ਛੇ ਮਾਰਚ 1971 ਨੂੰ ਜਦ ਪੋਰਟ ਆਫ ਸਪੇਨ ਵਿਚ ਪੰਜ ਫੁੱਟ ਪੰਜ ਇੰਚ ਦਾ ਭਾਰਤੀ ਮੁੰਡਾ ਪਹਿਲੀ ਵਾਰ ਉਸ ਸਮੇਂ ਦੀ ਸਰਬੋਤਮ ਕੈਰੇਬਿਆਈ ਟੀਮ ਖ਼ਿਲਾਫ਼ ਉਸ ਦੇ ਘਰ ਵਿਚ ਬਿਨਾਂ ਹੈਲਮਟ ਦੇ ਉਤਰਿਆ ਤਾਂ ਕਿਸੇ ਨੂੰ ਨਹੀਂ ਲੱਗਾ ਸੀ ਕਿ ਉਹ ਇੰਨੀ ਦੂਰ ਤਕ ਜਾਵੇਗਾ। ਉਹ ਮੁੰਡਾ ਪਹਿਲਾਂ ਦੁਨੀਆ ਦਾ ਸਰਬੋਤਮ ਬੱਲੇਬਾਜ਼ ਬਣਿਆ ਤੇ ਬਾਅਦ ਵਿਚ ਕ੍ਰਿਕਟ ਦਾ ਸਭ ਤੋਂ ਵੱਡਾ ਦਿੱਗਜ। ਜੀ ਅਸੀਂ ਗੱਲ ਕਰ ਰਹੇ ਹਾਂ 71 ਸਾਲ ਦੇ ਸੁਨੀਲ ਗਾਵਸਕਰ ਦੀ। ਸ਼ਨਿਚਰਵਾਰ ਨੂੰ ਗਾਵਸਕਰ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਦੇ 50 ਸਾਲ ਹੋ ਜਾਣਗੇ। ਇਸ ਮੌਕੇ 'ਤੇ ਅਭਿਸ਼ੇਕ ਤਿ੍ਪਾਠੀ ਨੇ ਸੁਨੀਲ ਗਾਵਸਕਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਤੋਂ ਬਾਅਦ 50 ਸਾਲ, ਕੀ ਸੋਚਦੇ ਹੋ?

ਇਹ 50 ਸਾਲ ਬਹੁਤ ਖ਼ੁਸ਼ੀ ਦੇਣ ਵਾਲੇ ਰਹੇ ਹਨ। ਇਹ ਮੇਰੀ ਕਿਸਮਤ ਸੀ ਕਿ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ। ਕੁਝ ਅਜਿਹੇ ਪਲ਼ ਸਨ ਜਿਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਕੁਝ ਚੰਗੇ ਪਲ਼ ਸਨ ਤੇ ਕੁਝ ਖ਼ਰਾਬ ਪਲ਼ ਜਿਸ ਵਿਚ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਹਾਲਾਂਕਿ ਅਸੀਂ ਉਸ ਤੋਂ ਵੀ ਅੱਗੇ ਨਿਕਲੇ ਤੇ ਜਿੱਤ ਹਾਸਲ ਕੀਤੀ। ਯਕੀਨੀ ਤੌਰ 'ਤੇ ਇਸ ਸਮੇਂ ਖ਼ਾਸ ਜਿਹਾ ਅਹਿਸਾਸ ਹੋ ਰਿਹਾ ਹੈ।

ਕ੍ਰਿਕਟ ਨਾ ਹੁੰਦੇ ਤਾਂ ਕੀ ਹੁੰਦੇ ?

