ਨਵੀਂ ਦਿੱਲੀ : ਭਾਰਤ ਵਿਚ ਇਸ ਸਮੇਂ ਦੋ ਹੀ ਗੱਲਬਾਤ ਦੇ ਵਿਸ਼ੇ ਹਨ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਾਕਿਸਤਾਨ 'ਤੇ ਕੀ ਵਾਰ ਕਰੇਗੀ ਤੇ ਭਾਰਤੀ ਟੀਮ ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਕ੍ਰਿਕਟ ਮੈਚ ਖੇਡੇਗੀ ਜਾਂ ਨਹੀ? ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਉਸ ਨੂੰ ਚਲਾਉਣ ਵਾਲੀ ਪ੍ਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਫ਼ੈਸਲਾ ਕਰੇਗੀ ਅਸੀਂ ਉਸ ਨਾਲ ਜਾਵਾਂਗੇ। ਹਾਲਾਂਕਿ ਉਥੇ ਦੂਜੇ ਪਾਸੇ ਭਾਰਤ ਵਿਚ ਚੱਲ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਦੋ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਮਿਲਣ ਕਾਰਨ ਅੰਤਰਰਾਸ਼ਟਰੀ ਓਲੰਪਿਕ ਕੌਂਸਲ (ਆਈਓਸੀ) ਨੇ ਭਾਰਤ ਵਿਚ ਭਵਿੱਖ ਵਿਚ ਹੋਣ ਵਾਲੀਆਂ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹੀ ਨਹੀਂ ਜੇ ਭਾਰਤ ਸਰਕਾਰ ਆਈਓਸੀ ਨੂੰ ਓਲੰਪਿਕ ਚਾਰਟਰ ਦੀ ਪਾਲਨਾ ਦਾ ਲਿਖਤੀ ਭਰੋਸਾ ਨਹੀਂ ਦਿੰਦੀ ਤਾਂ ਭਾਰਤੀ ਐਥਲੀਟਾਂ ਨੂੰ ਭਵਿੱਖ ਵਿਚ ਹੋਰ ਦੇਸ਼ਾਂ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚੋਂ ਵੀ ਬਾਹਰ ਕੀਤਾ ਜਾ ਸਕਦਾ ਹੈ। ਇਸ ਕਾਰਨ ਸਵਾਲ ਉੱਠ ਰਿਹਾ ਹੈ ਕਿ ਜੇ ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ 16 ਜੂਨ ਨੂੰ ਮਾਨਚੈਸਟਰ ਵਿਚ ਪਾਕਿਸਤਾਨ ਖ਼ਿਲਾਫ਼ ਮੈਚ ਦਾ ਬਾਈਕਾਟ ਕਰਦੀ ਹੈ ਤਾਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਉਸ ਖ਼ਿਲਾਫ਼ ਕੋਈ ਜੁਰਮਾਨਾ ਜਾਂ ਪਾਬੰਦੀ ਨਾ ਲਾ ਦੇਵੇ।

