ਅਹਿਮਦਾਬਾਦ (ਜੇਐੱਨਐੱਨ) : ਮੋਟੇਰਾ ਵਿਚ ਪੂਰੀ ਤਰ੍ਹਾਂ ਸਪਿੰਨ ਮੁਤਾਬਕ ਪਿੱਚ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਤੀਜੇ ਡੇ-ਨਾਈਟ ਟੈਸਟ ਵਿਚ ਤੇਜ਼ ਗੇਂਦਬਾਜ਼ਾਂ ਦੀ ਵੀ ਸਪਿੰਨਰਾਂ ਜਿੰਨੀ ਹੀ ਭੂਮਿਕਾ ਹੋਵੇਗੀ। ਇਹ ਪੁੱਛਣ 'ਤੇ ਕਿ ਕੀ ਤੀਜੇ ਟੈਸਟ ਵਿਚ ਗੇਂਦ ਦੇ ਸਵਿੰਗ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜਦ ਗੇਂਦ ਸਖ਼ਤ ਤੇ ਚਮਕੀਲੀ ਹੈ ਤਦ ਤਕ ਤੇਜ਼ ਗੇਂਦਬਾਜ਼ਾਂ ਕੋਲ ਮੈਚ ਵਿਚ ਮੌਕਾ ਰਹੇਗਾ। ਕੋਹਲੀ ਨੇ ਮੈਚ ਤੋਂ ਪਹਿਲਾਂ ਪ੍ਰਰੈੱਸ ਕਾਨਫਰੰਸ ਵਿਚ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਹ ਗੇਂਦ ਸਵਿੰਗ ਨਹੀਂ ਕਰੇਗੀ। ਇਹ ਕਹਿਣਾ ਸਹੀ ਵਿਸ਼ਲੇਸ਼ਣ ਨਹੀਂ ਹੈ। ਗੁਲਾਬੀ ਗੇਂਦ ਲਾਲ ਗੇਂਦ ਤੋਂ ਵੱਧ ਸਵਿੰਗ ਕਰਦੀ ਹੈ। ਜਦ 2019 ਵਿਚ (ਬੰਗਲਾਦੇਸ਼ ਖ਼ਿਲਾਫ਼) ਅਸੀਂ ਪਹਿਲੀ ਵਾਰ ਇਸ ਨਾਲ ਖੇਡੇ ਤਾਂ ਅਸੀਂ ਇਹ ਤਜਰਬਾ ਕੀਤਾ। ਕੋਹਲੀ ਨੇ ਇਸ ਅੰਦਾਜ਼ੇ ਨੂੰ ਵੀ ਖਾਰਜ ਕਰ ਦਿੱਤਾ ਕਿ ਜੇ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਤਾਂ ਇੰਗਲੈਂਡ ਦਾ ਪਲੜਾ ਭਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹਾਂ ਕਿ ਇੰਗਲੈਂਡ ਦੀ ਟੀਮ ਦੇ ਮਜ਼ਬੂਤ ਤੇ ਕਮਜ਼ੋਰ ਪੱਖ ਕੀ ਹਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਵੀ ਹਰਾਇਆ ਹੈ ਜਿੱਥੇ ਗੇਂਦ ਬਹੁਤ ਜ਼ਿਆਦਾ ਸਵਿੰਗ ਕਰਦੀ ਹੈ ਇਸ ਲਈ ਅਸੀਂ ਇਸ ਤੋਂ ਪਰੇਸ਼ਾਨ ਨਹੀਂ ਹਾਂ ਤੇ ਹਾਂ, ਵਿਰੋਧੀ ਟੀਮ ਦੀਆਂ ਵੀ ਕਾਫੀ ਕਮਜ਼ੋਰੀਆਂ ਹਨ, ਜੇ ਤੁਸੀਂ ਇਸ ਦਾ ਫ਼ਾਇਦਾ ਉਠਾ ਸਕੋ ਤਾਂ। ਜੇ ਇਹ ਉਨ੍ਹਾਂ ਲਈ ਤੇਜ਼ ਗੇਂਦਬਾਜ਼ ਦੇ ਮੁਤਾਬਕ ਪਿੱਚ ਹੋਵੇਗੀ ਤਾਂ ਸਾਡੇ ਲਈ ਵੀ ਹੋਵੇਗੀ ਤੇ ਸੰਭਵ ਤੌਰ 'ਤੇ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਦੁਨੀਆ ਦਾ ਸਰਬੋਤਮ ਗੇਂਦਬਾਜ਼ੀ ਹਮਲਾ ਹੈ ਇਸ ਲਈ ਗੇਂਦ ਕਿਵੇਂ ਮੂਵ ਕਰੇਗੀ ਇਸ ਨੂੰ ਲੈ ਕੇ ਅਸੀਂ ਚਿੰਤਤ ਨਹੀਂ ਹਾਂ। ਅਸੀਂ ਕਿਸੇ ਵੀ ਹਾਲਾਤ ਲਈ ਤਿਆਰ ਹਾਂ। ਦੋਵੇਂ ਟੀਮਾਂ ਇਸ ਮੁਕਾਬਲੇ ਵਿਚ ਗ਼ੈਰ ਯਕੀਨੀ ਵਿਚਾਲੇ ਉਤਰਨਗੀਆਂ। ਗੁਲਾਬੀ ਗੇਂਦ ਨੂੰ ਤੇਜ਼ ਗੇਂਦਬਾਜ਼ਾਂ ਦੀ ਮਦਦ ਲਈ ਜਾਣਿਆ ਜਾਂਦਾ ਹੈ ਪਰ ਇਹ ਦੇਖਣਾ ਪਵੇਗਾ ਕਿ ਇਸ ਨਾਲ ਸਪਿੰਨਰਾਂ ਨੂੰ ਕਿੰਨੀ ਮਦਦ ਮਿਲਦੀ ਹੈ ਜੋ ਘਰੇਲੂ ਜ਼ਮੀਨ 'ਤੇ ਭਾਰਤ ਦਾ ਮਜ਼ਬੂਤ ਪੱਖ ਹੈ। ਸੀਨੀਅਰ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਸਪਿੰਨ ਲਈ ਢੁੱਕਵੀਂ ਪਿੱਚ ਹੋਵੇਗੀ।

ਗੁਲਾਬੀ ਗੇਂਦ ਨਾਲ ਖੇਡਣਾ ਹੁੰਦੈ ਵੱਧ ਚੁਣੌਤੀਪੂਰਨ

ਕੋਹਲੀ ਨੇ ਕਿਹਾ ਕਿ ਸਤ੍ਹਾ ਚਾਹੇ ਕਿਹੋ ਜਿਹੀ ਵੀ ਹੋਵੇਗੀ, ਗੁਲਾਬੀ ਗੇਂਦ ਦਾ ਸਾਹਮਣਾ ਕਰਨਾ ਲਾਲ ਗੇਂਦ ਦੇ ਮੁਕਾਬਲੇ ਵੱਧ ਚੁਣੌਤੀਪੂਰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪਿੱਚ ਹੋਵੇੇ ਗੁਲਾਬੀ ਗੇਂਦ ਨਾਲ ਖੇਡਣਾ ਵੱਧ ਚੁਣੌਤੀਪੂਰਨ ਹੁੰਦਾ ਹੈ। ਖ਼ਾਸਕਰ ਕੇ ਸ਼ਾਮ ਨੂੰ। ਹਾਂ ਯਕੀਨੀ ਤੌਰ 'ਤੇ ਸਪਿੰਨਰਾਂ ਦੀ ਭੂਮਿਕਾ ਹੋਵੇਗੀ ਪਰ ਮੈਨੂੰ ਨਹੀਂ ਲਗਦਾ ਕਿ ਤੇਜ਼ ਗੇਂਦਬਾਜ਼ਾਂ ਤੇ ਨਵੀਂ ਗੇਂਦ ਦੀ ਅਣਦੇਖੀ ਕੀਤੀ ਜਾ ਸਕਦੀ ਹੈ। ਜਦ ਤਕ ਗੇਂਦ ਸਖ਼ਤ ਤੇ ਚਮਕੀਲੀ ਹੈ ਤਦ ਤਕ ਗੁਲਾਬੀ ਗੇਂਦ ਕਾਰਨ ਮੈਚ ਵਿਚ ਉਨ੍ਹਾਂ ਦੀ ਭੂਮਿਕਾ ਹੋਵੇਗੀ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ ਤੇ ਅਸੀਂ ਇਸੇ ਮੁਤਾਬਕ ਤਿਆਰੀ ਕਰ ਰਹੇ ਹਾਂ।