ਨਵੀਂ ਦਿੱਲੀ (ਪੀਟੀਆਈ) : ਕੋਚ ਰਵੀ ਸ਼ਾਸਤਰੀ ਦੀ ਡ੍ਰੈਸਿੰਗ ਰੂਮ ਵਿਚ ਦਿੱਤੀ ਗਈ ਮਜ਼ਬੂਤੀ ਤੇ ਵਚਨਬੱਧਤਾ ਦੀ ਸਿੱਖਿਆ ਨੇ ਨੌਜਵਾਨ ਵਾਸ਼ਿੰਗਟਨ ਸੁੰਦਰ ਲਈ ਟਾਨਿਕ ਦਾ ਕੰਮ ਕੀਤਾ ਜੋ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਨ ਜਿਸ ਵਿਚ ਟੈਸਟ ਮੈਚਾਂ ਵਿਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਨਾ ਵੀ ਸ਼ਾਮਲ ਹੈ। 21 ਸਾਲਾ ਵਾਸ਼ਿੰਗਟਨ ਭਾਰਤ ਅੰਡਰ-19 ਦੇ ਦਿਨਾਂ ਵਿਚ ਸਿਖ਼ਰਲੇ ਮਾਹਿਰ ਬੱਲੇਬਾਜ਼ ਸਨ ਪਰ ਉਨ੍ਹਾਂ ਨੇ ਆਪਣੀ ਆਫ ਸਪਿੰਨ ਨੂੰ ਨਿਖਾਰਿਆ ਤੇ ਭਾਰਤੀ ਟੀ-20 ਟੀਮ ਵਿਚ ਥਾਂ ਬਣਾਈ। ਬਿ੍ਸਬੇਨ ਵਿਚ ਭਾਰਤੀ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਾਸ਼ਿੰਗਟਨ ਨੇ ਕਿਹਾ ਕਿ ਜੇ ਮੈਨੂੰ ਕਦੀ ਭਾਰਤ ਵੱਲੋਂ ਟੈਸਟ ਮੈਚਾਂ ਵਿਚ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਮੇਰੇ ਲਈ ਵਰਦਾਨ ਹੋਵੇਗਾ।

ਮੈਨੂੰ ਲਗਦਾ ਹੈ ਕਿ ਮੈਂ ਉਸੇ ਤਰ੍ਹਾਂ ਇਸ ਨੂੰ ਚੁਣੌਤੀ ਦੇ ਰੂਪ ਵਿਚ ਸਵੀਕਾਰ ਕਰਾਂਗਾ ਜਿਵੇਂ ਸਾਡੇ ਕੋਚ ਰਵੀ ਨੇ ਆਪਣੇ ਖੇਡ ਦੇ ਦਿਨਾਂ ਵਿਚ ਕੀਤਾ ਸੀ। ਵਾਸ਼ਿੰਗਟਨ ਨੇ ਗਾਬਾ ਵਿਚ ਪਹਿਲੀ ਪਾਰੀ ਵਿਚ 62 ਦੌੜਾਂ ਬਣਾ ਕੇ ਭਾਰਤ ਨੂੰ ਮੈਚ ਵਿਚ ਬਣਾਈ ਰੱਖਿਆ ਤੇ ਫਿਰ ਦੂਜੀ ਪਾਰੀ ਵਿਚ 22 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿਚ ਪੈਟ ਕਮਿੰਸ 'ਤੇ ਲਾਇਆ ਗਿਆ ਛੱਕਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚਾਰ ਵਿਕਟਾਂ ਵੀ ਲਈਆਂ ਸਨ।

