ਨਵੀਂ ਦਿੱਲੀ (ਜੇਐੱਨਐੱਨ) : ਵਨ ਡੇ ਸੀਰੀਜ਼ 'ਚ ਮਿਲੀ ਹਾਰ ਤੋਂ ਬਾਅਦ ਹੁਣ ਟੀਮ ਇੰਡੀਆ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਖ਼ਿਲਾਫ਼ ਤਿਆਰ ਹੈ ਪਰ ਟੀਮ ਇੰਡੀਆ ਲਈ ਇਸ ਟੈਸਟ ਸੀਰੀਜ਼ ਵਿਚ ਘੱਟ ਤਜਰਬੇਕਾਰ ਸਲਾਮੀ ਬੱਲੇਬਾਜ਼ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਟੈਸਟ ਸੀਰੀਜ਼ ਲਈ ਟੀਮ ਦੇ ਇਕ ਸਲਾਮੀ ਬੱਲੇਬਾਜ਼ ਪੱਕੇ ਹਨ ਜੋ ਮਯੰਕ ਅਗਰਵਾਲ ਹੋਣਗੇ ਜਦਕਿ ਦੂਜੇ ਸਲਾਮੀ ਬੱਲੇਬਾਜ਼ ਵਜੋਂ ਪ੍ਰਿਥਵੀ ਸ਼ਾਅ ਤੇ ਸ਼ੁਭਮਨ ਗਿੱਲ ਵਿਚ ਸਖ਼ਤ ਮੁਕਾਬਲਾ ਹੈ। ਮਤਲਬ ਕਿ ਮਯੰਕ ਨਾਲ ਇਨ੍ਹਾਂ ਦੋਵਾਂ ਵਿਚੋਂ ਕੋਈ ਇਕ ਇਹ ਜ਼ਿੰਮੇਵਾਰੀ ਲੈ ਸਕਦਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਟੀਮ ਇੰਡੀਆ ਨੇ ਆਪਣਾ ਪਹਿਲਾ ਟੈਸਟ ਮੈਚ 21 ਫਰਵਰੀ ਤੋਂ ਖੇਡਣਾ ਹੈ ਤੇ ਉਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਦਾ ਕਹਿਣਾ ਹੈ ਕਿ ਪਹਿਲੇ ਟੈਸਟ ਮੈਚ ਵਿਚ ਭਾਰਤੀ ਓਪਨਰ ਬੱਲੇਬਾਜ਼ ਕਾਫੀ ਦਬਾਅ ਵਿਚ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਟੈਸਟ ਸੀਰੀਜ਼ ਵਿਚ ਭਾਰਤ ਦੀ ਜਿੱਤ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਟੀਮ ਦੇ ਓਪਨਰ ਬੱਲੇਬਾਜ਼ਾਂ ਸਮੇਤ ਹੋਰ ਬੱਲੇਬਾਜ਼ ਵੀ ਨਵੀਂ ਗੇਂਦ ਨਾਲ ਕਿਸ ਤਰ੍ਹਾਂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨਗੇ। ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਦਬਾਅ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ਾਂ 'ਤੇ ਹੋਵੇਗਾ। ਮਯੰਕ ਜਿੱਥੇ ਇਕ ਪਾਸੇ ਵਨ ਡੇ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸੀ ਤਾਂ ਉਥੇ ਉਨ੍ਹਾਂ ਨੇ ਅਭਿਆਸ ਮੈਚ ਦੀ ਪਹਿਲੀ ਪਾਰੀ ਵਿਚ ਖਾਤਾ ਵੀ ਨਹੀਂ ਖੋਲਿ੍ਹਆ ਸੀ।

ਗਿੱਲ ਤੇ ਸ਼ੁਭਮਨ ਘੱਟ ਤਜਰਬੇਕਾਰ :