ਬੀਸੀਸੀਆਈ ਦੇ ਖਜ਼ਾਨਚੀ ਤੇ ਪ੍ਸਿੱਧ ਵਕੀਲ ਅਨਿਰੁੱਧ ਚੌਧਰੀ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਕੋਈ ਫ਼ੈਸਲਾ ਲੈਂਦੀ ਹੈ ਤਾਂ ਬੀਸੀਸੀਆਈ ਪਾਕਿਸਤਾਨ ਖ਼ਿਲਾਫ਼ ਮੈਚ ਦਾ ਬਾਈਕਾਟ ਕਰ ਸਕਦਾ ਹੈ। ਬੋਰਡ ਨੇ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਵਿਚ ਇਹ ਫ਼ੈਸਲਾ ਲਿਆ ਸੀ ਕਿ ਆਈਸੀਸੀ ਨਾਲ ਜੋ ਵੀ ਮੈਂਬਰ ਪਾਰਟੀਸਿਪੇਸ਼ਨ ਐਗਰੀਮੈਂਟ (ਐੱਮਪੀਏ) ਹੋਵੇਗਾ, ਉਸ ਲਈ ਬੀਸੀਸੀਆਈ ਦੀ ਆਮ ਸਭਾ ਦੀ ਸਹਿਮਤੀ ਲੈਣੀ ਪਵੇਗੀ। ਹੁਣ ਤਕ ਉਸ ਨੂੰ ਲੈ ਕੇ ਆਮ ਸਭਾ ਵਿਚ ਕੋਈ ਸਹਿਮਤੀ ਨਹੀਂ ਲਈ ਗਈ ਹੈ। ਜੇ ਬੀਸੀਸੀਆਈ ਦੇ ਨਾਂ 'ਤੇ ਕਿਸੇ ਨੇ ਆਈਸੀਸੀ ਨਾਲ ਐੱਮਪੀਏ 'ਤੇ ਦਸਤਖ਼ਤ ਵੀ ਕੀਤੇ ਹਨ ਤਾਂ ਵੀ ਉਹ ਕਾਨੂੰਨੀ ਤੌਰ 'ਤੇ ਮੰਨਣਯੋਗ ਨਹੀਂ ਹੋਵੇਗਾ ਕਿਉਂਕਿ ਆਮ ਸਭਾ ਨੇ ਉਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜੇ ਸਰਕਾਰ ਕੋਈ ਫ਼ੈਸਲਾ ਕਰਦੀ ਹੈ ਤਾਂ ਬੋਰਡ ਉਸ ਨੂੰ ਲੈ ਕੇ ਤਿਆਰ ਰਹੇਗਾ। ਮੇਰੇ ਹਿਸਾਬ ਨਾਲ ਐੱਮਪੀਏ 'ਤੇ ਆਮ ਸਭਾ ਦੀ ਸਹਿਮਤੀ ਨਾ ਹੋਣ ਕਾਰਨ ਜੇ ਭਾਰਤ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਨਹੀਂ ਖੇਡਦਾ ਹੈ ਤਾਂ ਸਾਨੂੰ ਆਈਸੀਸੀ ਤੋਂ ਕੋਈ ਜੁਰਮਾਨਾ ਜਾਂ ਪਾਬੰਦੀ ਨਹੀਂ ਸਹਿਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਜੱਗ ਜ਼ਾਹਰ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਵਿਚਾਲੇ ਸਬੰਧ ਵਿਗੜੇ ਹੋਏ ਹਨ। ਭਾਰਤ ਸਰਕਾਰ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਦੇਖਦੇ ਹੋਏ ਹੀ ਸਾਨੂੰ ਕਾਫੀ ਸਮੇਂ ਤੋਂ ਦੁਵੱਲੀ ਸੀਰੀਜ਼ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਾਲਾਂ ਤੋਂ ਦੁਵੱਲੀ ਸੀਰੀਜ਼ ਨਹੀਂ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਨੂੰ ਲੈ ਕੇ ਬੀਸੀਸੀਆਈ ਖ਼ਿਲਾਫ਼ ਆਈਸੀਸੀ ਵਿਚ ਅਪੀਲ ਵੀ ਕੀਤੀ ਸੀ ਜਿਸ ਵਿਚ ਉਸ ਨੂੰ ਹਾਰ ਮਿਲੀ ਸੀ। ਹਾਲਾਂਕਿ ਇਸ ਦੌਰਾਨ ਅਸੀਂ ਆਈਸੀਸੀ ਦੇ ਟੂਰਨਾਮੈਂਟ ਵਿਚ ਖੇਡਦੇ ਰਹੇ। ਅਸੀਂ 2017 ਵਿਚ ਚੈਂਪੀਅਨਜ਼ ਟਰਾਫੀ ਵਿਚ ਇੰਗਲੈਂਡ ਵਿਚ ਉਨ੍ਹਾਂ ਖ਼ਿਲਾਫ਼ ਮੈਚ ਖੇਡਿਆ ਕਿਉਂਕਿ ਆਈਸੀਸੀ ਦੇ ਟੂਰਨਾਮੈਂਟ ਦੁਵੱਲੀ ਸੀਰੀਜ਼ ਤੋਂ ਵੱਖ ਹੁੰਦੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਤਕ ਵਿਸ਼ਵ ਪੱਧਰ 'ਤੇ ਪਾਕਿਸਤਾਨ ਨਾਲ ਖੇਡਣ ਦੀ ਗੱਲ ਹੈ ਤਾਂ ਉਸ ਵਿਚ ਸਿਰਫ਼ ਕ੍ਰਿਕਟ ਨੂੰ ਲੈ ਕੇ ਫ਼ੈਸਲਾ ਨਹੀਂ ਹੋਣਾ ਚਾਹੀਦਾ ਹੈ। ਭਾਰਤ ਸਰਕਾਰ ਸਾਰੀਆਂ ਖੇਡਾਂ ਲਈ ਫ਼ੈਸਲਾ ਲਵੇ ਜੋ ਬੀਸੀਸੀਆਈ 'ਤੇ ਵੀ ਲਾਗੂ ਹੋਵੇ। ਜੇ ਪਾਕਿਸਤਾਨ ਖ਼ਿਲਾਫ਼ ਨਹੀਂ ਖੇਡਣਾ ਹੈ ਤਾਂ ਫਿਰ ਕਿਸੇ ਵੀ ਖੇਡ ਵਿਚ ਉਨ੍ਹਾਂ ਖ਼ਿਲਾਫ਼ ਮੈਦਾਨ ਵਿਚ ਨਾ ਉਤਰਿਆ ਜਾਵੇ। ਸਾਡੀ ਸਰਕਾਰ ਦੀ ਜੋ ਵੀ ਨੀਤੀ ਹੋਵੇਗੀ ਉਹ ਇਸ ਦੇਸ਼ ਦੀਆਂ ਖੇਡ ਸੰਸਥਾਵਾਂ ਨੂੰ ਮੰਨਣੀ ਪਵੇਗੀ।

