ਆਨਲਾਈਨ ਡੈਸਕ, ਨਵੀਂ ਦਿੱਲੀ : ਚੇਨਈ ਲਈ ਆਈਪੀਐੱਲ-15 ਦਾ ਸਫ਼ਰ ਭਾਵੇਂ ਮੁੰਬਈ ਕੋਲੋਂ ਹਾਰ ਕੇ ਖ਼ਤਮ ਹੋ ਗਿਆ ਹੋਵੇ ਪਰ ਧੋਨੀ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡਾ ਸਵਾਲ ਅਜੇ ਵੀ ਇਹ ਹੈ ਕਿ ਕੀ ਉਹ ਅਗਲੇ ਸੀਜ਼ਨ ’ਚ ਇਸ ਪੀਲੀ ਜਰਸੀ ਵਿਚ ਮੈਦਾਨ ’ਤੇ ਨਜ਼ਰ ਆਉਣਗੇ? ਜਦੋਂ ਇਹੀ ਸਵਾਲ ਭਾਰਤ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜ਼ਰੂਰ ਖੇਡਣਗੇ। ਸਟਾਰ ਸਪੋਰਟਸ ਈਵੈਂਟ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਈਪੀਐਲ 2022 ’ਚ ਧੋਨੀ ਦੇ ਪ੍ਰਦਰਸ਼ਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਅਜੇ ਵੀ ਖੇਡ ਨੂੰ ਲੈ ਕੇ ਉਤਸੁਕ ਹਨ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤ ਦੇ ਸਾਬਕਾ ਭਾਰਤੀ ਕਪਤਾਨ ਅਗਲੇ ਸੀਜਜ਼ਨ ’ਚ ਵਾਪਸੀ ਕਰਨਗੇ।

ਉਨ੍ਹਾਂ ਕਿਹਾ ਕਿ ਮੇਰਾ ਮਤਲਬ ਹੈ ਕਿ ਉਹ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਸ ਨੂੰ ਦੇਖੋ। ਉਹ ਸਾਫ਼ ਦਿਖਾ ਰਿਹਾ ਹੈ ਕਿ ਉਹ ਖੇਡ ਨੂੰ ਲੈ ਕੇ ਕਿੰਨਾ ਉਤਸੁਕ ਹੈ। ਜਿਸ ਤਰ੍ਹਾਂ ਨਾਲ ਉਹ ਮੈਦਾਨ ’ਚ ਭੱਜ-ਦੌੜ ਕਰ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਅਜੇ ਵੀ ਖੇਡ ਨੂੰ ਲੈ ਕੇ ਉਤਸ਼ਾਹਿਤ ਹੈ। ਸ਼ੁਰੂਆਤੀ ਵਿਕਟ ਡਿਗਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਵੀ ਜਿੱਤ ਦਾ ਮੌਕਾ ਦਿਖਾਈ ਦਿੰਦਾ ਹੈ ਤੇ ਉਸ ਨੂੰ ਇਹ ਕਰਦਿਆਂ ਅਸੀਂ ਲਗਾਤਾਰ ਦੇਖ ਰਹੇ ਹਾਂ।

ਮੁੰਬਈ ਖ਼ਿਲਾਫ਼ ਮੈਚ ’ਚ ਵੀ ਭਾਵੇਂ ਚੇਨਈ ਦੀ ਟੀਮ ਸਿਰਫ਼ 97 ਦੌੜਾਂ ਹੀ ਬਣਾ ਸਕੀ ਪਰ ਚੇਨਈ ਲਈ ਸਭ ਤੋਂ ਵੱਧ ਸਕੋਰਰ ਰਹੇ ਐੱਮਐੱਸ ਧੋਨੀ ਨੇ 36 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਹ ਆਈਪੀਐਲ ’ਚ ਚੇਨਈ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।

ਗਾਵਸਕਰ ਨੇ 2020 ’ਚ ਧੋਨੀ ਦੇ ਉਸ ਬਿਆਨ ਨੂੰ ਵੀ ਯਾਦ ਦਿਵਾਇਆ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਅਗਲੇ ਸੀਜ਼ਨ ’ਚ ਖੇਡਣਗੇ ਜਾਂ ਨਹੀਂ। ਇਸ ਦਾ ਜਵਾਬ ਦਿੰਦਿਆਂ ਧੋਨੀ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਅਗਲੇ ਸੀਜ਼ਨ ’ਚ ਪੀਲੀ ਜਰਸੀ ਵਿਚ ਜ਼ਰੂਰ ਦੇਖੋਗੇ। ਜਰਸੀ ਇਹੀ ਹੋਵੇਗੀ ਜਾਂ ਹੋਰ, ਇਹ ਵੱਖਰੀ ਗੱਲ ਹੈ। ਧੋਨੀ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 39.8 ਦੀ ਔਸਤ ਨਾਲ 12 ਮੈਚਾਂ ’ਚ 199 ਦੌੜਾਂ ਬਣਾਈਆਂ।

Posted By: Harjinder Sodhi