ਨਵੀਂ ਦਿੱਲੀ, ਆਨਲਾਈਨ ਡੈਸਕ : ਏਸ਼ੀਆ ਕੱਪ 2022 ’ਚ ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਭਿੜਨ ਜਾ ਰਹੇ ਹਨ। ਇਸ ਹਾਈ ਵੋਲਟੇਜ ਗੇਮ ਨੂੰ ਲੈ ਕੇ ਦਿਮਾਗ਼ੀ ਖੇਡ ਸ਼ੁਰੂ ਹੋ ਚੁੱੱਕੀ ਹੈ। ਇਸ ਵਾਰ ਦੋਵੇਂ ਟੀਮਾਂ 28 ਅਗਸਤ ਨੂੰ ਇਕ-ਦੂਜੇ ਵਿਰੁੱਧ ਏਸੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ। ਇਹ ਮੈਚ ਉਸੇ ਮੈਦਾਨ ’ਤੇ ਖੇਡਿਆ ਜਾਵੇਗਾ, ਜਿੱਥੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਅਤੇ ਵਿਸ਼ਵ ਕੱਪ ਵਿਚ ਪਹਿਲੀ ਵਾਰ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਜਿੱਤ ਦਰਜ ਕੀਤੀ ਸੀ।

ਪਾਕਿਸਤਾਨ ਨੇ ਉਸ ਮੈਚ ’ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇਕਤਰਫਾ ਜਿੱਤ ਦਰਜ ਕੀਤੀ ਸੀ। ਆਪਸੀ ਵਿਵਾਦ ਕਾਰਨ ਦੋਵਾਂ ਦੇਸ਼ਾਂ ਵਿੱਚ ਦੁਵੱਲੀ ਸੀਰੀਜ਼ ਬੰਦ ਹੈ, ਇਸ ਲਈ ਦੋਵੇਂ ਟੀਮਾਂ ਸਿਰਫ ਆਈਸੀਸੀ ਟੂਰਨਾਮੈਂਟਾਂ ’ਚ ਹੀ ਇਕ-ਦੂਜੇ ਵਿਰੁੱਧ ਖੇਡਦੀਆਂ ਹਨ। ਦੋਵੇਂ ਟੀਮਾਂ ਏਸ਼ੀਆ ਕੱਪ 2022 ਵਿਚ ਗਰੁੱਪ-ਏ ਵਿਚ ਹਨ। ਅਜਿਹੇ ’ਚ ਲੀਗ ਪੜਾਅ ਤੇ ਸੁਪਰ-4 ’ਚ ਦੋਵਾਂ ਵਿਚਾਲੇ 2 ਮੈਚ ਹੋਣ ਦਾ ਅੰਦਾਜ਼ਾ ਹੈ ਤੇ ਜੇ ਦੋਵੇਂ ਟੀਮਾਂ ਫਾਈਨਲ ’ਚ ਪਹੁੰਚ ਜਾਂਦੀਆਂ ਹਨ ਤਾਂ ਦੋਵਾਂ ਵਿਚਾਲੇ 3 ਮੈਚ ਹੋ ਸਕਦੇ ਹਨ। ਜਦੋਂ ਪੱਤਰਕਾਰ ਨੇ ਬਾਬਰ ਆਜ਼ਮ ਤੋਂ ਮੈਚ ਦੇ ਦਬਾਅ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸ਼ਾਨਦਾਰ ਤਰੀਕੇ ਨਾਲ ਇਸ ਦਾ ਜਵਾਬ ਦਿੱਤਾ।

ਬਾਬਰ ਨੇ ਕਿਹਾ, ‘ਦੇਖੋ, ਦਬਾਅ ਕੁਝ ਨਹੀਂ ਹੈ, ਕੋਸ਼ਿਸ਼ ਸਿਰਫ਼ ਇਹੀ ਰਹਿੰਦੀ ਹੈ ਕਿ ਮੈਚ ਨੂੰ ਮੈਚ ਦੀ ਤਰ੍ਹਾਂ ਖੇਡਿਆ ਜਾਵੇ।’ ਹਾਲਾਂਕਿ ਬਾਬਰ ਆਜ਼ਮ ਨੇ ਕਿਹਾ ਕਿ ਉਹ ਏਸ਼ੀਆ ਕੱਪ ’ਚ ਵੀ ਉਸੇ ਤਰ੍ਹਾਂ ਖੇਡਣਗੇ, ਜਿਸ ਤਰ੍ਹਾਂ ਟੀ-20 ਵਿਸ਼ਵ ਕੱਪ ’ਚ ਖੇਡੇ ਸਨ। ਉਸ ਨੇ ਕਿਹਾ ਕਿ ਹਾਂ ਕੁਝ ਅਲੱਗ ਤਰ੍ਹਾਂ ਦਾ ਦਬਾਅ ਹੋਵੇਗਾ ਪਰ ਅਸੀਂ ਪਿਛਲੇ ਵਿਸ਼ਵ ਕੱਪ ਵਾਂਗ ਖੇਡਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਆਪਣੀ ਖੇਡ ’ਤੇ ਧਿਆਨ ਦੇਵਾਂਗੇ ਤੇ ਆਪਣੀ ਕਾਬਲੀਅਤ ’ਤੇ ਭਰੋਸਾ ਕਰਾਂਗੇ। ਬਿਹਤਰ ਪ੍ਰਦਰਸ਼ਨ ਕਰਨਾ ਸਾਡੇ ਹੱਥ ’ਚ ਹੈ, ਮੈਚ ਦਾ ਨਤੀਜਾ ਨਹੀਂ। ਜੇ ਅਸੀਂ ਵਧੀਆ ਪ੍ਰਦਰਸ਼ਨ ਦੇਵਾਂਗੇ, ਨਤੀਜਾ ਯਕੀਨੀ ਤੌਰ ’ਤੇ ਸਾਡੇ ਹੱਕ ਵਿਚ ਆਵੇਗਾ।

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ 11 ਸਤੰਬਰ ਤਕ ਚੱਲੇਗਾ। ਇਸ ਵਾਰ ਏਸ਼ੀਆ ਕੱਪ ਦਾ ਆਯੋਜਨ ਯੂਏਈ ਵਿਚ ਹੋਣ ਜਾ ਰਿਹਾ ਹੈ। ਪਹਿਲਾਂ ਇਸ ਦਾ ਆਯੋਜਨ ਸ੍ਰੀਲੰਕਾ ’ਚ ਕੀਤਾ ਜਾਣਾ ਸੀ ਪਰ ਸ੍ਰੀਲੰਕਾ ਦੀ ਆਰਥਿਕ ਸਮੱਸਿਆ ਦੇ ਮੱਦੇਨਜ਼ਰ ਇਸ ਨੂੰ ਇੱਥੇ ਸ਼ਿਫਟ ਕਰ ਦਿੱਤਾ ਗਿਆ ਹੈ।

Posted By: Harjinder Sodhi