ਨਵੀਂ ਦਿੱਲੀ (ਆਈਏਐੱਨਐੱਸ) : ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਸਰ ਏਵਰਟਨ ਵੀਕਸ ਦਾ ਬੁੱਧਵਾਰ ਨੂੰ 95 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਵੀਕਸ ਨੂੰ ਸਾਲ 2019 ਵਿਚ ਹਾਰਟ ਅਟੈਕ ਹੋਇਆ ਸੀ ਤੇ ਇਸ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ। ਏਵਰਟਨ ਵੀਕਸ ਵੈਸਟਇੰਡੀਜ਼ ਦੇ ਤਿੰਨ ਡਬਲਯੂ ਦਾ ਹਿੱਸਾ ਸਨ। ਵੀਕਸ ਕਲਾਇਡ ਵਾਲਕਾਟ ਤੇ ਫਰੈਂਕ ਵਾਰੇਲ ਨਾਲ ਬਾਰਬਡੋਸ 'ਚ ਜਨਮੇ ਖਿਡਾਰੀ ਸਨ। ਇਨ੍ਹਾਂ ਤਿੰਨਾਂ ਵਿਚ ਵੀਕਸ ਨੂੰ ਸਭ ਤੋਂ ਮਜ਼ਬੂਤ ਬੱਲੇਬਾਜ਼ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਵੈਸਟਇੰਡੀਜ਼ ਲਈ 48 ਟੈਸਟ ਮੈਚ ਖੇਡੇ। ਵੀਕਸ ਨੇ ਸਰ ਕਲਾਇਡ ਵਾਲਕਾਟ ਤੇ ਸਰ ਫਰੈਂਕ ਵਾਰੇਲ ਨਾਲ ਮਿਲ ਕੇ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿਚ ਵਿਸ਼ਵ ਕ੍ਰਿਕਟ ਦੀ ਸਭ ਤੋਂ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਤਿਆਰ ਕੀਤੀ ਸੀ। ਉਨ੍ਹਾਂ ਨੂੰ ਕੈਰੇਬਿਆਈ ਖੇਤਰ ਵਿਚ ਖੇਡਾਂ ਦਾ ਜਨਕ ਵੀ ਕਿਹਾ ਜਾਂਦਾ ਹੈ। ਵੀਕਸ, ਵਾਲਕਾਟ ਤੇ ਵਾਰੇਲ ਦਾ ਜਨਮ ਬਾਰਬਡੋਸ ਵਿਚ ਅਗਸਤ 1924 ਤੋਂ ਲੈ ਕੇ ਜਨਵਰੀ 1926 ਤਕ 18 ਮਹੀਨਿਆਂ ਦੇ ਅੰਦਰ ਹੋਇਆ ਸੀ ਤੇ ਇਨ੍ਹਾਂ ਤਿੰਨਾਂ ਨੇ 1948 ਵਿਚ ਤਿੰਨ ਹਫ਼ਤੇ ਅੰਦਰ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ।

ਦਿੱਗਜ ਬੱਲੇਬਾਜ਼ ਦਾ ਸ਼ਾਨਦਾਰ ਕਰੀਅਰ :


