ਮਾਨਚੈਸਰ (ਪੀਟੀਆਈ) : ਭਾਰਤੀ ਦਿੱਗਜ ਸੁਨੀਲ ਗਾਵਸਕਰ ਨੇ ਰੱਦ ਕੀਤੇ ਗਏ ਓਲਡ ਟ੍ਰੈਫਰਡ ਟੈਸਟ ਨੂੰ ਮੁੜ ਕਰਵਾਉਣ ਦੀ ਬੀਸੀਸੀਆਈ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤ ਨੂੰ ਉਸ ਦੌਰੇ ਨੂੰ ਪੂਰਾ ਕਰਨ ਲਈ ਵਾਪਸ ਮੁੜਨ ਦੀ ਇੰਗਲੈਂਡ ਦੀ ਮਦਦ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਜਿਸ ਨੂੰ 2008 ਵਿਚ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਕਾਰਨ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਭਾਰਤੀ ਟੀਮ ਦੇ ਸਹਾਇਕ ਫਿਜ਼ੀਓ ਯੋਗੇਸ਼ ਪਰਮਾਰ ਵੀ ਪਾਜ਼ੇਟਿਵ ਪਾਏ ਗਏ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ। ਭਾਰਤੀ ਖਿਡਾਰੀ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਉਣ ਤੋਂ ਬਾਅਦ 10 ਦਿਨਾਂ ਤਕ ਇੰਗਲੈਂਡ ਵਿਚ ਕੁਆਰੰਟਾਈਨ ਵਿਚ ਰਹਿਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਸਨ। ਇਸ ਨਾਲ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਵੀ ਪ੍ਰਭਾਵਿਤ ਹੋ ਸਕਦਾ ਸੀ। ਬੀਸੀਸੀਆਈ ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਬਾਅਦ 'ਚ ਕਿਹਾ ਕਿ ਮੈਚ ਬਾਅਦ ਦੀ ਕਿਸੇ ਤਰੀਕ ਨੂੰ ਮੁੜ ਖੇਡਿਆ ਜਾਵੇਗਾ। ਹਾਲਾਂਕਿ ਅਜੇ ਇਸ ਬਾਰੇ ਅਧਿਕਾਰਕ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਕਿ ਇਹ ਮੁਕਾਬਲਾ ਇਸ ਸੀਰੀਜ਼ ਦਾ ਹਿੱਸਾ ਹੋਵੇਗਾ ਜਾਂ ਨਹੀਂ। ਗਾਵਸਕਰ ਨੇ ਕਿਹਾ ਕਿ ਹਾਂ ਮੈਨੂੰ ਲਗਦਾ ਹੈ ਕਿ ਇਹ ਸਹੀ (ਰੱਦ ਕੀਤੇ ਗਏ ਟੈਸਟ ਨੂੰ ਮੁੜ ਖੇਡਣ ਦੀ ਯੋਜਨਾ ਬਣਾਉਣਾ) ਕਦਮ ਹੋਵੇਗਾ। ਦੇਖੋ, ਭਾਰਤ 'ਚ ਸਾਨੂੰ ਇਸ ਗੱਲ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਇੰਗਲੈਂਡ ਦੀ ਟੀਮ ਨੇ 2008 ਵਿਚ 26/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਕੀ ਕੀਤਾ ਸੀ। ਉਹ ਸੀਰੀਜ਼ ਪੂਰੀ ਕਰਨ ਵਾਪਸ ਆਏ ਸਨ। ਇੰਗਲੈਂਡ ਦੀ ਟੀਮ ਉਸ ਸਮੇਂ ਕਹਿ ਸਕਦੀ ਸੀ ਕਿ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਸੀਂ ਵਾਪਸ ਨਹੀਂ ਆਵਾਂਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਜਦ ਅੱਤਵਾਦੀਆਂ ਨੇ ਮੁੰਬਈ 'ਤੇ ਹਮਲਾ ਕੀਤਾ ਜਦ ਮਹਿਮਾਨ ਇੰਗਲੈਂਡ ਦੀ ਟੀਮ 26 ਨਵੰਬਰ ਨੂੰ ਕਟਕ ਵਿਚ ਭਾਰਤ ਖ਼ਿਲਾਫ਼ ਵਨ ਡੇ ਮੈਚ ਖੇਡ ਰਹੀ ਸੀ। ਇਸ ਹਮਲੇ ਕਾਰਨ ਸੱਤ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਦੋ ਵਨ ਡੇ ਮੈਚ ਰੱਦ ਹੋ ਗਏ। ਇੰਗਲੈਂਡ ਨੇ ਤੁਰੰਤ ਵਾਪਿਸ ਦੇਸ਼ ਜਾਣ ਦਾ ਫ਼ੈਸਲਾ ਕੀਤਾ ਪਰ ਬਾਅਦ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਵਾਪਸੀ ਕੀਤੀ ਜਿਸ ਵਿਚ ਭਾਰਤ ਨੇ 1-0 ਨਾਲ ਜਿੱਤ ਹਾਸਲ ਕੀਤੀ।

