ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੌਰੇ 'ਤੇ ਗਈ ਸੀਮਤ ਓਵਰਾਂ ਦੀ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਦੂਜੇ ਵਨ ਡੇ ਮੈਚ ਵਿਚ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ਆਪਣੇ ਨਾਂ ਕਰਨ ਤੋਂ ਬਾਅਦ ਡ੍ਰੈਸਿੰਗ ਰੂਮ ਵਿਚ ਆਪਣੇ ਭਾਸ਼ਣ ਵਿਚ ਕਿਹਾ ਕਿ ਟੀਮ ਇੰਡੀਆ ਨੇ ਚੈਂਪੀਅਨ ਵਾਂਗ ਵਿਰੋਧੀ ਟੀਮ ਨੂੰ ਜਵਾਬ ਦਿੱਤਾ। ਜਿੱਤ ਲਈ 276 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਮੰਗਲਵਾਰ ਨੂੰ 36ਵੇਂ ਓਵਰ ਵਿਚ ਸੱਤ ਵਿਕਟਾਂ 'ਤੇ 193 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਦੀਪਕ ਚਾਹਰ (ਅਜੇਤੂ 69) ਤੇ ਭੁਵਨੇਸ਼ਵਰ ਕੁਮਾਰ (ਅਜੇਤੂ 19) ਦੀ 84 ਦੌੜਾਂ ਦੀ ਅਟੁੱਟ ਭਾਈਵਾਲੀ ਨਾਲ ਹਾਲਾਂਕਿ ਟੀਮ ਪੰਜ ਗੇਂਦਾਂ ਬਾਕੀ ਰਹਿੰਦੇ ਤਿੰਨ ਵਿਕਟਾਂ ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ। ਬੀਸੀਸੀਆਈ ਡਾਟ ਟੀਵੀ 'ਤੇ ਜਾਰੀ ਕੀਤੇ ਗਏ ਵੀਡੀਓ ਵਿਚ ਦ੍ਰਾਵਿੜ ਡ੍ਰੈਸਿੰਗ ਰੂਮ ਵਿਚ ਖਿਡਾਰੀਆਂ ਨੂੰ ਸੰਬੋਧਨ ਕਰਦੇ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜ਼ਾਹਰ ਹੈ ਕਿ ਮੈਚ ਦੇ ਨਤੀਜੇ ਦੇ ਮਾਮਲੇ ਵਿਚ ਅਸੀਂ ਸਹੀ ਥਾਂ ਰਹੇ। ਇਹ ਸ਼ਾਨਦਾਰ ਹੈ ਪਰ ਜੇ ਅਸੀਂ ਮੈਚ ਹਾਰ ਵੀ ਜਾਂਦੇ ਤਾਂ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਨਦਾਰ ਸੀ। ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੀਤਾ। ਅਸੀਂ ਕਿਹਾ ਸੀ ਕਿ ਉਹ ਵਾਪਸੀ ਕਰਨਗੇ, ਸਾਨੂੰ ਪਤਾ ਸੀ ਕਿ ਸਾਨੂੰ ਵਿਰੋਧੀ ਟੀਮ ਦਾ ਸਨਮਾਨ ਕਰਨਾ ਪਵੇਗਾ। ਉਨ੍ਹਾਂ ਤੋਂ ਅਜਿਹੀ ਪ੍ਰਤੀਕਿਰਿਆ ਦੀ ਉਮੀਦ ਸੀ ਕਿਉਂਕਿ ਉਹ ਵੀ ਇਕ ਅੰਤਰਰਾਸ਼ਟਰੀ ਟੀਮ ਹੈ। ਉਨ੍ਹਾਂ ਨੇ ਵਾਪਸੀ ਕੀਤੀ ਪਰ ਅਸੀਂ ਇਕ ਚੈਂਪੀਅਨ ਟੀਮ ਵਾਂਗ ਜਵਾਬ ਦਿੱਤਾ। ਅਸੀਂ ਮੁਸ਼ਕਲ ਹਾਲਾਂਤ ਤੋਂ ਬਾਹਰ ਨਿਕਲਣ ਦਾ ਤਰੀਕਾ ਲੱਭਿਆ। ਤੁਸੀਂ ਸਾਰਿਆਂ ਨੇ ਅਸਲ ਵਿਚ ਚੰਗਾ ਪ੍ਰਦਰਸ਼ਨ ਕੀਤਾ। ਚਾਹਰ ਦੀ ਵਨ ਡੇ ਵਿਚ ਇਹ ਪਹਿਲੀ ਅਰਧ ਸੈਂਕੜੇ ਵਾਲੀ ਪਾਰੀ ਸੀ। ਉਨ੍ਹਾਂ ਨੇ ਭੁਵਨੇਸ਼ਵਰ ਨਾਲ ਸ਼ਾਨਦਾਰ ਸਮਝ ਦਿਖਾਈ। ਦ੍ਰਾਵਿੜ ਨੇ ਕਿਹਾ ਕਿ ਇਹ ਨਿੱਜੀ ਪ੍ਰਦਰਸ਼ਨ ਬਾਰੇ ਗੱਲ ਕਰਨ ਦਾ ਸਹੀ ਸਮਾਂ ਨਹੀਂ ਹੈ ਜ਼ਾਹਰ ਹੈ ਕਿ ਕੁਝ ਸ਼ਾਨਦਾਰ ਨਿੱਜੀ ਪ੍ਰਰਰਦਰਸ਼ਨ ਦੇਖਣ ਨੂੰ ਮਿਲੇ, ਖ਼ਾਸ ਕਰ ਕੇ ਮੈਚ ਦੇ ਆਖ਼ਰੀ ਸਮੇਂ ਵਿਚ। ਅਸੀਂ ਇਸ ਬਾਰੇ ਗੱਲ ਕੀਤੀ ਸੀ, ਅਸੀਂ ਇਸ ਖੇਡ ਵਿਚ ਹਰ ਖਿਡਾਰੀ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹਾਂ। ਜੇ ਤੁਸੀਂ ਪੂਰੇ ਮੈਚ 'ਤੇ ਨਜ਼ਰ ਮਾਰੋ ਤਾਂ ਟੀਮ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ। ਅਸੀਂ ਗੇਂਦਬਾਜ਼ੀ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ।

ਸੂਰਿਆ ਤੇ ਚਾਹਰ ਨੇ ਵੀ ਤਜਰਬੇ ਕੀਤੇ ਸਾਂਝੇ :

ਵੀਡੀਓ ਵਿਚ ਸੂਰਿਆ ਕੁਮਾਰ ਯਾਦਵ ਤੇ ਚਾਹਰ ਵੀ ਮੈਚ ਨੂੰ ਲੈ ਕੇ ਆਪਣੇ ਤਜਰਬਿਆਂ ਨੂੰ ਸਾਂਝਾ ਕਰ ਰਹੇ ਹਨ। ਮੈਚ ਵਿਚ 53 ਦੌੜਾਂ ਦੀ ਪਾਰੀ ਖੇਡਣ ਵਾਲੇ ਸੂਰਿਆ ਕੁਮਾਰ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਜਿਨ੍ਹਾਂ ਮੈਚਾਂ ਦਾ ਹਿੱਸਾ ਰਿਹਾ ਹਾਂ ਉਨ੍ਹਾਂ ਵਿਚ ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਚੰਗਾ ਮੁਕਾਬਲਾ ਰਿਹਾ। ਇਹ ਇਕ ਸ਼ਾਨਦਾਰ ਜਿੱਤ ਹੈ। ਚਾਹਰ ਨੇ ਕਿਹਾ ਕਿ ਹਰ ਵਾਰ ਗੇਂਦਬਾਜ਼ੀ ਕਰਨ ਤੋਂ ਬਾਅਦ ਸਾਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਦਾ ਸੀ। ਅੱਜ ਮਿਲਿਆ, ਚੰਗਾ ਲੱਗਾ। 50 ਓਵਰ ਫੀਲਡਿੰਗ ਕਰਨ ਤੋਂ ਬਾਅਦ ਮੈਂ ਲਗਭਗ 25 ਓਵਰਾਂ ਤਕ ਬੱਲੇਬਾਜ਼ੀ ਕੀਤੀ।