ਲਕਸ਼ਮਣ ਨੇ ਕਿਹਾ ਕਿ ਪ੍ਰਿਥਵੀ ਸ਼ਾਅ ਤੇ ਸ਼ੁਭਮਨ ਗਿੱਲ ਦੋਵੇਂ ਘੱਟ ਤਜਰਬੇਕਾਰ ਹਨ। ਜੇ ਅਸੀਂ ਨਿਊਜ਼ੀਲੈਂਡ ਨੂੰ ਦਬਾਅ ਵਿਚ ਲਿਆਉਣਾ ਹੈ ਤਾਂ ਤੁਹਾਨੂੰ ਪਹਿਲੀ ਪਾਰੀ ਵਿਚ ਵੱਡਾ ਸਕੋਰ ਬੋਰਡ 'ਤੇ ਟੰਗਣਾ ਪਵੇਗਾ। ਭਾਰਤੀ ਬੱਲੇਬਾਜ਼ੀ ਇਸ ਗੱਲ 'ਤੇ ਜ਼ਿਆਦਾ ਨਿਰਭਰ ਕਰੇਗੀ ਕਿ ਉਹ ਨਵੀਂ ਗੇਂਦ ਨਾਲ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨਾਲ ਕਿਵੇਂ ਨਜਿੱਠਣਗੇ।

ਅਭਿਆਸ ਮੈਚ 'ਚ ਰਿਹਾ ਸੀ ਖ਼ਰਾਬ ਪ੍ਰਦਰਸ਼ਨ :

ਜ਼ਿਕਰਯੋਗ ਹੈ ਕਿ ਪਹਿਲੇ ਟੈਸਟ ਮੈਚ ਤੋਂ ਠੀਕ ਪਹਿਲਾਂ ਤਿੰਨ ਦਿਨਾ ਅਭਿਆਸ ਮੈਚ ਦੀ ਪਹਿਲੀ ਪਾਰੀ ਵਿਚ ਭਾਰਤ ਦੋਵੇਂ ਸਲਾਮੀ ਬੱਲੇਬਾਜ਼ ਜਲਦੀ ਆਊਟ ਹੋ ਗਏ ਸਨ। ਪਹਿਲੀ ਪਾਰੀ ਵਿਚ ਭਾਰਤ ਨੇ ਆਪਣੀਆਂ ਚਾਰ ਵਿਕਟਾਂ 38 ਦੌੜਾਂ ਦੇ ਸਕੋਰ 'ਤੇ ਗੁਆ ਦਿੱਤੀਆਂ ਸਨ ਤੇ ਹੋਰ ਬੱਲੇਬਾਜ਼ ਵੀ ਕਈ ਗੇਂਦਾਂ 'ਤੇ ਕੀਵੀ ਗੇਂਦਬਾਜ਼ਾਂ ਦਾ ਸਾਹਮਣਾ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਨਹੀਂ ਕਰ ਸਕੇ ਸਨ। ਉਥੇ ਦੂਜੀ ਪਾਰੀ ਵਿਚ ਟੀਮ ਇੰਡੀਆ ਨੇ ਵਾਪਸੀ ਜ਼ਰੂਰ ਕੀਤੀ ਪਰ ਤਦ ਤਕ ਪਿੱਚ ਥੋੜ੍ਹੀ ਬਿਹਤਰ ਹੋ ਗਈ ਸੀ। ਮਯੰਕ ਨੇ ਦੂਜੀ ਪਾਰੀ ਵਿਚ 81 ਦੌੜਾਂ ਬਣਾਈਆਂ ਸਨ। ਮਯੰਕ ਨੇ ਕਿਹਾ ਸੀ ਕਿ ਪਹਿਲੀ ਪਾਰੀ ਵਿਚ ਪਿੱਚ ਸੌਖੀ ਨਹੀਂ ਸੀ ਪਰ ਮੈਨੂੰ ਦੂਜੀ ਪਾਰੀ ਵਿਚ ਖੇਡਣ ਦਾ ਮੌਕਾ ਮਿਲਿਆ ਤੇ ਮੈਂ ਆਪਣੀ ਇਸ ਲੈਅ ਨੂੰ ਟੈਸਟ ਵਿਚ ਵੀ ਜਾਰੀ ਰੱਖਣਾ ਚਾਹਾਂਗਾ।