ਨਵੀਂ ਦਿੱਲੀ, ਏਜੰਸੀ : ਨਿਊਜ਼ੀਲੈਂਡ ਖ਼ਿਲਾਫ਼ ਤੀਜਾ ਅਤੇ ਆਖਰੀ ਵਨਡੇ ਬੁੱਧਵਾਰ ਨੂੰ ਕ੍ਰਾਈਸਟਚਰਚ ’ਚ ਖੇਡਿਆ ਜਾਵੇਗਾ। ਸੀਰੀਜ਼ ’ਚ ਫਿਲਹਾਲ ਨਿਊਜ਼ੀਲੈਂਡ ਦੀ ਟੀਮ 1-0 ਨਾਲ ਅੱਗੇ ਹੈ। ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ।

ਤੀਜੇ ਮੈਚ ’ਚ ਜਿੱਥੇ ਨਿਊਜ਼ੀਲੈਂਡ ਕੋਲ ਸੀਰੀਜ਼ ਜਿੱਤਣ ਦਾ ਮੌਕਾ ਹੈ, ਉੱਥੇ ਹੀ ਭਾਰਤੀ ਟੀਮ ਮੈਚ ਜਿੱਤ ਕੇ ਸੀਰੀਜ਼ ਨੂੰ ਬਰਾਬਰੀ ’ਤੇ ਖਤਮ ਕਰਨਾ ਚਾਹੇਗੀ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਮੌਸਮ ’ਤੇ ਪ੍ਰਤੀਕਿਰਿਆ ਦਿੱਤੀ ਹੈ। ਅਰਸ਼ਦੀਪ ਸਿੰਘ ਨੇ ਕਿਹਾ ਕਿ ਟੀਮਾਂ ਮੌਸਮ ਨੂੰ ਕਾਬੂ ਨਹੀਂ ਕਰ ਸਕਦੀਆਂ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਨਡੇ ਅਤੇ ਟੀ-20 ਫਾਰਮੈਟ ’ਚ ਬਹੁਤਾ ਫ਼ਰਕ ਨਹੀਂ ਹੈ।

ਕ੍ਰਾਈਸਟਚਰਚ ’ਚ ਮੀਂਹ ਦੀ ਸੰਭਾਵਨਾ

ਹੈਮਿਲਟਨ ’ਚ ਦੂਜਾ ਵਨਡੇ ਰੱਦ ਹੋਣ ਤੋਂ ਬਾਅਦ ਇਸ ਗੱਲ ਦੀ ਵੀ ਸੰਭਾਵਨਾ ਵੀ ਵੱਧ ਹੈ ਕਿ ਬਾਰਿਸ਼ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਨੂੰ ਖ਼ਰਾਬ ਕਰ ਸਕਦੀ ਹੈ ਬੁੱਧਵਾਰ, 30 ਨਵੰਬਰ ਨੂੰ ਕ੍ਰਾਈਸਟਚਰਚ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਕ੍ਰਾਈਸਟਚਰਚ ਦੇ ਮੌਸਮ ਬਾਰੇ ਅਰਸ਼ਦੀਪ ਨੇ ਕਿਹਾ, ‘ਮੌਸਮ ਸਾਡੇ ਹੱਥ ਵਿਚ ਨਹੀਂ ਹੈ, ਮੌਸਮ ਅਜਿਹਾ ਹੈ ਜਿਸ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਸਾਨੂੰ ਮੌਕਾ ਮਿਲੇ ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰੀਏ। ਜੇ ਮੀਂਹ ਕਾਰਨ ਖੇਡ ਵਿਚ ਵਿਘਨ ਪੈਂਦਾ ਹੈ ਤਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰਹਿਣਾ ਚਾਹੀਦਾ ਹੈ।

ਮੈਂ ਕਿਸੇ ਵੀ ਸਮੇਂ ਮੈਚ ਸ਼ੁਰੂ ਹੋਣ ਲਈ ਸਰੀਰਕ ਤੌਰ ’ਤੇ ਤਿਆਰ ਹਾਂ। ਸਾਡੀ ਕੋਸ਼ਿਸ਼ ਹੈ ਕਿ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾਵੇ ਅਤੇ ਤਿਆਰੀਆਂ ਵਿਚ ਕੋਈ ਕਮੀ ਨਾ ਰਹੇ। ਇਸ ਤੋਂ ਇਲਾਵਾ ਜੋ ਯੋਜਨਾਵਾਂ ਬਣਦੀਆਂ ਹਨ, ਉਨ੍ਹਾਂ ਨੂੰ ਮੈਚ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਹਾਲ ਹੀ ’ਚ ਖਤਮ ਹੋਏ ਵਿਸ਼ਵ ਕੱਪ ’ਚ ਆਪਣੇ ਪ੍ਰਦਰਸ਼ਨ ਅਤੇ ਟੀਮ ਇੰਡੀਆ ’ਚ ਜਗ੍ਹਾ ਬਣਾਉਣ ਬਾਰੇ ਗੱਲ ਕਰਦਿਆਂ ਅਰਸ਼ਦੀਪ ਨੇ ਕਿਹਾ, ‘ਹਾਂ ਇਹ ਮੁਸ਼ਕਿਲ ਹੈ ਪਰ ਖਿਡਾਰੀ ਅਜਿਹਾ ਨਹੀਂ ਸੋਚਦੇ। ਅਸੀਂ ਆਪਣੇ ਸਮੇਂ ਦਾ ਆਨੰਦ ਲੈਣ ਦੀ ਕੋਸ਼ਿਸਸ ਕਰਦੇ ਹਾਂ ਅਤੇ ਫਿਰ ਤੁਸੀਂ ਚੰਗਾ ਖੇਡਦੇ ਰਹਿੰਦੇ ਹੋ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਟੀਮ ਦਾ ਗੇਂਦਬਾਜ਼ ਬਣਨਾ ਚਾਹੁੰਦਾ ਹਾਂ ਜਾਂ ਇਕ ਸਾਲ ਬਾਅਦ ਖ਼ੁਦ ਇੱਥੇ ਦੇਖਣਾ ਚਾਹੁੰਦਾ ਹਾਂ।

Posted By: Harjinder Sodhi