ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਵੈਂਕਟੇਸ਼ ਅਈਅਰ ਮੁਤਾਬਕ ਉਹ ਟੀਮ 'ਚੋਂ ਬਾਹਰ ਬੈਠ ਕੇ ਵੀ ਲਗਾਤਾਰ ਤਿਆਰੀ ਕਰ ਰਹੇ ਸਨ ਤੇ ਉਨ੍ਹਾਂ ਨੂੰ ਮੌਕੇ ਦੀ ਉਡੀਕ ਸੀ। ਜਿਵੇਂ ਹੀ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੀ ਯੋਗਤਾ ਸਾਬਤ ਕੀਤੀ। ਨਵਾਂ ਖਿਡਾਰੀ ਹੋਣ ਕਾਰਨ ਉਨ੍ਹਾਂ ਤੋਂ ਕਿਸੇ ਨੂੰ ਬਹੁਤ ਜ਼ਿਆਦਾ ਉਮੀਦ ਵੀ ਨਹੀਂ ਸੀ ਇਸ ਲਈ ਦਬਾਅ ਵੀ ਘੱਟ ਸੀ। ਆਈਪੀਐੱਲ ਤੋਂ ਬਾਅਦ ਵੈਂਕਟੇਸ਼ ਨੂੰ ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਲਈ ਦੁਬਈ ਵਿਚ ਰੁਕਣ ਲਈ ਕਿਹਾ ਹੈ। ਇਸ ਵਿਚਾਲੇ ਆਈਪੀਐੱਲ ਦੇ ਇਸ ਸੈਸ਼ਨ ਦੇ ਪਹਿਲੇ ਗੇੜ ਵਿਚ ਮੌਕਾ ਨਾ ਮਿਲਣ ਤੋਂ ਲੈ ਕੇ ਦੂਜੇ ਗੇੜ ਵਿਚ ਸਭ ਤੋਂ ਅਹਿਮ ਖਿਡਾਰੀ ਬਣਨ ਤਕ ਦੇ ਸਫ਼ਰ ਨੂੰ ਵੈਂਕਟੇਸ਼ ਅਈਅਰ ਨੇ ਕਪੀਸ਼ ਦੂਬੇ ਨਾਲ ਸਾਂਝਾ ਕੀਤਾ। ਪੇਸ਼ ਹਨ ਮੁੱਖ ਅੰਸ਼ :

-ਹਰ ਖਿਡਾਰੀ ਸਫ਼ਲ ਹੋਣਾ ਚਾਹੁੰਦਾ ਹੈ ਪਰ ਜਿੰਨੀ ਸਫ਼ਲਤਾ ਤੁਹਾਨੂੰ ਮਿਲੀ ਕੀ ਉਸ ਦੀ ਉਮੀਦ ਸੀ?

-ਮੈਂ ਬਹੁਤ ਅੱਗੇ ਦੀ ਨਹੀਂ ਸੋਚਦਾ ਹਾਂ। ਮੈਂ ਮੌਕਾ ਮਿਲਣ ਦੀ ਉਡੀਕ ਕਰ ਰਿਹਾ ਸੀ। ਜਦ ਮੌਕਾ ਮਿਲਿਆ ਤਾਂ ਆਪਣੀ ਯੋਗਤਾ ਸਾਬਤ ਕੀਤੀ। ਪਰ ਸੱਚ ਕਹਾਂ ਤਾਂ ਇੰਨੀ ਕਾਮਯਾਬੀ ਤੇ ਨਾਂ ਮਿਲੇਗਾ, ਇਸ ਬਾਰੇ ਤਾਂ ਮੈਂ ਵੀ ਨਹੀਂ ਸੋਚਿਆ ਸੀ।

-ਅਜਿਹਾ ਕੀ ਹੋਇਆ ਕਿ ਜਿਸ ਬੱਲੇਬਾਜ਼ ਨੂੰ ਪਹਿਲੇ ਗੇੜ ਵਿਚ ਮੌਕਾ ਨਹੀਂ ਮਿਲਿਆ, ਉਹ ਦੂਜੇ ਗੇੜ ਵਿਚ ਟੀਮ ਦੀ ਲੋੜ ਬਣ ਗਿਆ?

-ਮੈਂ ਟੀਮ ਮੈਨੇਜਮੈਂਟ ਦੀ ਨਜ਼ਰ ਵਿਚ ਪਹਿਲਾਂ ਤੋਂ ਸੀ, ਪਰ ਮੇਰੇ ਲਈ ਜੋ ਜ਼ਿੰਮੇਵਾਰੀ ਤੈਅ ਕੀਤੀ ਗਈ ਉਹ ਥਾਂ ਖਾਲੀ ਨਹੀਂ ਸੀ। ਜਦ ਯੂਏਈ ਪੁੱਜੇ ਤਾਂ ਸਲਾਮੀ ਬੱਲੇਬਾਜ਼ ਦੀ ਥਾਂ ਖਾਲੀ ਸੀ। ਇੱਥੇ ਅਭਿਆਸ ਮੈਚਾਂ ਵਿਚ ਮੈਂ ਚੰਗੀ ਬੱਲੇਬਾਜ਼ੀ ਕੀਤੀ। ਖ਼ਾਸ ਕਰ ਕੇ ਮੇਰੀ ਗੇਂਦਬਾਜ਼ੀ ਨਾਲ ਕੋਚ ਬਰੈਂਡਨ ਮੈਕੁਲਮ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬੁਲਾ ਕੇ ਕਿਹਾ ਕਿ ਤੁਹਾਡੇ ਲਈ ਖੇਡਣ ਦਾ ਮੌਕਾ ਹੈ, ਤਿਆਰ ਰਹੋ।

