ਨਵੀਂ ਦਿੱਲੀ, ਆਨਲਾਈਨ ਡੈਸਕ : ਵੈਸਟਇੰਡੀਜ਼ ਦੀ ਟੀਮ ਨੇ ਦੂਜੇ ਟੀ-20 ’ਚ 5 ਵਿਕਟਾਂ ਨਾਲ ਜਿੱਤ ਦਰਜ ਕਰ ਕੇ 5 ਮੈਚਾਂ ਦੀ ਟੀ-20 ਸੀਰੀਜ ’ਚ ਵਾਪਸੀ ਕੀਤੀ ਹੈ। ਵਾਰਨਰ ਪਾਰਕ ’ਚ ਖੇਡੇ ਗਏ ਦੂਜੇ ਮੈਚ ’ਚ ਵੈਸਟਇੰਡੀਜ਼ ਨੇ ਪਹਿਲਾਂ ਭਾਰਤ ਨੂੰ 138 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ ਫਿਰ 4 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਭਾਰਤ ਨੇ ਪਹਿਲਾ ਟੀ-20 68 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ ਪਰ ਇਸ ਜਿੱਤ ਤੋਂ ਬਾਅਦ ਮੇਜ਼ਬਾਨ ਟੀਮ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਮੈਚ ਦੀ ਪਹਿਲੀ ਪਾਰੀ ’ਚ ਮੈਕਕਾਇ ਨੇ 6 ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਨਾਲ ਬੈਕ ਫੁੱਟ ’ਤੇ ਲਿਆਂਦਾ ਅਤੇ ਪੂਰੀ ਟੀਮ 138 ਦੌੜਾਂ ’ਤੇ ਆਲਆਊਟ ਹੋ ਗਈ। ਇਸ ਤੋਂ ਬਾਅਦ ਵੈਸਟਇੰਡੀਜ਼ ਨੇ 19.2 ਓਵਰਾਂ ’ਚ 5 ਵਿਕਟਾਂ ’ਤੇ 142 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਟੀਮ ਇੰਡੀਆ ਦੀ ਇਸ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਜਿੱਤ ਲਈ ਵੱਡਾ ਸਕੋਰ ਨਹੀਂ ਬਣਾ ਸਕੇ ਅਤੇ ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਜਦੋਂ ਤੁਸੀਂ ਇਕ ਬੱਲੇਬਾਜ਼ੀ ਸਮੂਹ ਵਜੋਂ ਕੁਝ ਕਰ ਰਹੇ ਹੰੁਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਹਮੇਸਸ਼ਾ ਸਫਲ ਨਾ ਹੋਵੋ ਪਰ ਅਸੀਂ ਇਸ ਤੋਂ ਸਿੱਖਾਂਗੇ। ਉਥੇ ਹੀ ਇਹ ਖਿਡਾਰੀਆਂ ਨੂੰ ਮੌਕਾ ਦੇਣ ਬਾਰੇ ਵੀ ਹੈ। ਅਸੀਂ ਜਾਣਦੇ ਹਾਂ ਕਿ ਭੁਵੀ ਵੀ ਪਿਛਲੇ ਸਾਲਾਂ ਤੋਂ ਸਾਡੇ ਲਈ ਕੀ ਕਰ ਰਿਹਾ ਹੈ ਅਤੇ ਜਦੋਂ ਤੱਕ ਤੁਹਾਨੂੰ ਅਵੇਸ਼ ਅਤੇ ਅਰਸ਼ਦੀਪ ਜਿਹੇ ਲੋਕਾਂ ਨੂੰ ਮੌਕਾ ਨਹੀਂ ਦਿਉਗੇ ਤਾਂ ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ ਪਰ ਇਹ ਸਿਰਫ ਇਕ ਖੇਡ ਹੈ।

ਰੋਹਿਤ ਨੇ ਅੱਗੇ ਕਿਹਾ ਕਿ ਟੀਮ ਦੇ ਖਿਡਾਰੀਆਂ ਕੋਲ ਹੁਨਰ ਤੇ ਪ੍ਰਤਿਭਾ ਹੈ ਅਤੇ ਇਹ ਸਭ ਉਨ੍ਹਾਂ ਦਾ ਸਮਰਥਨ ਕਰਨ ਲਈ ਹੈ। ਮੈਨੂੰ ਗੇਂਦਬਾਜ਼ਾਂ ਅਤੇ ਟੀਮ ’ਤੇ ਸਚਮੁੱਚ ਮਾਣ ਹੈ। ਅਜਿਹੇ ਟੀਚੇ ਨੂੰ 13-14 ਓਵਰਾਂ ’ਚ ਹਾਸਿਲ ਕੀਤਾ ਜਾ ਸਕਦਾ ਹੈ ਪਰ ਅਸੀਂ ਇਸ ਨੂੰ ਆਖਰੀ ਓਵਰ ਤਕ ਖਿੱੱਚ ਲਿਆ। ਮੈਂ ਮਹਿਸੂਸ ਕੀਤਾ ਕਿ ਖਿਡਾਰੀਆਂ ਨੇ ਯੋਜਨਾਵਾਂ ਨੂੰ ਪੂਰਾ ਕੀਤਾ ਅਤੇ ਗੇਂਦਬਾਜ਼ਾਂ ਦੇ ਗੇਂਦਬਾਜ਼ੀ ਦੇ ਤਰੀਕੇ ਤੋਂ ਮੈਂ ਸਚਮੁੱਚ ਖੁਸ਼ ਹਾਂ। ਸਾਨੂੰ ਆਪਣੀ ਬੱਲੇਬਾਜ਼ੀ ’ਚ ਕੁਝ ਚੀਜ਼ਾਂ ’ਤੇ ਧਿਆਨ ਦੇਣਾ ਹੋਵੇਗਾ।

Posted By: Harjinder Sodhi