ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਟੀਮ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਮੋਢੇ ਦੀ ਸੱਟ ਕਾਰਨ ਆਗਾਮੀ ਜ਼ਿੰਬਾਬਵੇ ਦੌਰੇ ਤੋਂ ਬਾਹਰ ਹੋ ਗਏ ਹਨ। ਭਾਰਤ ਫਿਲਹਾਲ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਜ਼ਿੰਬਾਬਵੇ ’ਚ ਹੈ। ਸੀਰੀਜ਼ ਦਾ ਪਹਿਲਾ ਮੈਚ 18 ਅਗਸਤ ਨੂੰ ਖੇਡਿਆ ਜਾਵੇਗਾ, ਜਦਕਿ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 20 ਅਤੇ 22 ਅਗਸਤ ਨੂੰ ਖੇਡਿਆ ਜਾਵੇਗਾ। ਸੁੰਦਰ ਨੂੰ ਮਾਨਚੈਸਟਰ ਇੰਗਲੈਂਡ ’ਚ ਲਿਸਟ-ਏ ਮੈਚ ਦੌਰਾਨ ਮੋਢੇ ’ਤੇ ਸੱਟ ਲੱਗ ਗਈ ਸੀ। ਸੁੰਦਰ ਨੇ ਇੰਗਲੈਂਡ ਤੋਂ ਸਿੱਧਾ ਜ਼ਿੰਬਾਬਵੇ ਲਈ ਰਵਾਨਾ ਹੋਣਾ ਸੀ ਪਰ ਹੁਣ ਉਹ ਨੈਸ਼ਨਲ ਕਿ੍ਰਕਟ ਅਕੈਡਮੀ ’ਚ ਹੀ ਰਹੇਗਾ।

ਮੋਢੇ ਦੀ ਸੱਟ ਕਾਰਨ ਉਸ ਦੇ ਆਗਾਮੀ ਟੀ-20 ਵਿਸ਼ਵ ਕੱਪ ਖੇਡਣ ਨੂੰ ਲੈ ਕੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਵਾਸ਼ਿੰਗਟਨ ਸੁੰਦਰ ਜ਼ਿੰਬਾਬਵੇ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਉਹ ਖੱਬੇ ਮੋਢੇ ਦੀ ਸੱਟ ਨਾਲ ਜੂਝ ਰਿਹਾ ਹੈ। ਉਹ ਰਾਇਲ ਲੰਡਨ ਕੱਪ ’ਚ ਇਕ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ।

ਜ਼ਿੰਬਾਬਵੇ ਦੌਰੇ ’ਤੇ ਵਾਸ਼ਿੰਗਟਨ ਸੁੰਦਰ ਦੀ ਗੈਰ-ਮੌਜੂਦਗੀ ਵੀ ਟੀਮ ਇੰਡੀਆ ਲਈ ਝਟਕਾ ਹੈ ਕਿਉਂਕਿ ਉਸ ਨੇ ਗਾਬਾ ਮੈਦਾਨ ’ਤੇ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਇੰਡੀਆ ਦੀ 2-1 ਨਾਲ ਸੀਰੀਜ਼ ਜਿੱਤਣ ’ਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਸ ਨੇ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਸੁੰਦਰ 2021 ਦੇ ਇੰਗਲੈਂਡ ਦੌਰੇ ਲਈ ਵੀ ਭਾਰਤੀ ਟੀਮ ਦੇ ਨਾਲ ਸੀ ਪਰ ਅਭਿਆਸ ਮੈਚ ’ਚ ਉਸ ਦੀ ਉਂਗਲੀ ’ਤੇ ਸੱਟ ਲੱਗ ਗਈ ਅਤੇ ਉਹ ਮੈਚ ਨਹੀਂ ਖੇਡ ਸਕਿਆ। ਉਹ ਦੱਖਣੀ ਅਫਰੀਕਾ ਖਿਲਾਫ ਵਨਡੇ ਤੋਂ ਪਹਿਲਾਂ ਵੀ ਕੋਵਿਡ ਪਾਜ਼ੇਟਿਵ ਹੋ ਗਿਆ ਸੀ। ਇਕ ਵਾਰ ਫਿਰ ਜਦੋਂ ਉਹ ਕਾਉਂਟੀ ਕਿ੍ਰਕਟ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਜ਼ਿੰਬਾਬਵੇ ਦਾ ਦੌਰਾ ਕਰਨ ਲਈ ਤਿਆਰ ਸੀ, ਤਾਂ ਉਸ ਨੂੰ ਸੱਟ ਕਾਰਨ ਬਾਹਰ ਹੋਣਾ ਪਿਆ।

Posted By: Harjinder Sodhi