ਮੇਰਾ ਮਨ ਸੀ ਕਿ ਮੈਂ ਡਾਕਟਰ ਬਣ ਜਾਵਾਂ। ਮੇਰੀ ਭੂਆ ਡਾਕਟਰ ਸੀ। ਮੈਂ ਉਨ੍ਹਾਂ ਦੀ ਡਿਸਪੈਂਸਰੀ ਵਿਚ ਜਾਇਆ ਕਰਦਾ ਸੀ। ਉਥੇ ਮੱਧ ਵਰਗ ਤੇ ਗ਼ਰੀਬ ਲੋਕ ਇਲਾਜ ਕਰਵਾਉਣ ਆਉਂਦੇ ਸਨ। ਉਹ ਉਨ੍ਹਾਂ ਦੀ ਦੇਖਭਾਲ ਕਰਦੀ ਸੀ। ਮਰੀਜ਼ਾਂ ਦੀਆਂ ਅੱਖਾਂ ਵਿਚ ਮੇਰੀ ਭੂਆ ਲਈ ਜੋ ਸਨਮਾਨ ਤੇ ਪਿਆਰ ਸੀ ਉਸ ਨੂੰ ਦੇਖ ਕੇ ਮੈਂ ਡਾਕਟਰ ਬਣਨਾ ਚਾਹੁੰਦਾ ਸੀ। ਮੈਂ ਹਮੇਸ਼ਾ ਮੰਨਦਾ ਆਇਆ ਹਾਂ ਕਿ ਇਹ ਦੁਨੀਆ ਦਾ ਸਭ ਤੋਂ ਬਿਹਤਰ ਕੰਮ ਹੈ। ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਤੁਸੀਂ ਠੀਕ ਕਰ ਦਿੰਦੇ ਹੋ, ਕਿਸੇ ਨੂੰ ਦਰਦ ਹੋ ਰਿਹਾ ਹੈ ਤਾਂ ਦਵਾਈਆਂ ਦਿੰਦੇ ਹੋ, ਦਿਲਾਸਾ ਦਿੰਦੇ ਹੋ। ਹਾਲਾਂਕਿ ਜਦ ਮੈਂ ਦੂਜੀ ਜਾਂ ਤੀਜੀ ਜਮਾਤ ਵਿਚ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਅੰਦਰ ਓਨੀ ਯੋਗਤਾ ਨਹੀਂ ਹੈ ਕਿ ਮੈਂ ਅੱਗੇ ਡਾਕਟਰ ਬਣਾਂ।

ਕੀ ਇਸੇ ਕਾਰਨ ਤੁਸੀਂ ਬਿਮਾਰ ਬੱਚਿਆਂ ਦੀ ਮਦਦ ਕਰਦੇ ਹੋ?

ਮੈਂ ਹਾਟਰ ਟੂ ਹਾਰਟ ਫਾਊਂਡੇਸ਼ਨ ਦਾ ਟਰੱਸਟੀ ਹਾਂ। ਇਹ ਤਿੰਨ ਥਾਵਾਂ 'ਤੇ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਚਲਾਉਂਦੇ ਹਨ। ਇਸ ਵਿਚ ਛੋਟੇ ਬੱਚੇ ਆਉਂਦੇ ਹਨ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੁੰਦੀ ਹੈ। 17-18 ਸਾਲ ਤਕ ਕਦੀ ਤਾਂ ਉਸ ਤੋਂ ਵੀ ਵੱਧ ਸਮੇਂ ਤਕ ਉਨ੍ਹਾਂ ਦਾ ਇਲਾਜ਼ ਮੁਫ਼ਤ ਹੁੰਦਾ ਹੈ। ਜੋ ਮੇਰੇ ਕੋਲੋ ਹੁੰਦਾ ਹੈ ਉਹ ਮੈਂ ਸਹਿਯੋਗ ਕਰਦਾ ਹਾਂ, ਪਰ ਇਹ ਕੁਝ ਵੀ ਨਹੀਂ ਹੈ ਕਿਉਂਕਿ ਲੋੜ ਇਸ ਤੋਂ ਬਹੁਤ ਵੱਧ ਹੈ।

ਕੀ ਤੁਸੀਂ ਭਲਵਾਨ ਵੀ ਬਣਨਾ ਚਾਹੁੰਦੇ ਸੀ?

