ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਸੀਮਤ ਓਵਰਾਂ ਦੇ ਕਪਤਾਨ ਬਾਬਰ ਆਜ਼ਮ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਲਗਾਤਾਰ ਤੁਲਨਾ ਤੋਂ ਤੰਗ ਆ ਗਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਮਹਾਨ ਬੱਲੇਬਾਜ਼ਾਂ ਨਾਲ ਉਨ੍ਹਾਂ ਦੀ ਤੁਲਨਾ ਹੋਣੀ ਚਾਹੀਦੀ ਹੈ। ਕੋਹਲੀ ਤੋਂ ਛੇ ਸਾਲ ਛੋਟੇ ਬਾਬਰ ਨੇ ਵੱਖ ਵੱਖ ਫਾਰਮੈਟਾਂ ਵਿਚ ਕੋਹਲੀ ਦੇ ਜ਼ਬਰਦਸਤ ਰਿਕਾਰਡ ਦੇ ਨੇੜੇ ਪੁੱਜਣ ਲਈ ਅਜੇ ਲੰਬਾ ਸਫਰ ਤੈਅ ਕਰਨਾ ਹੈ। ਭਾਰਤੀ ਕਪਤਾਨ ਦੇ ਖ਼ਾਤੇ ਵਿਚ 70 ਅੰਤਰਰਾਸ਼ਟਰੀ ਸੈਂਕੜੇ ਹਨ ਤੇ ਤਿੰਨਾਂ ਫਾਰਮੈਟਾਂ ਵਿਚ ਉਨ੍ਹਾਂ ਦੀ ਔਸਤ 50 ਤੋਂ ਵੱਧ ਹੈ। ਬਾਬਰ ਨੇ ਇਕ ਆਨਲਾਈਨ ਮੀਡੀਆ ਸੈਸ਼ਨ ਵਿਚ ਕਿਹਾ ਕਿ ਮੈਨੂੰ ਵੱਧ ਖ਼ੁਸ਼ੀ ਹੋਵੇਗੀ ਜੇ ਮੇਰੀ ਤੁਲਨਾ ਜਾਵੇਦ ਮੀਆਂਦਾਦ, ਮੁਹੰਮਦ ਯੂਸਫ਼ ਜਾਂ ਯੂਨਸ ਖ਼ਾਨ ਨਾਲ ਹੋਵੇਗੀ।

ਕੋਹਲੀ ਜਾਂ ਕਿਸੇ ਹੋਰ ਭਾਰਤੀਆਂ ਨਾਲ ਮੇਰੀ ਤੁਲਨਾ ਕਿਉਂ। ਬਾਬਰ ਨੇ 16 ਅੰਤਰਰਾਸ਼ਟਰੀ ਸੈਂਕੜੇ ਲਾਏ ਹਨ ਤੇ ਵਨ ਡੇ ਤੇ ਟੀ-20 ਵਿਚ ਉਨ੍ਹਾਂ ਦੀ ਔਸਤ 50 ਤੋਂ ਵੱਧ ਹੈ ਜਦਕਿ ਟੈਸਟ ਵਿਚ ਉਨ੍ਹਾਂ ਦੀ ਅੌਸਤ 45.12 ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਗਲੈਂਡ ਖ਼ਿਲਾਫ਼ ਅਗਲੀ ਸੀਰੀਜ਼ ਵਿਚ ਕਿਸੇ ਇਕ ਗੇਂਦਬਾਜ਼ ਨੂੰ ਉਹ ਨਿਸ਼ਾਨਾ ਨਹੀਂ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਨਹੀਂ ਦੇਖਦਾ ਕਿ ਗੇਂਦਬਾਜ਼ ਕੌਣ ਹੈ ਜਾਂ ਉਸ ਦੀ ਸਾਖ਼ ਕੀ ਹੈ। ਮੈਂ ਹਰ ਗੇਂਦ ਨੂੰ ਉਸ ਦੀ ਗੁਣਵੱਤਾ ਦੇ ਆਧਾਰ 'ਤੇ ਖੇਡਦਾ ਹਾਂ। ਇੰਗਲੈਂਡ ਕੋਲ ਸ਼ਾਨਦਾਰ ਗੇਂਦਬਾਜ਼ ਹਨ ਤੇ ਉਨ੍ਹਾਂ ਨੂੰ ਘਰ 'ਚ ਖੇਡਣ ਦਾ ਫ਼ਾਇਦਾ ਮਿਲੇਗਾ ਪਰ ਇਸ ਤਰ੍ਹਾਂ ਦੀ ਚੁਣੌਤੀ ਵਿਚ ਹੀ ਮੈਂ ਦੌੜਾਂ ਬਣਾਉਣਾ ਚਾਹੁੰਦਾ ਹਾਂ।