ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਆਈਪੀਐੱਲ ਦੇ ਮੁੱਖ ਸਪਾਂਸਰ ਦੇ ਰੂਪ ਵਿਚ ਚੀਨੀ ਮੋਬਾਈਲ ਕੰਪਨੀ ਵੀਵੋ ਦਾ ਹਟਣਾ ਕਿਸੇ ਤਰ੍ਹਾਂ ਦਾ ਵਿੱਤੀ ਸੰਕਟ ਨਹੀਂ ਹੈ। ਆਈਪੀਐੱਲ ਦੇ ਮਾਲੀਏ ਦਾ ਵੱਡਾ ਹਿੱਸਾ ਮੁੱਖ ਸਪਾਂਸਰ ਤੋਂ ਆਉਂਦਾ ਹੈ, ਜਿਸ ਦਾ ਅੱਧਾ ਹਿੱਸਾ ਅੱਠ ਫਰੈਂਚਾਈਜ਼ੀਆਂ ਵੱਲੋਂ ਸਾਂਝਾ ਕੀਤਾ ਜਾਂਦਾ ਹੈ।

ਸਾਲ 2017 ਵਿਚ ਵੀਵੋ ਨੇ ਰਸਮੀ ਤੌਰ 'ਤੇ 2022 ਤਕ ਪੰਜ ਸੈਸ਼ਨਾਂ ਲਈ ਆਈਪੀਐੱਲ ਦੇ ਮੁੱਖ ਸਪਾਂਸਰ ਦੇ ਅਧਿਕਾਰ ਹਾਸਲ ਕੀਤੇ ਸਨ ਤੇ ਲਗਭਗ 241 ਮਿਲੀਅਨ ਅਮਰੀਕੀ ਡਾਲਰ (ਲਗਭਗ 2199 ਕਰੋੜ ਰੁਪਏ) ਦੀ ਅਦਾਇਗੀ ਕੀਤੀ ਸੀ।

ਬੀਸੀਸੀਆਈ ਨੇ ਹਾਲਾਂਕਿ ਅਜੇ ਤਕ ਅਧਿਕਾਰਕ ਤੌਰ 'ਤੇ ਐਲਾਨ ਨਹੀਂ ਕੀਤਾ ਹੈ ਕਿ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਵੱਕਾਰੀ ਟੀ-20 ਲੀਗ ਦਾ ਸਪਾਂਸਰ ਕੌਣ ਹੋਵੇਗਾ ਪਰ ਗਾਂਗੁਲੀ ਨੇ ਕਿਹਾ ਕਿ ਬੋਰਡ ਹਰ ਸਥਿਤੀ ਨੂੰ ਸੰਭਾਲਣ ਲਈ ਤਿਆਰ ਹੈ। ਗਾਂਗੁਲੀ ਨੇ ਇਕ ਵੈਬੀਨਾਰ ਵਿਚ ਕਿਹਾ ਕਿ ਮੈਂ ਇਸ ਨੂੰ ਵਿੱਤੀ ਸੰਕਟ ਨਹੀਂ ਕਹਾਂਗਾ।

ਇਹ ਇਕ ਛੋਟੀ ਜਿਹੀ ਗੱਲ ਹੈ, ਜੋ ਅਚਾਨਕ ਹੋਈ। ਸਿਰਫ਼ ਇਕ ਹੀ ਤਰੀਕਾ ਹੈ ਜਿਸ ਨਾਲ ਤੁਸੀਂ ਇਸ ਦਾ ਸਾਹਮਣਾ ਕਰ ਸਕਦੇ ਹੋ ਤੇ ਉਹ ਹੈ ਕਿ ਪੇਸ਼ੇਵਰ ਤੌਰ 'ਤੇ ਮਜ਼ਬੂਤ ਬਣੇ ਰਹੋ। ਵੱਡੀਆਂ ਚੀਜ਼ਾਂ ਰਾਤੋ-ਰਾਤ ਨਹੀਂ ਆਉਂਦੀਆਂ ਹਨ ਤੇ ਨਾ ਹੀ ਸਿਰਫ਼ ਇਕ ਰਾਤ ਤਕ ਰੁਕਦੀਆਂ ਹਨ। ਲੰਬੇ ਸਮੇਂ ਤਕ ਕੀਤੀ ਗਈ ਤੁਹਾਡੀ ਤਿਆਰੀ ਹੀ ਨੁਕਸਾਨ ਤੋਂ ਬਚਾਉਂਦੀ ਹੈ ਜਿਸ ਨਾਲ ਤੁਸੀਂ ਕਾਮਯਾਬੀ ਲਈ ਤਿਆਰ ਹੋ ਜਾਂਦੇ ਹੋ।

ਬੀਸੀਸੀਆਈ ਦੀ ਨੀਂਹ ਬਹੁਤ ਮਜ਼ਬੂਤ

ਬੀਸੀਸੀਆਈ ਪ੍ਰਧਾਨ ਨੇ ਕਿਹਾ ਕਿ ਤੁਸੀਂ ਆਪਣੇ ਹੋਰ ਬਦਲਾਂ ਨੂੰ ਖੁੱਲ੍ਹਾ ਰੱਖਦੇ ਹੋ। ਇਹ ਪਲਾਨ-ਏ ਤੇ ਪਲਾਨ ਬੀ ਵਾਂਗ ਹੈ। ਵੱਡੇ ਬਰਾਂਡ ਅਜਿਹਾ ਹੀ ਕਰਦੇ ਹਨ। ਬੀਸੀਸੀਆਈ ਦੀ ਬਹੁਤ ਮਜ਼ਬੂਤ ਨੀਂਹ ਹੈ, ਖੇਡ, ਖਿਡਾਰੀ, ਪ੍ਰਸ਼ਾਸਕ। ਅਤੀਤ ਨੇ ਇਸ ਨੂੰ ਇੰਨਾ ਮਜ਼ਬੂਤ ਬਣਾ ਦਿੱਤਾ ਹੈ ਕਿ ਬੋਰਡ ਇਨ੍ਹਾਂ ਸਾਰੇ ਹਾਲਾਤ ਤੋਂ ਖ਼ੁਦ ਨੂੰ ਸੰਭਾਲਣ ਦੇ ਯੋਗ ਹੈ।