ਸੇਂਟ ਜਾਰਜ (ਏਐੱਫਪੀ) : ਇਵਿਨ ਲੁਇਸ ਦੇ ਧਮਾਕੇਦਾਰ ਸੈਂਕੜੇ ਨਾਲ ਵੈਸਟਇੰਡੀਜ਼ ਨੇ ਤੀਜੇ ਤੇ ਆਖ਼ਰੀ ਵਨ ਡੇ ਵਿਚ ਆਇਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਲੁਇਸ ਨੇ 97 ਗੇਂਦਾਂ ਵਿਚ ਛੇ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 102 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਵੈਸਟਇੰਡੀਜ਼ ਨੇ ਡਕਵਰਥ ਲੁਇਸ ਨਿਯਮ ਤਹਿਤ 47 ਓਵਰਾਂ ਵਿਚ 197 ਦੌੜਾਂ ਦੇ ਸੋਧੇ ਹੋਏ ਟੀਚੇ ਨੂੰ 36.2 ਓਵਰਾਂ ਵਿਚ ਪੰਜ ਵਿਕਟਾਂ 'ਤੇ 199 ਦੌੜਾਂ ਬਣਾ ਕੇ ਹਾਸਲ ਕਰ ਲਿਆ। ਲੁਇਸ ਨੇ 41 ਗੇਂਦਾਂ ਵਿਚ ਅਰਧ ਸੈਂਕੜਾ ਤੇ 96 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਬਰੇਂਡਨ ਕਿੰਗ (43 ਗੇਂਦਾਂ ਵਿਚ 38 ਦੌੜਾਂ) ਨਾਲ ਤੀਜੀ ਵਿਕਟ ਲਈ 100 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਦੀ ਸੌਖੀ ਜਿੱਤ ਦੀ ਨੀਂਹ ਰੱਖੀ। ਲੁਇਸ ਸੈਂਕੜਾ ਪੂਰਾ ਕਰਨ ਤੋਂ ਤੁਰੰਤ ਬਾਅਦ ਕ੍ਰੇਗ ਯੰਗ ਦੀ ਗੇਂਦ 'ਤੇ ਕੇਵਿਨ ਓ ਬਰਾਇਨ ਨੂੰ ਕੈਚ ਦੇ ਬੈਠੇ। ਵੈਸਟਇੰਡੀਜ਼ ਤਦ ਟੀਚੇ ਤੋਂ ਸਿਰਫ਼ ਪੰਜ ਦੌੜਾਂ ਪਿੱਛੇ ਸਨ ਜਿਸ ਨੂੰ ਬਾਰਿਸ਼ ਕਾਰਨ ਥੋੜ੍ਹੇ ਅੜਿੱਕੇ ਤੋਂ ਬਾਅਦ ਸੋਧ ਦਿੱਤਾ ਗਿਆ। ਮੱਧ ਕ੍ਰਮ ਵਿਚ ਨਿਕੋਲਸ ਪੂਰਨ ਨੇ ਇਕ ਹੋਰ ਸ਼ਾਨਦਾਰ ਪਾਰੀ ਖੇਡਦੇ ਹੋਏ 44 ਗੇਂਦਾਂ ਵਿਚ ਅਜੇਤੂ 43 ਦੌੜਾਂ ਬਣਾਈਆਂ।

ਵਾਲਸ਼ ਦਾ ਚੌਕਾ :

ਲੈੱਗ ਸਪਿੰਨਰ ਹੇਡਨ ਵਾਲਸ਼ ਨੇ 36 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਆਇਰਲੈਂਡ ਦੀ ਟੀਮ 49.1 ਓਵਰਾਂ ਵਿਚ 203 ਦੌੜਾਂ 'ਤੇ ਸਿਮਟ ਗਈ। ਟੀਮ ਵਿਚ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਓਸ਼ਾਨੇ ਥਾਮਸ ਨੇ ਵੀ 41 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਆਇਰਲੈਂਡ ਵੱਲੋਂ ਕਪਤਾਨ ਐਂਡੀ ਬਾਲਬਰਨੀ ਨੇ ਸਭ ਤੋਂ ਜ਼ਿਆਦਾ 71 ਦੌੜਾਂ ਬਣਾਈਆਂ। ਬਾਲਬਰਨੀ ਨੇ ਆਪਣੇ ਨੌਵੇਂ ਵਨ ਡੇ ਅਰਧ ਸੈਂਕੜੇ ਦੌਰਾਨ ਛੇ ਚੌਕੇ ਤੇ ਦੋ ਛੱਕੇ ਲਾਏ। ਐਂਡੀ ਮੈਕਬਰਾਈਨ ਨੇ 25 ਦੌੜਾਂ ਦੀ ਪਾਰੀ ਖੇਡੀ।