ਪੀਟਰਸਨ ਨੇ ਨਿਭਾਈ ਮਹੱਤਵਪੂਰਨ ਭੂਮਿਕਾ

ਗਾਵਸਕਰ ਨੇ ਕਿਹਾ ਕਿ ਉਸ ਸਮੇਂ ਕਪਤਾਨ ਕੇਵਿਨ ਪੀਟਰਸਨ ਨੇ ਟੈਸਟ ਮੈਚਾਂ ਲਈ ਇੰਗਲੈਂਡ ਦੀ ਵਾਪਸੀ ਦੇ ਫ਼ੈਸਲੇ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਕੇਵਿਨ ਪੀਟਰਸਨ ਨੇ ਉਸ ਟੀਮ ਦੀ ਅਗਵਾਈ ਕੀਤੀ ਤੇ ਉਹ ਇਸ ਫ਼ੈਸਲੇ ਦੇ ਮਾਮਲੇ ਵਿਚ ਮੁੱਖ ਵਿਅਕਤੀ ਸਨ। ਜੇ ਪੀਟਰਸਨ ਨੇ ਉਸ ਸਮੇਂ ਭਾਰਤ ਆਉਣ ਤੋਂ ਮਨ੍ਹਾ ਕਰ ਦਿੱਤਾ ਹੁੰਦਾ ਤਾਂ ਦੌਰਾ ਉਥੇ ਖ਼ਤਮ ਹੋ ਜਾਂਦਾ। ਗਾਵਸਕਰ ਨੇ ਬੀਸੀਸੀਆਈ ਦੀ ਮੈਚ ਬਾਅਦ ਦੀ ਤਰੀਕ ਵਿਚ ਮੁੜ ਖੇਡਣ ਦੀ ਪੇਸ਼ਕਸ਼ ਨੂੰ ਸ਼ਾਨਦਾਰ ਖ਼ਬਰ ਕਰਾਰ ਦਿੰਦੇ ਹੋਏ ਕਿਹਾ ਕਿ ਰੱਦ ਕੀਤੇ ਗਏ ਟੈਸਟ ਨੂੰ ਆਈਪੀਐੱਲ ਤੋਂ ਬਾਅਦ ਅਗਲੇ ਸਾਲ ਕਰਵਾਇਆ ਜਾ ਸਕਦਾ ਹੈ।