ਵੀਕਸ ਨੇ 1948-58 ਵਿਚਾਲੇ 58.62 ਦੀ ਔਸਤ ਨਾਲ 4455 ਦੌੜਾਂ ਬਣਾਈਆਂ। ਵੀਕਸ ਨੇ ਕੁੱਲ 15 ਸੈਂਕੜੇ ਲਾਏ। ਵੀਕਸ ਦੀ ਟਾਈਮਿੰਗ ਬਹੁਤ ਸ਼ਾਨਦਾਰ ਸੀ ਤੇ ਉਹ ਬਹੁਤ ਜਲਦੀ ਗੇਂਦ ਦੀ ਲੈਂਥ ਪਛਾਣ ਲੈਂਦੇ ਸਨ। ਉਨ੍ਹਾਂ ਨੇ 152 ਪਹਿਲਾ ਦਰਜਾ ਮੈਚਾਂ ਵਿਚ 12010 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਅੌਸਤ 55.34 ਦੀ ਰਹੀ। ਉਨ੍ਹਾਂ ਨੇ ਪਹਿਲਾ ਦਰਜਾ ਕ੍ਰਿਕਟ ਵਿਚ 36 ਸੈਂਕੜੇ ਲਾਏ ਤੇ ਉਨ੍ਹਾਂ ਦਾ ਸਰਬੋਤਮ ਸਕੋਰ 304 ਦੌੜਾਂ ਰਿਹਾ। ਵੀਕਸ ਨੇ ਲਗਾਤਾਰ ਪੰਜ ਟੈਸਟ ਮੈਚਾਂ 'ਚ ਸੈਂਕੜਾ ਲਾਉਣ ਦਾ ਰਿਕਾਰਡ ਵੀ ਬਣਾਇਆ। ਉਨ੍ਹਾਂ ਨੇ ਇੰਗਲੈਂਡ ਤੇ ਭਾਰਤ ਖ਼ਿਲਾਫ਼ 1948 ਵਿਚ ਪੰਜ ਸੈਂਕੜੇ ਲਾਏ। ਉਨ੍ਹਾਂ ਨੇ ਤਦ ਇੰਗਲੈਂਡ ਖ਼ਿਲਾਫ਼ 141 ਦੌੜਾਂ, ਭਾਰਤ ਖ਼ਿਲਾਫ਼ 128, 194, 162 ਤੇ 101 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਵੀਕਸ ਸਰ ਕਲਾਇਡ ਵਾਲਕਾਟ ਤੇ ਸਰ ਫਰੈਂਕ ਵਾਰੇਲ ਦੇ ਨਾਲ ਮਸ਼ਹੂਰ ਤਿੰਨ ਡਬਲਯੂ ਦਾ ਹਿੱਸਾ ਰਹੇ, ਜਿਨ੍ਹਾਂ ਨੇ ਮਿਲ ਕੇ 39 ਟੈਸਟ ਸੈਂਕੜੇ ਲਾਏ। ਵੈਸਟਇੰਡੀਜ਼ ਕ੍ਰਿਕਟ ਦੇ ਅੱਗੇ ਵਧਣ ਵਿਚ ਵੀਕਸ ਦਾ ਅਹਿਮ ਯੋਗਦਾਨ ਹੈ।


-ਆਈਸੀਸੀ


ਵੀਕਸ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਮੇਰੀ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਹੈ।


-ਰਿੱਕੀ ਸਕੇਰਿਟ, ਪ੍ਰਧਾਨ ਕ੍ਰਿਕਟ ਵੈਸਟਇੰਡੀਜ਼


ਸਰ ਏਵਰਟਨ ਵੀਕਸ ਨਹੀਂ ਰਹੇ। ਹੋਰ ਦੋ ਦਿੱਗਜ ਡਬਲਯੂ ਦੇ ਨਾਲ ਉਨ੍ਹਾਂ ਦੀ ਬੱਲੇਬਾਜ਼ੀ ਦੀਆਂ ਬਹੁਤ ਕਹਾਣੀਆਂ ਸੁਣੀਆਂ ਸਨ। ਤੁਸੀਂ ਹਮੇਸ਼ਾ ਯਾਦਾਂ 'ਚ ਰਹੋਗੇ ਸਰ।


-ਸਚਿਨ ਤੇਂਦੁਲਕਰ, ਸਾਬਕਾ ਭਾਰਤੀ ਬੱਲੇਬਾਜ਼


ਵੈਸਟਇੰਡੀਜ਼ ਦੇ ਦਿੱਗਜ ਵੀਕਸ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਆਈਸੀਸੀ ਦੀ ਬਾਰਬਡੋਸ ਵਿਚ ਹੋਈ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਮਿਲਿਆ ਸੀ। ਉਨ੍ਹਾਂ ਨੂੰ ਮੈਚ ਰੈਫਰੀ ਹੁੰਦਿਆਂ ਸਾਡੇ ਵਿਚਾਲੇ ਹੋਈ ਗੱਲ ਯਾਦ ਸੀ।


-ਅਨਿਲ ਕੁੰਬਲੇ, ਸਾਬਕਾ ਭਾਰਤੀ ਗੇਂਦਬਾਜ਼

Posted By: Rajnish Kaur