ਉਨ੍ਹਾਂ ਨੇ ਕਿਹਾ ਕਿ ਰਵੀ ਨੇ ਸਾਨੂੰ ਖੇਡ ਦੇ ਆਪਣੇ ਦਿਨਾਂ ਦੀਆਂ ਪ੍ਰਰੇਰਣਾ ਦੇਣ ਵਾਲੀਆਂ ਗੱਲਾਂ ਦੱਸੀਆਂ ਜਿਵੇਂ ਕਿ ਕਿਵੇਂ ਉਨ੍ਹਾਂ ਨੇ ਮਾਹਿਰ ਸਪਿੰਨਰ ਵਜੋਂ ਸ਼ੁਰੂਆਤ ਕੀਤੀ ਤੇ ਚਾਰ ਵਿਕਟਾਂ ਲਈਆਂ ਤੇ ਨਿਊਜ਼ੀਲੈਂਡ ਖ਼ਿਲਾਫ਼ ਇਸ ਮੈਚ ਵਿਚ 10ਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ। ਵਾਸ਼ਿੰਗਟਨ ਨੇ ਕਿਹਾ ਕਿ ਉਥੋਂ ਉਹ ਕਿਵੇਂ ਟੈਸਟ ਸਲਾਮੀ ਬੱਲੇਬਾਜ਼ ਬਣੇ ਤੇ ਉਨ੍ਹਾਂ ਨੇ ਕਿਵੇਂ ਆਪਣੇ ਜ਼ਮਾਨੇ ਦੇ ਸਾਰੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ। ਮੈਂ ਵੀ ਉਨ੍ਹਾਂ ਵਾਂਗ ਟੈਸਟ ਮੈਚਾਂ ਵਿਚ ਪਾਰੀ ਦੀ ਸ਼ੁਰੂਆਤ ਕਰਨਾ ਪਸੰਦ ਕਰਾਂਗਾ।

ਭਾਰਤੀ ਟੀਮ 'ਚ ਹਨ ਕਈ ਆਦਰਸ਼ ਖਿਡਾਰੀ

ਵਾਸ਼ਿੰਗਟਨ ਦਾ ਮੰਨਣਾ ਹੈ ਕਿ ਟੈਸਟ ਟੀਮ ਵਿਚ ਆਏ ਕਿਸੇ ਨੌਜਵਾਨ ਖਿਡਾਰੀ ਲਈ ਕਿਸੇ ਬਾਹਰੀ ਖਿਡਾਰੀ ਤੋਂ ਪ੍ਰਰੇਰਣਾ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਭਾਰਤੀ ਡਰੈਸਿੰਗ ਰੂਮ ਵਿਚ ਹੀ ਕਈ ਆਦਰਸ਼ ਖਿਡਾਰੀ ਹਨ। ਵਾਸ਼ਿੰਗਟਨ ਨੇ ਕਿਹਾ ਕਿ ਇਕ ਨੌਜਵਾਨ ਹੋਣ ਵਜੋਂ ਜਦ ਮੈਂ ਕਿਸੇ ਤੋਂ ਪ੍ਰਰੇਰਣਾ ਲੈਣਾ ਚਾਹੁੰਦਾ ਹਾਂ ਤਾਂ ਮੈਨੂੰ ਆਪਣੇ ਡ੍ਰੈਸਿੰਗ ਰੂਮ ਵਿਚ ਹੀ ਇੰਨੇ ਜ਼ਿਆਦਾ ਆਦਰਸ਼ ਖਿਡਾਰੀ ਮਿਲ ਜਾਂਦੇ ਹਨ। ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਜਿੰਕੇ ਰਹਾਣੇ, ਆਰ ਅਸ਼ਵਿਨ ਵਰਗੇ ਬਿਹਤਰੀਨ ਪ੍ਰਦਰਸਨ ਕਰਨ ਵਾਲੇ ਖਿਡਾਰੀ ਉਥੇ ਹਨ। ਇਹ ਖਿਡਾਰੀ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।

