ਇੰਗਲੈਂਡ ਦੇ ਬਰਮਿੰਘਮ 'ਚ ਰਾਸ਼ਟਮੰਡਲ ਖੇਡਾਂ 'ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਫ਼ਨਮੌਲਾ ਸਨੇਹ ਰਾਣਾ ਦਾ ਆਪਣੇ ਘਰੇਲੂ ਨਗਰ ਦੇਹਰਾਦੂਨ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਚਿਹਰੇ ਤੋਂ ਝਲਕ ਰਹੀ ਖ਼ੁਸ਼ੀ ਦੱਸ ਰਹੀ ਸੀ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੈ। ਰਾਣਾ ਨੇ ਦੱਸਿਆ ਕਿ ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਤੇ ਟੀਮ ਨੇ ਫਾਈਨਲ ਵਿਚ ਥਾਂ ਬਣਾਈ। ਫਾਈਨਲ ਮੈਚ ਵਿਚ ਆਸਟ੍ਰੇਲੀਆ ਹੱਥੋਂ ਮਿਲੀ ਨੌਂ ਦੌੜਾਂ ਦੀ ਹਾਰ ਕਾਰਨ ਅਸੀਂ ਸਿਲਵਰ ਮੈਡਲ ਜਿੱਤਿਆ ਪਰ ਇਹ ਸਿਲਵਰ ਮੈਡਲ ਸਾਡੇ ਲਈ ਗੋਲਡ ਤੋਂ ਵੱਧ ਮਾਅਨੇ ਰੱਖਦਾ ਹੈ। ਸਨੇਹ ਰਾਣਾ ਨਾਲ ਨਿਸ਼ਾਂਤ ਚੌਧਰੀ ਨੇ ਖ਼ਾਸ ਗੱਲਬਾਤ ਕੀਤੀ, ਪੇਸ਼ ਹਨ ਮੁੱਖ ਅੰਸ਼ :

-ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ। ਤੁਸੀਂ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ। ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?

-ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਮੈਡਲ ਜਿੱਤਣਾ ਮਾਣ ਦੀ ਗੱਲ ਹੈ। ਇਹ ਮੇਰੇ ਲਈ ਬਹੁਤ ਖ਼ੁਸ਼ੀ ਦਾ ਪਲ਼ ਹੈ। ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਕ੍ਰਿਕਟ ਦੇ ਸ਼ਾਮਲ ਹੋਣ ਨਾਲ ਮਹਿਲਾ ਕ੍ਰਿਕਟ ਨੂੰ ਨਵੀਂ ਪਛਾਣ ਮਿਲੀ ਹੈ।

-ਭਾਰਤੀ ਟੀਮ ਗੋਲਡ ਮੈਡਲ ਜਿੱਤਣ ਦੇ ਬਹੁਤ ਨੇੜੇ ਸੀ। ਆਖ਼ਰੀ ਓਵਰਾਂ ਵਿਚ ਵਿਕਟਾਂ ਡਿੱਗਣ ਨਾਲ ਸਿਲਵਰ ਨਾਲ ਸਬਰ ਕਰਨਾ ਪਿਆ। ਇਸ ਬਾਰੇ ਕੀ ਕਹਿਣਾ ਚਾਹੋਗੇ?

-ਇਹ ਸਿਲਵਰ ਮੈਡਲ ਸਾਡੇ ਲਈ ਗੋਲਡ ਮੈਡਲ ਤੋਂ ਕਿਤੇ ਵੱਧ ਮਾਅਨੇ ਰੱਖਦਾ ਹੈ। ਰਨ ਆਊਟ ਜਾਂ ਲੱਤ ਅੜਿੱਕਾ ਆਊਟ ਖੇਡ ਦਾ ਹਿੱਸਾ ਹੈ, ਅਸੀਂ ਜੋ ਵੀ ਗ਼ਲਤੀਆਂ ਕੀਤੀਆਂ ਉਨ੍ਹਾਂ ਤੋਂ ਸਿੱਖਿਆ ਲੈ ਕੇ ਅੱਗੇ ਵਧ ਗਏ ਹਾਂ। ਅਸੀਂ ਪਹਿਲੀ ਵਾਰ 'ਚ ਹੀ ਫਾਈਨਲਿਸਟ ਰਹੇ, ਇਹ ਵੀ ਸਾਡੀ ਉਪਲੱਬਧੀ ਹੈ।

-ਹਰਮਨਪਰੀਤ ਕੌਰ ਦੀ ਵਿਕਟ ਤੋਂ ਬਾਅਦ ਤੁਸੀਂ ਜਦ ਚੌਕਾ ਲਾਇਆ ਤਾਂ ਜਿੱਤ ਦੀ ਉਮੀਦ ਜਾਗੀ। ਉਸ ਸਮੇਂ ਪੂਰੇ ਦੇਸ਼ ਦੀਆਂ ਨਜ਼ਰਾਂ ਤੁਹਾਡੇ 'ਤੇ ਟਿਕੀਆਂ ਸਨ। ਤੁਹਾਡੇ ਅੰਦਰ ਕੀ ਚੱਲ ਰਿਹਾ ਸੀ?

-ਬਿਲਕੁਲ, ਹਰਮਨਪ੍ਰਰੀਤ ਸ਼ਾਨਦਾਰ ਖੇਡ ਰਹੀ ਸੀ, ਉਨ੍ਹਾਂ ਨੇ ਸਾਰਿਆਂ ਤੋਂ ਦਬਾਅ ਹਟਾ ਦਿੱਤਾ ਸੀ। ਮੈਂ ਜਿੱਤ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੀ ਸੀ ਪਰ ਖੇਡ ਵਿਚ ਇਹ ਸਭ ਚੱਲਦਾ ਰਹਿੰਦਾ ਹੈ। ਉਹ ਦਿਨ ਸਾਡਾ ਨਹੀਂ ਸੀ। ਅਸੀਂ ਜੋ ਵੀ ਗ਼ਲਤੀਆਂ ਮੈਦਾਨ 'ਤੇ ਕੀਤੀਆਂ, ਉਨ੍ਹਾਂ ਤੋਂ ਸਿੱਖਿਆ ਲੈ ਕੇ ਅੱਗੇ ਵਧੇ ਤੇ ਸਿਲਵਰ ਮੈਡਲ ਜਿੱਤਣ ਦਾ ਜਸ਼ਨ ਮਨਾਇਆ।

-ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਅਰਧ ਸੈਂਕੜਾ ਤੇ ਦੋ ਵਿਕਟਾਂ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਵੀ 15 ਦੌੜਾਂ ਦੇ ਕੇ ਦੋ ਵਿਕਟਾਂ। ਇਸ 'ਤੇ ਕੀ ਕਹਿਣਾ ਚਾਹੋਗੇ?

-ਨਹੀਂ, ਅਜਿਹਾ ਕੁਝ ਨਹੀਂ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਲੋੜ ਸਮੇਂ ਮੈਂ ਆਪਣੀ ਟੀਮ ਲਈ ਯੋਗਦਾਨ ਦੇਵਾਂ ਤੇ ਆਪਣੇ ਦੇਸ਼ ਲਈ ਮੈਚ ਜਿੱਤਣ ਵਿਚ ਯੋਗਦਾਨ ਦੇਵਾਂ। ਵਿਰੋਧੀ ਟੀਮ ਦੇ ਨਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਮੈਦਾਨ 'ਚ ਜਿੱਤ ਦੇ ਇਰਾਦੇ ਨਾਲ ਉਤਰਦੇ ਹਾਂ।

Posted By: Gurinder Singh