ਇਹ ਟੈਸਟ ਕ੍ਰਿਕਟ ਦੇ ਅੰਤ ਦੀ ਸ਼ੁਰੂਆਤ : ਹਾਰਮਿਨਸਨ

ਮਾਨਚੈਸਟਰ (ਆਈਏਐੱਨਐੱਸ) : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵ ਹਾਰਮਿਨਸਨ ਨੂੰ ਡਰ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਰੱਦ ਹੋਏ ਪੰਜਵੇਂ ਟੈਸਟ ਮੈਚ ਨਾਲ ਟੈਸਟ ਕ੍ਰਿਕਟ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਯੂਏਈ ਵਿਚ ਹੋਣ ਵਾਲੇ ਆਈਪੀਐੱਲ ਦੇ ਦੂਜੇ ਗੇੜ ਨੇ ਇਸ ਮੈਚ ਨੂੰ ਰੱਦ ਕਰਵਾਉਣ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ। ਹਾਰਮਿਨਸਨ ਨੇ ਕਿਹਾ ਕਿ ਇਹ ਬਕਵਾਸ ਹੈ, ਇਹ ਅਸਲ ਵਿਚ ਬਹੁਤ ਖ਼ਰਾਬ ਹੈ। ਮੇਰੇ ਸ਼ੁਰੂਆਤੀ ਵਿਚਾਰ ਹਨ ਕਿ ਇਹ ਟੈਸਟ ਕ੍ਰਿਕਟ ਦੇ ਅੰਤ ਦੀ ਸ਼ੁਰੂਆਤ ਹੈ। ਜਦ ਤੁਸੀਂ ਇਸ ਰਾਹ ਤੋਂ ਹੇਠਾਂ ਜਾਣਾ ਚੁਣਦੇ ਹੋ ਤਾਂ ਬੱਸ ਖ਼ਰਾਬ ਦੌਰ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਨਿੰਦਾ ਸ਼ੁਰੂ ਕਰੀਏ, ਨਿਰਪੱਖ ਰਹੀਏ, ਇੰਗਲੈਂਡ ਨੇ ਦੱਖਣੀ ਅਫਰੀਕਾ ਨਾਲ ਅਜਿਹਾ ਕੀਤਾ। ਅਸੀਂ ਇਸ ਵਿਚ ਪੂਰੀ ਤਰ੍ਹਾਂ ਨਿਰਦੋਸ਼ ਪੱਖ ਨਹੀਂ ਹਾਂ ਕਿਉਂਕਿ ਅਸੀਂ ਘਰ ਆਏ ਸੀ ਜਦ ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ ਪਰ ਇਹ ਸਭ ਆਈਪੀਐੱਲ ਕਾਰਨ ਹੋਇਆ। ਆਈਪੀਐੱਲ ਪੰਜ ਦਿਨਾਂ ਵਿਚ ਸ਼ੁਰੂ ਹੋਣਾ ਹੈ ਤੇ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਇਸ ਬਾਰੇ ਪੁੱਿਛਆ ਸੀ ਕਿ ਆਖ਼ਰੀ ਟੈਸਟ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ ਜਿਸ ਨਾਲ ਕਿ ਉਹ ਆਈਪੀਐੱਲ ਵਿਚ ਜਾ ਸਕਣ। ਇਹ ਮੈਨੂੰ ਠੀਕ ਨਹੀਂ ਲੱਗ ਰਿਹਾ ਤੇ ਮੈਂ ਮਾਨਚੈਸਟਰ ਦੇ ਲੋਕਾਂ ਲਈ ਦੁਖੀ ਹਾਂ। ਮੈਨੂੰ ਇੰਗਲੈਂਡ ਦੇ ਖਿਡਾਰੀ, ਸਮਰਥਕ ਤੇ ਟੈਸਟ ਕ੍ਰਿਕਟ ਲਈ ਦੁੱਖ ਹੋ ਰਿਹਾ ਹੈ ਕਿਉਂਕਿ ਇਹ ਮੇਰੇ ਲਈ ਉਹ ਥਾਂ ਹੈ ਜਿੱਥੋਂ ਇਹ ਸ਼ੁਰੂ ਹੁੰਦਾ ਹੈ।

Posted By: Jatinder Singh