ਲੰਡਨ (ਏਜੰਸੀ) : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦਾ ਕਹਿਣਾ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਇਥੇ ਜਾਰੀ ਐਸੇਜ਼ ਲੜੀ ਵਿਚ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਪਾਕਿਸਤਾਨ ਖਿਲਾਫ਼ ਹੋਣ ਵਾਲੀ ਘਰੇਲੂ ਲੜੀ ਵਿਚ ਟੀਮ ਦਾ ਹਿੱਸਾ ਹੋਣਗੇ। ਵਾਰਨਰ ਲਈ ਮੌਜੂਦਾ ਲੜੀ ਬੇਹੱਦ ਖ਼ਰਾਬ ਰਹੀ ਹੈ ਅਤੇ ਉਹ ਛੇ ਵਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦਾ ਸ਼ਿਕਾਰ ਹੋਏ ਹਨ। ਤਿੰਨ ਵਾਰ ਤਾਂ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਪੋਂਟਿੰਗ ਨੇ ਕਿਹਾ ਕਿ ਵਾਰਨਰ ਟੀਮ ਵਿਚ ਬਣੇ ਰਹਿਣਗੇ। ਪੋਂਟਿੰਗ ਨੇ ਕਿਹਾ ਕਿ ਮਾਨਰਸ ਲਾਬੁਸ਼ਾਨੇ ਅਤੇ ਸਟੀਵ ਸਮਿਥ ਦੀ ਥਾਂ ਵੀ ਪੱਕੀ ਹੈ। ਹਾਲਾਂਕਿ, ਮੱਧਕ੍ਰਮ ਵਿਚ ਮੈਥਿਊ ਵੇਡ ਅਤੇ ਟ੍ਰੇਵਿਸ ਹੈੱਡ 'ਤੇ ਸਵਾਲੀਆ ਨਿਸ਼ਾਨ ਹੈ। ਮਾਰਕਸ ਹੈਰਿਸ ਨੂੰ ਇਸ ਲੜੀ ਵਿਚ ਬਿਹਤਰੀਨ ਤੇਜ਼ ਗੇਂਦਬਾਜ਼ਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਟਿਮ ਪੇਨ ਵੀ ਕਪਤਾਨ ਬਣੇ ਰਹਿਣਗੇ ਪਰ ਬੱਲੇਬਾਜ਼ੀ ਕ੍ਰਮ ਵਿਚ ਕੁਝ ਅਜਿਹੀ ਥਾਂ ਹੈ, ਜਿਸ 'ਤੇ ਪਾਕਿਸਤਾਨ ਲੜੀ ਤੋਂ ਪਹਿਲਾਂ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਲ ਪੁੱਕੇਵਸਕੀ ਵਰਗੇ ਖਿਡਾਰੀਆਂ ਨੂੰ ਘਰੇਲੂ ਲੜੀ ਵਿਚ ਮੌਕਾ ਦਿੱਤਾ ਜਾਵੇਗਾ। ਪੋਂਟਿੰਗ ਨੇ ਕਿਹਾ ਕਿ ਇੰਨੀਆਂ ਥਾਵਾਂ ਖਾਲੀ ਹਨ, ਅਜਿਹੇ ਵਿਚ ਮੈਂ ਪੁਕੋਸਵਕੀ ਵਰਗੇ ਖਿਡਾਰੀ ਨੂੰ ਮੌਕਾ ਮਿਲਦੇ ਹੋਏ ਦੇਖਣਾ ਚਹਾਂਗਾ। ਸਾਰੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਅਜੇ ਤਕ ਮੌਕਾ ਨਹੀਂ ਮਿਲਿਆ ਹੈ ਪਰ ਉਹ ਇਕ ਸ਼ਾਨਦਾਰ ਨੌਜਵਾਨ ਬੱਲੇਬਾਜ਼ ਹਨ।