ਨਵੀਂ ਦਿੱਲੀ, ਜੇਐਨਐਨ : ਟੀਮ ਇੰਡੀਆ ਦਾ ਪ੍ਰਦਰਸ਼ਨ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਰਿਹਾ ਹੈ। ਹਾਲਾਂਕਿ 2013 ਤੋਂ ਬਾਅਦ ਇਹ ਕੋਈ ਵੀ ਆਈਸੀਸੀ ਖ਼ਿਤਾਬ ਨਹੀਂ ਜਿੱਤ ਸਕੀ ਹੈ ਪਰ ਦੇਸ਼ਾਂ ਨਾਲ ਖੇਡੇ ਗਏ ਜ਼ਿਆਦਾਤਰ ਕ੍ਰਿਕਟ ਟੀਮ 'ਚ ਭਾਰਤੀ ਟੀਮ ਹਾਵੀ ਰਹੀ ਹੈ। ਟੀਮ ਇੰਡੀਆ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ ਤੇ ਇਨ੍ਹਾਂ ਖਿਡਾਰੀਆਂ ਦੇ ਦਮ 'ਤੇ ਇਹ ਟੀਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਿੱਤ ਹਾਸਲ ਕਰਨ ਦਾ ਦਮ ਰੱਖਦੀ ਹੈ। ਭਾਰਤ ਦੀ ਟੀਮ ਇੰਨੀ ਮਜ਼ਬੂਤ ਇਕ ਦਿਨ 'ਚ ਨਹੀਂ ਬਣੀ ਬਲਕਿ ਪਿਛਲੇ ਸਾਲਾਂ ਤੋਂ ਮਿਹਨਤ ਕਰ ਰਹੀ ਹੈ। ਟੀਮ ਇੰਡੀਆ ਇੰਨੀ ਮਜ਼ਬੂਤ ਕਿਉਂ ਬਣੀ ਤੇ ਵਰਲਡ ਕ੍ਰਿਕਟ 'ਤੇ ਸਾਲ 2010 ਤੋਂ ਬਾਅਦ ਇਹ ਟੀਮ ਕਿਉਂ ਰਾਜ ਕਰ ਰਹੀ ਹੈ ਇਸ ਬਾਰੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਰਾਸ਼ਿਦ ਲਤੀਫ ਨੇ ਦੱਸਿਆ।

ਰਾਸ਼ਿਦ ਲਤੀਫ ਨੇ ਦੱਸਿਆ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਵਜ੍ਹਾ ਕਾਰਨ ਟੀਮ ਇੰਡੀਆ ਸਾਲ 2010 ਤੋਂ ਬਾਅਦ ਵਰਲਡ ਕ੍ਰਿਕਟ 'ਤੇ ਰਾਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖਿਡਾਰੀ ਦਾ ਇੰਨਾ ਚੰਗਾ ਪ੍ਰਦਰਸ਼ਨ ਰਿਹਾ ਹੈ ਤੇ ਇਸ ਦੇ ਪਿੱਛੇ ਆਈਪੀਐਲ ਇਕ ਵੱਡਾ ਕਾਰਨ ਹੈ। ਲਤੀਫ ਨੂੰ ਇਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਕਿ ਕੀ ਟੀਮ ਇੰਡੀਆ ਇਕੱਠੀਆਂ ਦੋ ਵੱਖ-ਵੱਖ ਟੀਮਾਂ ਨੂੰ ਖਿਡਾ ਸਕਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਈਪੀਐਲ ਦੀ ਵਜ੍ਹਾ ਕਾਰਨ ਭਾਰਤ ਨੂੰ ਕਈ ਪ੍ਰਤਿਭਾਸ਼ਾਲੀ ਖਿਡਾਰੀ ਮਿਲੇ ਹਨ ਜੋ ਇੰਟਰਨੈਸ਼ਨਲ ਲੈਵਲ 'ਤੇ ਖੇਡਣ ਲਈ ਤਿਆਰ ਹਨ ਤੇ ਇਹੀ ਵਜ੍ਹਾ ਹੈ ਕਿ ਭਾਰਤ ਇਸ ਸਥਿਤੀ 'ਚ ਹੈ ਕਿ ਉਹ ਇਕੱਠੀਆਂ ਦੋ ਟੀਮਾਂ ਨੂੰ ਖਿਡਾ ਸਕਦੇ ਹਨ।


Posted By: Ravneet Kaur