ਬਿ੍ਜਟਾਊਨ (ਏਐੱਫਪੀ) : ਧਮਾਕੇਦਾਰ ਸਲਾਮੀ ਬੱਲੇਬਾਜ਼ ਇਵਿਨ ਲੁਇਸ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਇੱਥੇ ਪਹਿਲੇ ਵਨ ਡੇ ਮੈਚ ਵਿਚ ਆਇਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੇ ਅਲਜਾਰੀ ਜੋਸਫ (4/32) ਦੀ ਮਦਦ ਨਾਲ 46.1 ਓਵਰਾਂ ਵਿਚ ਆਇਰਲੈਂਡ ਨੂੰ 180 ਦੌੜਾਂ 'ਤੇ ਸਮੇਟ ਦਿੱਤਾ। ਜਵਾਬ ਵਿਚ ਵੈਸਟਇੰਡੀਜ਼ ਨੇ 33.2 ਓਵਰਾਂ ਵਿਚ ਪੰਜ ਵਿਕਟਾਂ 'ਤੇ 184 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜਦ ਲੁਇਸ ਸੈਂਕੜੇ ਦੇ ਨੇੜੇ ਸਨ ਤਾਂ ਸਕੋਰ ਬਰਾਬਰ ਹੋ ਚੁੱਕਾ ਸੀ ਤੇ ਉਨ੍ਹਾਂ ਨੂੰ ਸੈਂਕੜੇ ਲਈ ਪੰਜ ਦੌੜਾਂ ਦੀ ਲੋੜ ਸੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਬੈਰੀ ਮੈਕਾਰਥੀ ਦੀ ਗੇਂਦ 'ਤੇ ਐਕਸਟਰਾ ਕਵਰ ਉੱਪਰੋਂ ਸ਼ਾਟ ਖੇਡਿਆ ਪਰ ਉਹ ਚਾਰ ਦੌੜਾਂ ਹੀ ਬਣਾ ਸਕੇ।

ਉਨ੍ਹਾਂ ਨੇ ਆਪਣੀ 99 ਦੌੜਾਂ ਦੀ ਅਜੇਤੂ ਪਾਰੀ ਵਿਚ 13 ਚੌਕੇ ਤੇ ਦੋ ਛੱਕੇ ਲਾਏ। ਤਿੰਨ ਵਨ ਡੇ ਮੈਚਾਂ ਦੀ ਇਸ ਸੀਰੀਜ਼ ਵਿਚ ਵਿੰਡੀਜ਼ ਨੇ 1-0 ਦੀ ਬੜ੍ਹਤ ਬਣਾਈ। ਆਇਰਲੈਂਡ ਵੱਲੋਂ ਆਫ ਸਪਿੰਨਰ ਸਿਮੀ ਸਿੰਘ (2/44) ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਲੋਰਕਨ ਟਕਰ ਆਇਰਲੈਂਡ ਦੇ ਚੋਟੀ ਸਕੋਰਰ ਰਹੇ। ਉਨ੍ਹਾਂ ਨੇ 31 ਦੌੜਾਂ ਬਣਾਈਆਂ। ਆਇਰਲੈਂਡ ਦੇ ਅੱਠ ਬੱਲੇਬਾਜ਼ ਦੋਹਰੇ ਅੰਕ ਤਕ ਪੁੱਜਣ 'ਚ ਨਾਕਾਮ ਰਹੇ। ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