ਕਿੰਗਰਸਨ (ਏਪੀ) : ਆਇਰਲੈਂਡ ਨੇ ਤੀਸਰਾ ਤੇ ਅੰਤਿਮ ਵਨਡੇ ਮੈਚ ਦੋ ਵਿਕਟਾਂ ਨਾਲ ਜਿੱਤ ਕੇ ਵੈਸਟਇੰਡੀਜ਼ ’ਤੇ ਸੀਰੀਜ਼ ’ਚ 2-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਨੂੰ 45 ਓਵਰਾਂ ’ਚ 212 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਆਇਰਲੈਂਡ ਨੇ 45 ਓਵਰਾਂ ’ਚ ਅੱਠ ਵਿਕਟਾਂ ’ਤੇ 214 ਦੌੜਾਂ ਬਣਾਉਂਦੇ ਹੋਏ ਜਿੱਤ ਹਾਸਲ ਕੀਤੀ। ਆਇਰਲੈਂਡ ਨੇ ਪਹਿਲਾ ਵਨਡੇ ਮੈਚ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਤੇ ਅਗਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ’ਤੇ ਆਪਣਾ ਕਬਜ਼ਾ ਜਮਾਇਆ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੇ ਵਿਚ ਆਇਰਲੈਂਡ ਦਾ ਦੋ ਦੇਸ਼ਾਂ ਦਾ ਦੌਰਾ ਵੀ ਖ਼ਤਮ ਹੋ ਗਿਆ। ਆਇਰਲੈਂਡ ਨੂੰ ਟੀ-20 ਸੀਰੀਜ਼ ’ਚ ਮੇਜ਼ਬਾਨ ਅਮਰੀਕਾ ਨੇ ਹਰਾਇਆ ਸੀ।

ਆਈਸੀਸੀ ਦੇ ਕਿਸੇ ਪੂਰਨਕਾਲਿਕ ਮੈਂਬਰ ਖ਼ਿਲਾਫ਼ ਘਰੋਂ ਬਾਹਰ ਆਇਰਲੈਂਡ ਨੇ ਪਹਿਲੀ ਵਾਰ ਵਨਡੇ ਸੀਰੀਜ਼ ਜਿੱਤੀ ਹੈ। ਇਹ ਪੂਰਨਕਾਲਿਕ ਮੈਂਬਰ ਖ਼ਿਲਾਫ਼ ਵਨਡੇ ਸੀਰੀਜ਼ ’ਚ ਉਸ ਦੀ ਦੂਸਰੀ ਜਿੱਤ ਹੈ। ਉਸ ਨੇ ਆਪਣੀ ਧਰਤੀ ’ਤੇ 2019 ’ਚ ਜਿੰਬਾਬਵੇ ਨੂੰ ਹਰਾਇਆ ਸੀ।

ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਨੇ ਪਹਿਲੀ ਗੇਂਦ ’ਤੇ ਵਿਲੀਅਮ ਪੋਟਰਫੀਲਡ (0) ਦਾ ਵਿਕਟ ਗੁਆ ਦਿੱਤਾ, ਪਰ ਇਸ ਤੋਂ ਬਾਅਦ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਸੰਯਮ ਨਹੀਂ ਗੁਆਇਆ। ਕਪਤਾਨ ਸਟਰਲਿੰਗ ਨੇ 38 ਗੇਂਦਾਂ ’ਚ ਪੰਜ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਤੀਸਰੇ ਨੰਬਰ ’ਤੇ ਉੱਤਰੇ ਐਂਡੀ ਮੈਕਬ੍ਰਾਇਨ ਨੇ 100 ਗੇਂਦਾਂ ’ਚ 59 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 26 ਦੌੜਾਂ ਦੇ ਕੇ ਚਾਰ ਵਿਕਟਾਂ ਵੀ ਹਾਸਲ ਕੀਤੀਆਂ, ਜਿਸ ਨਾਲ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਸੀਰੀਜ਼ ਚੁਣਿਆ ਗਿਆ। ਚੌਥੇ ਨੰਬਰ ਉਤਰੇ ਹੈਰੀ ਟੈਕਟਰ ਨੇ ਤਿੰਨ ਮੈਚਾਂ ’ਚ ਤੀਸਰਾ ਅਰਧ ਸੈਂਕੜਾ ਲਾਉਂਦੇ ਹੋਏ 76 ਗੇਂਦਾਂ ’ਚ 52 ਦੌੜਾਂ ਬਣਾਈਆਂ। ਅਕੀਲ ਹੁਸੈਨ ਨੇ ਇਸ ਤੋਂ ਬਾਅਦ ਤਿੰਨ ਗੇਂਦਾਂ ’ਚ ਦੋ ਵਿਕਟਾਂ ਲੈ ਕੇ ਵੈਸਟਇੰਡੀਜ਼ ਨੂੰ ਮੈਚ ’ਚ ਵਾਪਸ ਪਰਤਣ ਦੀ ਕੋਸ਼ਿਸ਼ ਕੀਤੀ, ਪਰ ਕ੍ਰੇਗ ਯੰਗ (ਅਜੇਤੂ 5) ਨੇ ਚੌਕਾ ਲਾ ਕੇ ਆਇਰਲੈਂਡ ਨੂੰ 5.1 ਓਵਰਾਂ ਬਾਕੀ ਰਹਿੰਦੇ ਜਿੱਤ ਤਕ ਪਹੁੰਚਾਇਆ।

Posted By: Sunil Thapa