ਜੀ ਹਾਂ ਮੇਰੇ ਤਾਇਆ ਜੀ ਮੈਨੂੰ ਵਰਲੀ ਦੇ ਵੱਲਭਭਾਈ ਪਟੇਲ ਸਟੇਡੀਅਮ ਵਿਚ ਲੈ ਕੇ ਜਾਇਆ ਕਰਦੇ ਸਨ। ਉਥੇ ਫ੍ਰੀਸਟਾਈਲ ਕੁਸ਼ਤੀ ਕਰਨ ਦਾਰਾ ਸਿੰਘ ਜੀ ਆਇਆ ਕਰਦੇ ਸਨ। ਉਥੇ ਪਾਕਿਸਤਾਨ ਤੋਂ ਅਕਰਮ ਨਾਂ ਦੇ ਭਲਵਾਨ ਵੀ ਆਇਆ ਕਰਦੇ ਸਨ। ਜਦ ਦਾਰਾ ਸਿੰਘ ਤੇ ਅਕਰਮ ਵਿਚਾਲੇ ਕੁਸ਼ਤੀ ਹੁੰਦੀ ਤਾਂ ਬਹੁਤ ਮਜ਼ਾ ਆਉਂਦਾ ਸੀ। ਦਾਰਾ ਸਿੰਘ ਜਦ ਵਿਰੋਧੀ ਨੂੰ ਸਿਰ 'ਤੇ ਚੁੱਕ ਕੇ ਘੁਮਾਉਂਦੇ ਸਨ ਤਾਂ ਸਭ ਉੱਠ ਕੇ ਜਾਣ ਲਗਦੇ ਸਨ ਕਿਉਂਕਿ ਸਭ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਮੁਕਾਬਲਾ ਖ਼ਤਮ ਹੋ ਗਿਆ। ਤਦ ਮੈਨੂੰ ਕੁਸ਼ਤੀ ਨਾਲ ਪਿਆਰ ਹੋ ਗਿਆ।

ਕੀ ਕੋਈ ਅਜਿਹਾ ਦੁੱਖ ਹੈ ਕਿ ਉਹ ਕੰਮ ਮੈਂ ਨਹੀਂ ਕਰ ਸਕਿਆ?

ਨਹੀਂ ਕੋਈ ਦੁੱਖ ਨਹੀਂ ਹੈ। ਮੈਂ ਕਾਫੀ ਸੰਤੁਸ਼ਟ ਹਾਂ। ਰੱਬ ਦੀ ਕ੍ਰਿਪਾ ਹੈ। ਉਸੇ ਕਾਰਨ ਮੈਂ ਅੱਜ ਇੱਥੇ ਹਾਂ।

ਸੱਤ ਜੂਨ 1975 ਨੂੰ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ ਵਿਚ 174 ਗੇਂਦਾਂ ਵਿਚ ਤੁਹਾਡੀਆਂ 36 ਦੌੜਾਂ। ਕੀ ਤੁਸੀਂ ਵਨ ਡੇ ਫਾਰਮੈਟ ਤੋਂ ਨਾਰਾਜ਼ ਸੀ?

ਦੇਖੋ ਕੀ ਹੋਇਆ, ਉਸ ਸਮੇਂ ਭਾਰਤੀ ਟੀਮ ਜ਼ਿਆਦਾ ਵਨ ਡੇ ਖੇਡਦੀ ਨਹੀਂ ਸੀ ਤੇ ਸਾਨੂੰ ਉਸ ਦਾ ਅਭਿਆਸ ਨਹੀਂ ਸੀ। ਪਿੱਚ 'ਤੇ ਥੋੜ੍ਹਾ ਘਾਹ ਸੀ ਤੇ ਗੇਂਦ ਹਿੱਲ ਰਹੀ ਸੀ। 10-15 ਓਵਰ ਤਾਂ ਗੇਂਦ ਬੱਲੇ 'ਤੇ ਆਈ ਹੀ ਨਹੀਂ। ਮੈਂ ਜਾਂ ਤਾਂ ਪਲੇ ਐਂਡ ਮਿਸ ਕਰ ਰਿਹਾ ਸੀ ਜਾਂ ਗੇਂਦ ਪੈਡ ਵਿਚ ਲੱਗ ਰਹੀ ਸੀ। ਜਦ ਗੇਂਦ ਹਾਫ ਵਾਲੀ ਆਈ ਜਾਂ ਹਾਫ ਪਿੱਚ 'ਤੇ ਆਈ ਤਾਂ ਮੈਂ ਉਸ 'ਤੇ ਕੱਟ ਤੇ ਡਰਾਈਵ ਕੀਤੇ ਪਰ ਗੇਂਦ ਸਿੱਧੇ ਫੀਲਡਰ ਕੋਲ ਗਈ। 2018 ਵਿਚ ਇੰਗਲੈਂਡ ਖ਼ਿਲਾਫ਼ ਵਨ ਡੇ ਵਿਚ ਉਸੇ ਲਾਰਡਜ਼ ਮੈਦਾਨ 'ਤੇ ਦਿੱਗਜ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਖੇਡਦੇ ਦੇਖਿਆ ਜਿਨ੍ਹਾਂ ਕੋਲ ਬਹੁਤ ਸ਼ਾਟ ਹਨ। ਉਨ੍ਹਾਂ ਦੀ ਪਾਰੀ ਵੀ ਉਸੇ ਤਰ੍ਹਾਂ ਚੱਲ ਰਹੀ ਸੀ। ਉਨ੍ਹਾਂ ਦੀ ਪਾਰੀ ਦੇਖ ਕੇ ਮੈਨੂੰ ਆਪਣੀ 36 ਦੌੜਾਂ ਦੀ ਪਾਰੀ ਯਾਦ ਆ ਗਈ ਪਰ ਮੈਂ ਤੁਲਨਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਸੀਮਤ ਓਵਰਾਂ ਦੇ ਕ੍ਰਿਕਟ ਵਿਚ ਧੋਨੀ ਮੇਰੇ ਤੋਂ ਬਹੁਤ ਚੰਗੇ ਕ੍ਰਿਕਟਰ ਹਨ।