ਸਮਝਦਾਰੀ ਨਾਲ ਕੰਮ ਕਰਨ ਦੀ ਲੋੜ : ਚੌਧਰੀ

ਅਨਿਰੁੱਧ ਚੌਧਰੀ ਨੇ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਕੀ ਸੋਚਦਾ ਹਾਂ ਇਹ ਮਾਅਨੇ ਨਹੀਂ ਰੱਖਦਾ। ਮੈਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਅਜਿਹਾ ਬਿਆਨ ਦੇ ਸਕਦਾ ਹਾਂ ਜਿਸ ਨਾਲ ਮੈਨੂੰ ਤੁਰੰਤ ਸ਼ਲਾਘਾ ਮਿਲੇ ਜਿਵੇਂ ਕੁਝ ਲੋਕਾਂ ਨੇ ਕੀਤਾ ਹੈ ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸਲ ਵਿਚ ਜ਼ਮੀਨ 'ਤੇ ਕੀ ਕੀਤਾ ਜਾ ਸਕਦਾ ਹੈ ਤੇ ਕੀ ਨਹੀਂ। ਇਸ ਸਮੇਂ ਸਮਝਦਾਰੀ ਤੇ ਧੀਰਜ ਨਾਲ ਕਰਨ ਦਾ ਸਮਾਂ ਹੈ। ਸਾਡੀਆਂ ਸਾਰੀਆਂ ਖੇਡ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਚੁੱਪਚਾਪ ਸਰਕਾਰ ਦੀ ਨੀਤੀ ਮੁਤਾਬਕ ਚੱਲੀਏ। ਜਿੱਥੇ ਤਕ ਵਿਸ਼ਵ ਕੱਪ 'ਚ ਪਾਕਿਸਤਾਨ 'ਤੇ ਪਾਬੰਦੀ ਦੀ ਗੱਲ ਹੈ ਤਾਂ ਆਈਸੀਸੀ ਦੇ ਨਿਯਮਾਂ ਤਹਿਤ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਿ ਕਿਸੇ ਇਕ ਅੱਤਵਾਦੀ ਹਮਲੇ ਦੇ ਤਹਿਤ ਉਹ ਕਿਸੇ ਦੇਸ਼ 'ਤੇ ਪਾਬੰਦੀ ਲਾ ਸਕੇ। ਇਸ ਸਮੇਂ ਆਈਸੀਸੀ ਵਿਚ ਭਾਰਤ ਦੀ ਅਜਿਹੀ ਮਜ਼ਬੂਤ ਸਥਿਤੀ ਨਹੀਂ ਹੈ ਜਿਵੇਂ ਪੰਜ ਸਾਲ ਪਹਿਲਾਂ ਸੀ।

ਕੋਟ

ਪੁਲਵਾਮਾ ਹਮਲੇ ਦੀ ਘਟਨਾ ਬਹੁਤ ਦੁਖਦਾਈ ਸੀ। ਦੁਖ ਦੇ ਇਸ ਸਮੇਂ ਅਸੀਂ ਦੇਸ਼ ਦੇ ਨਾਲ ਹਾਂ। ਹਮਲੇ ਵਿਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਪਾਕਿਸਤਾਨ ਨਾਲ ਖੇਡਣ 'ਤੇ ਸਰਕਾਰ ਤੇ ਬੋਰਡ ਜੋ ਵੀ ਫ਼ੈਸਲਾ ਲੈਣਗੇ, ਸਾਨੂੰ ਸਵੀਕਾਰ ਹੋਵੇਗਾ।

ਵਿਰਾਟ ਕੋਹਲੀ, ਭਾਰਤੀ ਕਪਤਾਨ

ਸਭ ਕੁਝ ਪੂਰੀ ਤਰ੍ਹਾਂ ਬੀਸੀਸੀਆਈ ਤੇ ਭਾਰਤ ਸਰਕਾਰ 'ਤੇ ਨਿਰਭਰ ਕਰਦਾ ਹੈ। ਕੀ ਹੋ ਰਿਹਾ ਹੈ ਉਨ੍ਹਾਂ ਨੂੰ ਇਸ ਬਾਰੇ ਪੂਰੀ ਤੇ ਸਹੀ ਜਾਣਕਾਰੀ ਹੈ ਤੇ ਉਹ ਆਖ਼ਰੀ ਫ਼ੈਸਲਾ ਲੈਣਗੇ। ਸਾਡੇ ਲਈ ਇਸ ਬਾਰੇ ਫ਼ੈਸਲਾ ਲੈਣਾ ਬਹੁਤ ਸੌਖਾ ਹੈ। ਅਸੀਂ ਉਹੀ ਕਰਾਂਗੇ ਜਿਵੇਂ ਸਰਕਾਰ ਕਹੇਗੀ।

-ਰਵੀ ਸ਼ਾਸਤਰੀ, ਭਾਰਤੀ ਕੋਚ