ਈਸਟ ਲੰਡਨ (ਏਐੱਫਪੀ) : ਤੇਜ਼ ਗੇਂਦਬਾਜ਼ ਲੂੰਗੀ ਨਗੀਦੀ ਨੇ ਆਪਣੇ ਆਖ਼ਰੀ ਦੋ ਓਵਰਾਂ 'ਚ ਤਿੰਨ ਵਿਕਟਾਂ ਲਈਆਂ ਜਿਸ ਨਾਲ ਦੱਖਣੀ ਅਫਰੀਕਾ ਨੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ ਖ਼ਿਲਾਫ਼ ਇਕ ਦੌੜ ਦੀ ਰੋਮਾਂਚਕ ਜਿੱਤ ਹਾਸਲ ਕੀਤੀ।

ਦੱਖਣੀ ਅਫਰੀਕਾ ਦੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ ਜੇਸਨ ਰਾਏ (70) ਤੇ ਕਪਤਾਨ ਇਯੋਨ ਮੋਰਗਨ (52) ਦੇ ਅਰਧ-ਸੈਂਕੜਿਆਂ ਦੀ ਬਦੌਲਤ ਇੰਗਲੈਂਡ ਦੀ ਟੀਮ ਇਕ ਸਮੇਂ ਮਜ਼ਬੂਤ ਸਥਿਤੀ 'ਚ ਸੀ ਪਰ ਆਖਰੀ ਤਿੰਨ ਓਵਰਾਂ 'ਚ ਨਗੀਦੀ (ਤਿੰਨ ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਨੇ ਪਾਸਾ ਪਲਟ ਦਿੱਤਾ। ਇੰਗਲੈਂਡ ਨੇ ਛੇ ਵਿਕਟਾਂ 24 ਦੌੜਾਂ 'ਤੇ ਗਵਾ ਦਿੱਤੀਆਂ ਤੇ ਟੀਮ ਨੇ ਵਿਕਟਾਂ 'ਤੇ 176 ਦੌੜਾਂ ਹੀ ਬਣਾ ਸਕੀ। ਆਂਦਿਲੇ ਫੇਲੁਕਵਾਓ ਤੇ ਬਿਊਰਨ ਹੈਂਡਿ੍ਕਸ ਨੇ ਵੀ ਦੋ-ਦੋ ਵਿਕਟਾਂ ਲਈਆਂ। ਇੰਗਲੈਂਡ ਨੂੰ ਆਖਰੀ ਓਵਰ 'ਚ ਜਿੱਤ ਲਈ 7 ਦੋੜਾਂ ਦੀ ਲੋੜ ਸੀ ਪਰ ਨਗੀਦੀ ਨੇ ਟਾਮ ਕੁਰਰਨ ਤੇ ਮੋਈਨ ਅਲੀ ਨੂੰ ਪੈਵੇਲੀਅਨ ਭੇਜ ਦਿੱਤਾ। ਉਨ੍ਹਾਂ ਇਸ ਓਵਰ 'ਚ ਸਿਰਫ ਪੰਜ ਦੌੜਾਂ ਦੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਆਦਿਲ ਰਸ਼ੀਦ ਆਖਰੀ ਗੇਂਦ 'ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ 'ਚ ਰਨ ਆਊਟ ਹੋ ਗਏ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਕਪਤਾਨ ਕਵਿੰਟਨ ਡਿਕੋਕ (31) ਤੇ ਤੇਂਬਾ ਬਾਵੁਮਾ (43) ਨੇ ਪਹਿਲੇ ਵਿਕਟ ਲਈ 26 ਗੇਂਦਾਂ 'ਚ 48 ਦੌੜਾਂ ਜੋੜ ਕੇ ਤੇਜ਼ ਸ਼ੁਰੂਆਤ ਦਿਵਾਈ। ਬਾਵੁਮਾ ਨੇ ਵਾਨ ਡੇਰ ਡੁਸੇਨ (31) ਨਾਲ ਵੀ ਦੂਸਰੀ ਵਿਕਟ ਲਈ 63 ਦੌੜਾਂ ਜੋੜੀਆਂ ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕੋਈ ਬੱਲੇਬਾਜ਼ ਟਿਕ ਕੇ ਖੇਡ ਨਹੀਂ ਸਕਿਆ।