ਤੁਹਾਡੇ ਸਮੇਂ ਤੋਂ ਹੁਣ ਕ੍ਰਿਕਟ ਕਿੰਨਾ ਬਦਲਿਆ?

ਮੇਰੇ ਹਿਸਾਬ ਨਾਲ ਇਹ ਖੇਡ ਬਹੁਤ ਬਦਲ ਗਈ ਹੈ ਤੇ ਚੰਗੇ ਲਈ ਬਦਲੀ ਹੈ। ਪਿਛਲੇ 15 ਸਾਲ ਵਿਚ ਇਹ ਕਰੀਅਰ ਦਾ ਬਦਲ ਬਣ ਗਿਆ ਹੈ। ਆਈਪੀਐੱਲ ਤੋਂ ਪਹਿਲਾਂ ਤੇ ਸੈਟੇਲਾਈਟ ਟੀਵੀ ਰਾਇਟਸ ਆਉਣ ਤੋਂ ਪਹਿਲਾਂ ਹਰ ਕ੍ਰਿਕਟਰ ਖੇਡਣ ਤੋਂ ਇਲਾਵਾ ਨੌਕਰੀ ਵੀ ਕਰਦਾ ਸੀ। ਤਦ ਭਾਰਤੀ ਟੀਮ ਵੀ ਸਾਲ ਵਿਚ 10-11 ਮਹੀਨੇ ਕ੍ਰਿਕਟ ਨਹੀਂ ਖੇਡਦੀ ਸੀ। ਤਦ ਤਿੰਨ-ਚਾਰ ਮਹੀਨੇ ਦੀ ਕ੍ਰਿਕਟ ਸੀ ਤੇ ਉਸ ਤੋਂ ਬਾਅਦ ਕ੍ਰਿਕਟਰਾਂ ਨੂੰ ਨੌਕਰੀ ਕਰਨੀ ਪੈਂਦੀ ਸੀ।

ਮੌਜੂਦਾ ਕ੍ਰਿਕਟਰਾਂ ਵਿਚ ਕੌਣ ਪਸੰਦੀਦਾ ਹਨ?

ਹੁਣ ਜੋ ਖੇਡ ਰਹੇ ਹਨ ਉਨ੍ਹਾਂ ਵਿਚ ਮੈਨੂੰ ਰੋਹਿਤ ਸ਼ਰਮਾ ਬਹੁਤ ਪਸੰਦ ਹਨ ਕਿਉਂਕਿ ਉਹ ਬੱਲੇਬਾਜ਼ੀ ਨੂੰ ਬਹੁਤ ਆਸਾਨ ਕਰਦੇ ਹਨ। ਦੂਜੇ ਕੇਨ ਵਿਲੀਅਮਸਨ ਹਨ ਜਿਨ੍ਹਾਂ ਕੋਲ ਬਹੁਤ ਚੰਗੀ ਤਕਨੀਕ ਹੈ। ਉਹ ਜਿਸ ਤਰ੍ਹਾਂ ਸਾਰੇ ਫਾਰਮੈਟਾਂ ਵਿਚ ਬੱਲੇਬਾਜ਼ੀ ਕਰਦੇ ਹਨ ਉਹ ਬਹੁਤ ਚੰਗਾ ਲਗਦਾ ਹੈ। ਵਿਰਾਟ ਕੋਹਲੀ ਵੀ ਚੰਗੇ ਹਨ।

Posted By: Susheel Khanna