-ਤੁਸੀਂ ਬਹੁਤ ਆਤਮਵਿਸ਼ਵਾਸ ਨਾਲ ਬੱਲੇਬਾਜ਼ੀ ਕਰਦੇ ਦਿਖਾਈ ਦਿੰਦੇ ਹੋ। ਪਰ ਜਦ ਪਹਿਲਾ ਮੈਚ ਖੇਡਣ ਉਤਰੇ ਤਾਂ ਕੋਈ ਦਬਾਅ ਸੀ?

-ਨਵੇਂ ਖਿਡਾਰੀ ਤੋਂ ਕਿਸੇ ਨੂੰ ਬਹੁਤ ਵੱਧ ਉਮੀਦਾਂ ਨਹੀਂ ਹੁੰਦੀਆਂ, ਇਸ ਲਈ ਮੇਰੇ 'ਤੇ ਦਬਾਅ ਤਾਂ ਨਹੀਂ ਸੀ ਪਰ ਮੈਂ ਅੰਦਰ ਤੋਂ ਥੋੜ੍ਹਾ ਘਬਰਾਇਆ ਜ਼ਰੂਰ ਸੀ ਕਿਉਂਕਿ ਪਹਿਲਾ ਮੈਚ ਖੇਡਣ ਜਾ ਰਿਹਾ ਸੀ। ਇਹ ਗੱਲ ਕੋਚ ਨੂੰ ਵੀ ਪਤਾ ਸੀ ਤਾਂ ਉਨ੍ਹਾਂ ਨੇ ਮੈਨੂੰ ਬਿਨਾਂ ਦਬਾਅ ਦੇ ਖੇਡਣ ਲਈ ਕਿਹਾ ਸੀ।

-ਕੀ ਕਿਸੇ ਟੀਮ ਜਾਂ ਗੇਂਦਬਾਜ਼ ਖ਼ਿਲਾਫ਼ ਮੁਸ਼ਕਲ ਹੋਈ?

-ਸਾਡੀ ਟੀਮ ਵਿਚ ਲਾਕੀ ਫਰਗਿਊਸਨ, ਸੁਨੀਲ ਨਰੇਨ ਵਰਗੇ ਗੇਂਦਬਾਜ਼ ਹਨ, ਜਿਨ੍ਹਾਂ ਖ਼ਿਲਾਫ਼ ਅਭਿਆਸ ਕਰਦੇ ਹੋਏ ਮੈਨੂੰ ਆਤਮਵਿਸ਼ਵਾਸ ਆਇਆ। ਵਿਰੋਧੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਆਵੇਸ਼ ਖ਼ਾਨ ਖ਼ਿਲਾਫ਼ ਖੇਡਦੇ ਹੋਏ ਰੋਮਾਂਚ 'ਚ ਵੀ ਸੀ ਤੇ ਘਬਰਾਇਆ ਵੀ ਸੀ। ਅਸੀਂ ਮੱਧ ਪ੍ਰਦੇਸ਼ ਲਈ ਇਕੱਠੇ ਖੇਡਦੇ ਹਾਂ ਇਸ ਲਈ ਇਕ ਦੂਜੇ ਦੀ ਤਾਕਤ ਤੇ ਕਮਜ਼ੋਰੀ ਦਾ ਪਤਾ ਹੈ। ਆਵੇਸ਼ ਵੀ ਲੀਗ ਵਿਚ ਲੈਅ ਵਿਚ ਸੀ।

-ਆਈਪੀਐੱਲ ਦੇ ਦੂਜੇ ਗੇੜ ਲਈ ਕੋਈ ਖ਼ਾਸ ਤਿਆਰੀ ਕੀਤੀ ਸੀ?

-ਮੈਂ ਜਦ ਇੰਦੌਰ ਵਿਚ ਸੀ ਤਾਂ ਰੈਗੂਲਰ ਤੌਰ 'ਤੇ ਮੱਧ ਪ੍ਰਦੇਸ਼ ਦੇ ਕੋਚ ਚੰਦਰਕਾਂਤ ਪੰਡਿਤ ਤੇ ਮੇਰੇ ਕੋਚ ਦਿਨੇਸ਼ ਸ਼ਰਮਾ ਦੇ ਮਾਰਗਦਰਸ਼ਨ ਵਿਚ ਅਭਿਆਸ ਕਰ ਰਿਹਾ ਸੀ। ਮੈਂ ਹਮਲਾਵਰ ਸ਼ਾਟ ਦੇ ਨਾਲ ਆਪਣੇ ਡਿਫੈਂਸ 'ਤੇ ਬਹੁਤ ਕੰਮ ਕੀਤਾ ਸੀ ਜੋ ਇੱਥੇ ਕੰਮ ਆਇਆ।