ਬਿ੍ਜਟਾਊਨ (ਏਐੱਫਪੀ) : ਸ਼ੇਲਡਨ ਕਾਟਰੇਲ (ਅਜੇਤੂ 07) ਦੇ ਛੱਕੇ ਦੀ ਬਦੌਲਤ ਵੈਸਟਇੰਡੀਜ਼ ਨੇ ਵੀਰਵਾਰ ਨੂੰ ਦੂਜੇ ਵਨ ਡੇ ਵਿਚ ਆਇਰਲੈਂਡ 'ਤੇ ਇਕ ਵਿਕਟ ਦੀ ਰੋਮਾਂਚਕ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ। ਉਸ ਨੇ ਮੰਗਲਵਾਰ ਨੂੰ ਇਸੇ ਮੈਦਾਨ 'ਤੇ ਸ਼ੁਰੂਆਤੀ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ। ਕਾਟਰੇਲ ਨੇ 49ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਮਾਰਕ ਏਡੇਅਰ 'ਤੇ ਕਵਰ ਵੱਲ ਛੱਕਾ ਲਾ ਕੇ ਜੇਤੂ ਦੌੜਾਂ ਬਣਾਈਆਂ ਜਿਸ ਨਾਲ ਕੈਰੇਬਿਆਈ ਟੀਮ ਨੇ ਨੌਂ ਵਿਕਟਾਂ 'ਤੇ 242 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਕਾਟਰੇਲ ਤੋਂ ਇਲਾਵਾ ਪਿਛਲੇ ਬੱਲੇਬਾਜ਼ ਹੇਡਨ ਵਾਲਸ਼ ਨੇ ਆਪਣੇ ਕਰੀਅਰ ਦੇ ਸੱਤਵੇਂ ਵਨ ਡੇ ਵਿਚ ਅਜੇਤੂ 46 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਆਇਰਲੈਂਡ ਨੇ ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਦੀਆਂ 63 ਦੌੜਾਂ ਦੀ ਮਦਦ ਨਾਲ ਤੈਅ 50 ਓਵਰਾਂ ਵਿਚ ਨੌਂ ਵਿਕਟਾਂ 'ਤੇ 237 ਦੌੜਾਂ ਦਾ ਚੁਣੌਤੀਪੂਰਨ ਟੀਚਾ ਖੜ੍ਹਾ ਕੀਤਾ ਸੀ। ਸਟਰਲਿੰਗ ਨੇ ਆਪਣੇ 24ਵੇਂ ਵਨ ਡੇ ਵਿਚ ਅਰਧ ਸੈਂਕੜੇ ਲਾਇਆ। ਇਸ ਪਾਰੀ ਵਿਚ ਉਨ੍ਹਾਂ ਨੇ ਇਕ ਛੱਕਾ ਤੇ ਸੱਤ ਚੌਕੇ ਲਾਏ। ਵੈਸਟਇੰਡੀਜ਼ ਲਈ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸਫ਼ ਨੇ 32 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਤੇ ਦੋ ਕੈਚ ਵੀ ਫੜੇ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਇਕ ਸਮੇਂ ਤਿੰਨ ਵਿਕਟਾਂ 'ਤੇ 140 ਦੌੜਾਂ ਬਣਾ ਚੁੱਕੀ ਸੀ ਪਰ ਬਾਰਿਸ਼ ਕਾਰਨ ਪੈਦਾ ਹੋਏ ਅੜਿੱਕੇ ਕਾਰਨ ਉਸ ਦੀ ਲੈਅ ਟੁੱਟ ਗਈ ਤੇ ਉਸ ਨੇ ਸਿਰਫ਼ ਅੱਠ ਦੌੜਾਂ ਅੰਦਰ ਤਿੰਨ ਵਿਕਟਾਂ ਗੁਆ ਦਿੱਤੀਆਂ। ਨਿਕੋਲਸ ਪੂਰਨ (52) ਤੇ ਕਪਤਾਨ ਕੀਰੋਨ ਪੋਲਾਰਡ (40) ਬਾਰਿਸ਼ ਦੇ ਅੜਿੱਕੇ ਤੋਂ ਬਾਅਦ ਇਕ ਵੀ ਦੌੜ ਜੋੜੇ ਬਿਨਾਂ ਪਵੇਲੀਅਨ ਮੁੜ ਗਏ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 64 ਦੌੜਾਂ ਜੋੜੀਆਂ। ਪੂਰਨ ਨੇ 44 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ ਆਪਣਾ ਛੇਵਾਂ ਵਨ ਡੇ ਅਰਧ ਸੈਂਕੜਾ ਪੂਰਾ ਕੀਤਾ। ਆਫ ਸਪਿੰਨਰ ਸਿਮੀ ਸਿੰਘ ਨੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ। ਪੋਲਾਰਡ ਨੇ 32 ਗੇਂਦਾਂ ਵਿਚ ਦੋ ਚੌਕੇ ਤੇ ਚਾਰ ਛੱਕਿਆਂ ਦੇ ਸਹਾਰੇ 40 ਦੌੜਾਂ ਬਣਾਈਆਂ। ਉਨ੍ਹਾਂ ਨੂੰ ਬੈਰੀ ਮੈਕਾਰਥੀ ਨੇ ਆਪਣੀ ਹੀ ਗੇਂਦ 'ਤੇ ਕੈਚ ਆਊਟ ਕੀਤਾ। ਖਾਰੇ ਪੀਅਰੇ (18) ਨੇ ਅੱਠਵੀਂ ਵਿਕਟ ਲਈ ਵਾਲਸ਼ ਦਾ ਸਾਥ ਨਿਭਾਇਆ ਤੇ 52 ਦੌੜਾਂ ਜੋੜੀਆਂ। ਤੀਜਾ ਤੇ ਆਖ਼ਰੀ ਮੈਚ ਐਤਵਾਰ ਨੂੰ ਗ੍ਰੇਨਾਡਾ ਵਿਚ ਖੇਡਿਆ ਜਾਵੇਗਾ।