ਹੈਦਰਾਬਾਦ (ਪੀਟੀਆਈ) : ਸਨਰਾਈਜਰਜ਼ ਹੈਦਰਾਬਾਦ ਨੂੰ ਹਰਾ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪੁੱਜੀ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਖ਼ੁਦ 'ਤੇ ਯਕੀਨ ਹੈ ਕਿ ਉਹ ਆਈਪੀਐੱਲ ਜਿੱਤ ਸਕਦੇ ਹਨ। ਦਿੱਲੀ ਦੀਆਂ ਸੱਤ ਵਿਕਟਾਂ 'ਤੇ 155 ਦੌੜਾਂ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ 18.5 ਓਵਰਾਂ ਵਿਚ 116 ਦੌੜਾਂ 'ਤੇ ਆਊਟ ਹੋ ਗਈ। ਅਈਅਰ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਲਗਦਾ ਹੈ ਕਿ ਅਸੀਂ ਆਈਪੀਐੱਲ ਜਿੱਤ ਸਕਦੇ ਹਾਂ।

ਰਿਸ਼ਭ ਪੰਤ ਨਾਲ ਉਨ੍ਹਾਂ ਨੇ ਚੌਥੀ ਵਿਕਟ ਲਈ 56 ਦੌੜਾਂ ਦੀ ਭਾਈਵਾਲੀ ਕੀਤੀ। ਟੀਮ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਤ ਤੇ ਮੈਂ ਅੰਡਰ-19 ਦਿਨਾਂ ਵਿਚ ਵੀ ਇਕੱਠੇ ਖੇਡਿਆ ਹੈ। ਇਹ ਤਾਲਮੇਲ ਸੁਭਾਵਿਕ ਹੈ। ਸਾਨੂੰ ਸਾਰਿਆਂ ਨੂੰ ਆਪਣੀ ਯੋਗਤਾ 'ਤੇ ਯਕੀਨ ਹੈ। ਚਾਰ ਵਿਕਟਾਂ ਲੈਣ ਵਾਲੇ ਕੈਗਿਸੋ ਰਬਾਦਾ ਨੇ ਕਿਹਾ ਕਿ ਅਸੀਂ ਰਣਨੀਤੀ ਬਣਾਈ ਸੀ ਤੇ ਉਸ 'ਤੇ ਡਟੇ ਰਹੇ। ਅਸੀਂ ਹਾਲਾਤ ਮੁਤਾਬਕ ਤਬਦੀਲੀਆਂ ਕੀਤੀਆਂ ਜੋ ਕਿ ਕਾਰਗਰ ਸਾਬਿਤ ਹੋਈਆਂ। ਵਿਦੇਸ਼ੀ ਖਿਡਾਰੀ ਹੋਣ ਕਾਰਨ ਮੇਰੇ 'ਤੇ ਜ਼ਿੰਮੇਵਾਰੀ ਸੀ ਜੋ ਮੈਂ ਨਿਭਾਈ। ਅਸੀਂ ਸਾਰੇ ਪਹਿਲੂਆਂ 'ਤੇ ਕੰਮ ਕਰ ਰਹੇ ਹਾਂ। ਸਨਰਾਈਜਰਜ਼ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਪਹਿਲੇ ਅੱਧ ਵਿਚ ਗੇਂਦਬਾਜ਼ੀ ਵਿਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਪਰ ਦੂਜੇ ਅੱਧ ਵਿਚ ਅਸੀਂ ਚੰਗੀ ਬੱਲੇਬਾਜ਼ੀ ਨਾ ਕਰ ਸਕੇ। ਅਸੀਂ ਕਦੀ ਖ਼ੁਦ 'ਤੇ ਮਾਣ ਨਹੀਂ ਕੀਤਾ ਕਿਉਂਕਿ ਕੋਈ ਵੀ ਟੀਮ ਕਿਸੇ ਵੀ ਸਮੇਂ ਕਿਸੇ ਨੂੰ ਵੀ ਹਰਾ ਸਕਦੀ ਹੈ। ਦਿੱਲੀ ਨੇ ਹਾਲਾਤ ਦਾ ਫ਼ਾਇਦਾ ਉਠਾਇਆ ਤੇ ਉਹ ਜਿੱਤ ਦੀ ਹੱਕਦਾਰ ਸੀ।