ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਭਾਰਤ ਜੂਨ ਵਿਚ ਇੰਗਲੈਂਡ ਵਿਚ ਹੋਣ ਵਾਲੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਹੈ ਤੇ ਉਸ ਨੂੰ ਫ਼ਰਕ ਨਹੀਂ ਪੈਂਦਾ ਕਿ ਇੰਗਲੈਂਡ ਟੀਮ ਜਾਂ ਨਿੰਦਾ ਕਰਨ ਵਾਲੇ ਸਪਿੰਨ ਪਿੱਚ 'ਤੇ ਕੀ ਕਹਿ ਰਹੇ ਹਨ ਤੇ ਅੱਗੇ ਕੀ ਕਹਿਣਗੇ? ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਇੰਗਲੈਂਡ ਨੇ ਚੇਨਈ ਵਿਚ ਹੋਏ ਪਹਿਲੇ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਸੀ। ਉਸ ਮੁਕਾਬਲੇ ਵਿਚ ਭਾਰਤੀ ਸਪਿੰਨਰਾਂ ਨੂੰ ਪਿੱਚ ਤੋਂ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਉਸ ਕਿਊਰੇਟਰ ਨੂੰ ਉਥੋਂ ਘਰੇਲੂ ਟੂਰਨਾਮੈਂਟ ਦੀ ਪਿੱਚ ਬਣਾਉਣ ਲਈ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਚੇਨਈ ਵਿਚ ਦੂਜੇ ਮੈਚ ਲਈ ਟਰਨਿੰਗ ਟ੍ਰੈਕ ਬਣਾਇਆ ਗਿਆ ਤੇ ਚੌਥੇ ਦਿਨ ਹੀ ਭਾਰਤ ਨੇ ਉਸ ਨੂੰ 317 ਦੌੜਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਤੋਂ ਬਾਅਦ ਅਹਿਮਦਾਬਾਦ ਵਿਚ ਹੋਏ ਤੀਜੇ ਡੇ-ਨਾਈਟ ਟੈਸਟ ਵਿਚ ਭਾਰਤ ਨੇ ਦੂਜੇ ਦਿਨ ਹੀ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਦੋ ਦਿਨ ਵਿਚ ਟੈਸਟ ਖ਼ਤਮ ਹੋਣ ਤੋਂ ਬਾਅਦ ਇਸ ਪਿੱਚ 'ਤੇ ਕਾਫੀ ਵਿਵਾਦ ਹੋਇਆ ਹਾਲਾਂਕਿ ਭਾਰਤੀ ਕ੍ਰਿਕਟਰ ਇਸ ਦੇ ਸਮਰਥਨ ਵਿਚ ਹਨ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਤੋਂ ਬਾਅਦ ਭਾਰਤੀ ਟੀਮ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਨੇ ਮੰਗਲਵਾਰ ਨੂੰ ਕਿਹਾ ਕਿ ਇੱਥੇ ਦੀ ਪਿੱਚ ਦੀ ਨਿੰਦਾ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਵਿਦੇਸ਼ ਵਿਚ ਮਿਲਣ ਵਾਲੀਆਂ ਗਿੱਲੀਆਂ ਪਿੱਚਾਂ ਬਾਰੇ ਇਕ ਸ਼ਬਦ ਨਹੀਂ ਕਿਹਾ। ਚੌਥੇ ਟੈਸਟ ਵਿਚ ਇੰਗਲੈਂਡ ਨੂੰ ਮੁੜ ਸਪਿੰਨ ਪਿੱਚ ਲਈ ਤਿਆਰ ਰਹਿਣਾ ਚਾਹੀਦਾ ਹੈ। ਰਹਾਣੇ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਹਿਮਦਾਬਾਦ ਵਿਚ ਹੋਣ ਵਾਲੇ ਚੌਥੇ ਮੈਚ ਦੀ ਵਿਕਟ ਵੀ ਪਿਛਲੇ ਦੋ ਟੈਸਟ ਵਾਂਗ ਹੀ ਹੋਵੇਗੀ। ਹਾਂ ਗੁਲਾਬੀ ਗੇਂਦ ਨੇ ਫ਼ਰਕ ਪਾਇਆ ਸੀ ਤੇ ਉਹ ਲਾਲ ਗੇਂਦ ਦੇ ਮੁਕਾਬਲੇ ਕਾਫੀ ਤੇਜ਼ ਅੰਦਰ ਆ ਰਹੀ ਸੀ। ਸਾਨੂੰ ਉਸ ਨੂੰ ਲੈ ਕੇ ਸੰਤੁਲਨ ਬਣਾਉਣਾ ਪਵੇਗਾ। ਉਨ੍ਹਾਂ ਨੇ ਸਪਿੰਨ ਟ੍ਰੈਕ ਦੀ ਨਿੰਦਾ ਕਰਨ ਵਾਲਿਆਂ ਨੂੰ ਲੈ ਕੇ ਕਿਹਾ ਕਿ ਜੋ ਲੋਕ ਬੋਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਬੋਲਣ ਦਿਓ। ਵਿਦੇਸ਼ ਵਿਚ ਪਹਿਲੇ ਦਿਨ ਵਿਕਟ ਗਿੱਲੀ ਹੁੰਦੀ ਹੈ। ਪਿੱਚ 'ਤੇ ਉਛਾਲ ਉੱਪਰ ਹੇਠਾਂ ਹੋ ਜਾਂਦਾ ਹੈ ਤੇ ਇਹ ਖ਼ਤਰਨਾਕ ਹੁੰਦਾ ਹੈ ਪਰ ਅਸੀਂ ਕਦੀ ਇਸ ਦੀ ਸ਼ਿਕਾਇਤ ਨਹੀਂ ਕੀਤੀ ਤੇ ਨਾ ਹੀ ਕਦੀ ਇਕ ਸ਼ਬਦ ਕਿਹਾ। ਕੋਈ ਇਹ ਨਹੀਂ ਕਹਿੰਦਾ ਕਿ ਇਹ ਕਿੰਨੀ ਸੀਮਿੰਗ ਵਿਕਟ ਹੈ। ਉਹ ਹਮੇਸ਼ਾ ਭਾਰਤੀ ਬੱਲੇਬਾਜ਼ਾਂ ਦੀ ਤਕਨੀਕ ਬਾਰੇ ਹੀ ਗੱਲ ਕਰਦੇ ਹਨ। ਮੈਨੂੰ ਨਹੀਂ ਲਗਦਾ ਕਿ ਸਾਨੂੰ ਇਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਵਿਸ਼ਵ ਕੱਪ ਜਿੱਤਣ ਵਾਂਗ ਹੈ ਟੈਸਟ ਚੈਂਪੀਅਨਸ਼ਿਪ ਫਾਈਨਲ :

ਅਮਿਹਦਾਬਾਦ : ਰਹਾਣੇ ਤੋਂ ਜਦ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ਼ਾਂਤ ਬਿਲਕੁਲ ਸਹੀ ਕਹਿ ਰਹੇ ਸਨ। ਇਸ ਨੂੰ ਜਿੱਤਣਾ ਵਿਸ਼ਵ ਕੱਪ ਜਿੱਤਣ ਵਾਂਗ ਹੀ ਹੋਵੇਗਾ। ਸਾਡਾ ਫੋਕਸ ਚੌਥੇ ਟੈਸਟ 'ਤੇ ਹੋਵੇਗਾ ਜ਼ਿਕਰਯੋਗ ਹੈ ਕਿ ਭਾਰਤ ਨੂੰ ਡਬਲਯੂਟੀਸੀ ਫਾਈਨਲ ਵਿਚ ਪੁੱਜਣ ਲਈ ਚੌਥੇ ਟੈਸਟ ਨੂੰ ਜਿੱਤਣਾ ਜਾਂ ਡਰਾਅ ਕਰਵਾਉਣਾ ਪਵੇਗਾ। ਰਹਾਣੇ ਨੇ ਕਿਹਾ ਕਿ ਅਸੀਂ ਹਮੇਸ਼ਾ ਜਿੱਤ ਲਈ ਜਾਂਦੇ ਹਾਂ। ਅਸੀਂ ਡਰਾਅ ਬਾਰੇ ਨਹੀਂ ਸੋਚ ਰਹੇ ਹਾਂ।

Posted By: Susheel Khanna