਼-ਵੈਸਟ ਇੰਡੀਜ਼), ਪ੍ਰਭਸਿਮਰਨ ਸਿੰਘ ( ਵਿਕਟ ਕੀਪਰ ਤੇ ਬੱਲੇਬਾਜ਼), ਜਿੰਮੀ ਨੀਸ਼ਮ (ਆਲ ਰਾਊਂਡਰ-ਨਿਊਜ਼ੀਲੈਂਡ), ਮਨਦੀਪ ਸਿੰਘ (ਬੱਲੇਬਾਜ਼), ਦੀਪਕ ਹੁੱਡਾ (ਆਲ ਰਾਊਂਡਰ), ਕ੍ਰਿਸ਼ਨਅੱਪਾ ਗੌਤਮ (ਆਲ ਰਾਊਂਡਰ), ਹਰਪ੍ਰੀਤ ਸਿੰਘ (ਆਲ ਰਾਊਂਡਰ), ਦਰਸ਼ਨ ਨਾਲਕੰਡੇ (ਆਲ ਰਾਊਂਡਰ), ਜਗਦੀਸ਼ ਸੁਚਿਤ(ਆਲ ਰਾਊਂਡਰ), ਤੇਜਿੰਦਰ ਸਿੰਘ (ਆਲ ਰਾਊਂਡਰ), ਮੁਹੰਮਦ ਸ਼ੰਮੀ (ਗੇਂਦਬਾਜ਼), ਇਸ਼ਾਨ ਪੋਰੇਲ (ਗੇਂਦਬਾਜ਼), ਸ਼ਿਲਡਰੋਨ ਕੋਟਰਲ (ਗੇਂਦਬਾਜ਼-ਵੈਸਟ ਇੰਡੀਜ਼), ਅਰਸ਼ਦੀਪ ਸਿੰਘ (ਗੇਂਦਬਾਜ਼), ਕ੍ਰਿਸ ਜਾਰਡਨ (ਆਲ ਰਾਊਂਡਰ-ਇੰਗਲੈਂਡ), ਮੁਜੀਬ-ਉਰ-ਰਹਿਮਾਨ (ਸਪਿਨ ਗੇਂਦਬਾਜ਼-ਅਫ਼ਗ਼ਾਨਿਸਤਾਨ), ਰਵੀ ਬਿਸ਼ਨੋਈ (ਸਪਿਨ ਗੇਂਦਬਾਜ਼), ਹਰਡੁਸ ਵਿਲਜੋਇਨ (ਤੇਜ਼ ਗੇਂਦਬਾਜ਼-ਦੱਖਣੀ ਅਫਰੀਕਾ) ਅਤੇ ਮੁਰਗਨ ਅਸ਼ਵਿਨ (ਸਪਿਨ ਗੇਂਦਬਾਜ਼)।

- ਜਗਜੀਤ ਸਿੰਘ ਗਣੇਸ਼ਪੁਰ

94655-76022

Posted By: Harjinder Sodhi