ਨਵੀਂ ਦਿੱਲੀ, ਆਨਲਾਈਨ ਡੈਸਕ : 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ’ਚ ਟੀਮ ਇੰਡੀਆ ਮੋਹਾਲੀ ਦੇ ਬਿੰਦਰਾ ਸਟੇਡੀਅਮ ’ਚ ਆਸਟ੍ਰੇਲੀਆ ਨਾਲ ਭਿੜੇਗੀ। ਵਿਸ਼ਵ ਕੱਪ ਤੋਂ ਪਹਿਲਾਂ ਦੋਵਾਂ ਟੀਮਾਂ ਲਈ ਇਹ ਚੰਗਾ ਅਭਿਆਸ ਮੈਚ ਹੋਵੇਗਾ, ਜਿੱਥੇ ਦੋਵੇਂ ਟੀਮਾਂ ਆਪਣੀ ਪ੍ਰਫੈਕਟ ਇਲੈਲਨ ਨੂੰ ਲੱਭਣ ਦੀ ਕੋਸ਼ਿਸ ਕਰਨਗੀਆਂ। ਦੋਵਾਂ ਟੀਮਾਂ ਦੇ ਹਾਲੀਆ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਖ਼ਿਲਾਫ ਵਨਡੇ ਸੀਰੀਜ਼ ਜਿੱਤ ਕੇ ਇੱਥੇ ਪਹੁੰਚੀ ਹੈ, ਜਦੋਂਕਿ ਟੀਮ ਇੰਡੀਆ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚਣ ਵਿਚ ਨਾਕਾਮ ਰਹੀ ਹੈ। ਅਜਿਹੇ ’ਚ ਟੀਮ ਇੰਡੀਆ ਕੋਲ ਵਿਸ਼ਵ ਕੱਪ ਤੋਂ ਪਹਿਲਾਂ ਟਰਾਫੀ ਜਿੱਤਣ ਦਾ ਇਹ ਵਧੀਆ ਮੌਕਾ ਹੋਵੇਗਾ।

ਟੀ-20 ਕਿ੍ਰਕਟ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਮੁਕਾਬਲੇ ਭਾਰਤ ਦਾ ਪੱਲੜਾ ਭਾਰੀ ਹੈ ਕਿਉਂਕਿ ਭਾਰਤ ਨੇ ਹੁਣ ਤਕ 23 ਮੈਚਾਂ ’ਚੋਂ 13 ਮੈਚ ਜਿੱਤੇ ਹਨ, ਜਦੋਂਕਿ 9 ਮੈਚ ਆਸਟ੍ਰੇਲੀਆ ਦੇ ਨਾਂ ਰਹੇ ਹਨ। ਇਸ ਸੀਰੀਜ਼ ’ਚ ਟੀਮ ਇੰਡੀਆ ਆਨ ਪੇਪਰ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਏਸ਼ੀਆ ਕੱਪ ਜ਼ਰੀਏ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਵਾਪਸੀ ਨੇ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਹੈ। ਇਹ ਮੈਚ ਮੋਹਾਲੀ ਦੇ ਪੀਸੀਏ ਆਈਐੱਸ ਬਿੰਦਰਾ ਸਟੇਡੀਅਮ ਵਿਚ ਸ਼ਾਮ 7 ਵਜੇ ਖੇਡਿਆ ਜਾਵੇਗਾ, ਇਸ ਲਈ ਬਹੁਤ ਕੁਝ ਇੱਥੋਂ ਦੇ ਮੌਸਮ ਤੇ ਪਿੱਚ ਦੀ ਰਿਪੋਰਟ ’ਤੇ ਨਿਰਭਰ ਕਰੇਗਾ।

ਕਿਹੋ ਜਿਹਾ ਰਹੇਗਾ ਮੋਹਾਲੀ ਦਾ ਮੌਸਮ

ਮੌਸਮ ਵਿਭਾਗ ਅਨੁਸਾਰ ਸ਼ਾਮ ਨੂੰ ਤਾਪਮਾਨ 25-27 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਨਮੀ 70 ਫ਼ੀਸਦੀ ਰਹਿਣ ਦੀ ਉਮੀਦ ਹੈ ਜਦਕਿ ਇਸ ਮੈਚ ’ਚ ਤ੍ਰੇਲ ਅਹਿਮ ਭੂਮਿਕਾ ਨਿਭਾਏਗੀ। ਦੁਪਹਿਰ ਨੂੰ ਹਨੇਰੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਮੀਂਹ ਦੀ ਸੰਭਾਵਨਾ 25 ਫ਼ੀਸਦੀ ਦੱਸੀ ਜਾ ਰਹੀ ਹੈ।

ਕੀ ਕਹਿੰਦੀ ਹੈ ਪਿੱਚ ਰਿਪੋਰਟ?

ਤ੍ਰੇਲ ਨੂੰ ਦੇਖਦਿਆਂ ਟਾਸ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਅਤੇ ਇਸ ਪਿੱਚ ’ਤੇ ਟੀਮ ਪਹਿਲਾਂ ਗੇਂਦਬਾਜਜ਼ੀ ਕਰਨਾ ਪਸੰਦ ਕਰੇਗੀ। ਇਸ ਮੈਚ ਦੇ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ 2018 ਤੋਂ ਇੱਥੇ ਬਾਅਦ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਪੱਲੜਾ ਭਾਰੀ ਰਿਹਾ ਹੈ। 11 ਵਿੱਚੋਂ 7 ਮੈਚਾਂ ’’ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ।

Posted By: Harjinder Sodhi