ਨੈੱਟ ਗੇਂਦਬਾਜ਼ ਵਜੋਂ ਆਸਟ੍ਰੇਲੀਆ ਰੁਕਣ ਲਈ ਕਿਹਾ ਗਿਆ ਸੀ

ਵਾਸ਼ਿੰਗਟਨ ਨੂੰ ਸੀਮਤ ਓਵਰਾਂ ਦੀ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਨੈੱਟ ਗੇਂਦਬਾਜ਼ ਵਜੋਂ ਆਸਟ੍ਰੇਲੀਆ ਵਿਚ ਰਹਿਣ ਲਈ ਕਿਹਾ ਗਿਆ। ਇਸ ਨਾਲ ਉਨ੍ਹਾਂ ਨੂੰ ਲਾਲ ਗੇਂਦ ਨਾਲ ਨੈੱਟ 'ਤੇ ਕਾਫੀ ਗੇਂਦਬਾਜ਼ੀ ਕਰਨ ਨੂੰ ਮਿਲੀ। ਭਾਰਤ ਵੱਲੋਂ ਇਕ ਟੈਸਟ ਤੋਂ ਇਲਾਵਾ 26 ਟੀ-20 ਤੇ ਇਕ ਵਨ ਡੇ ਖੇਡਣ ਵਾਲੇ ਵਾਸ਼ਿੰਗਟਨ ਨੇ ਕਿਹਾ ਕਿ ਇਸ ਨਾਲ ਯਕੀਨੀ ਤੌਰ 'ਤੇ ਮੈਨੂੰ ਮਦਦ ਮਿਲੀ ਕਿਉਂਕਿ ਮੈਨੂੰ ਟੈਸਟ ਮੈਚਾਂ ਲਈ ਟੀਮ ਵਿਚ ਬਣੇ ਰਹਿਣ ਲਈ ਕਿਹਾ ਗਿਆ ਸੀ। ਇਹ ਸਾਡੇ ਗੇਂਦਬਾਜ਼ੀ ਕੋਚ ਭਰਤ ਅਰੁਣ ਸਮੇਤ ਸਾਰੇ ਕੋਚਾਂ ਦੀ ਰਣਨੀਤੀ ਸੀ ਜਿਸ ਨਾਲ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਬਿ੍ਸਬੇਨ ਵਿਚ ਪਹਿਲੇ ਦਿਨ ਪਿੱਚ ਤੋਂ ਮਦਦ ਨਹੀਂ ਮਿਲ ਰਹੀ ਸੀ ਪਰ ਪਹਿਲੀ ਟੈਸਟ ਵਿਕਟ ਵਜੋਂ ਸਟੀਵ ਸਮਿਥ ਦਾ ਵਿਕਟ ਲੈਣਾ ਸੁਪਨਾ ਸੱਚ ਹੋਣ ਵਰਗਾ ਸੀ।

ਵੱਡੀ ਭੈਣ ਸ਼ੈਲਜਾ ਤੋਂ ਵੀ ਮਿਲਦੀ ਹੈ ਸਲਾਹ

ਵਾਸ਼ਿੰਗਟਨ ਦੀ ਵੱਡੀ ਭੈਣ ਸ਼ੈਲਜਾ ਵੀ ਪੇਸ਼ੇਵਰ ਕ੍ਰਿਕਟਰ ਹੈ ਤੇ ਇਹ ਭੈਣ-ਭਰਾ ਕਦੀ ਕਦੀ ਆਪਣੀਆਂ ਗੱਲਾਂ ਇਕ-ਦੂਜੇ ਨਾਲ ਸਾਂਝੀਆਂ ਵੀ ਕਰਦੇ ਹਨ। ਵਾਸ਼ਿੰਗਟਨ ਨੇ ਕਿਹਾ ਕਿ ਜੇ ਸ਼ੈਲਜਾ ਨੂੰ ਲਗਦਾ ਹੈ ਕਿ ਮੈਨੂੰ ਇਹ ਗੱਲ ਦੱਸਣੀ ਜ਼ਰੂਰੀ ਹੈ ਤਾਂ ਉਹ ਅਜਿਹਾ ਕਰਦੀ ਹੈ। ਉਸ ਦੇ ਸੁਝਾਅ ਹਮੇਸ਼ਾ ਉਪਯੋਗੀ ਸਾਬਤ ਹੁੰਦੇ ਹਨ ਪਰ ਆਮ ਤੌਰ 'ਤੇ ਘਰ ਵਿਚ ਅਸੀਂ ਕ੍ਰਿਕਟ 'ਤੇ ਗੱਲਬਾਤ ਨਹੀਂ ਕਰਦੇ।