ਨਵੀਂ ਦਿੱਲੀ (ਪੀਟੀਆਈ) : ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਇਆਨ ਸਮਿਥ ਨੇ ਕਿਹਾ ਹੈ ਕਿ ਟੀ-20 ਕ੍ਰਿਕਟ ਵਿਚ ਵਿਵੀਅਨ ਰਿਚਰਡਜ਼ ਦਰਸ਼ਕਾਂ ਦੇ ਪਸੰਦੀਦਾ ਬੱਲੇਬਾਜ਼ ਹੁੰਦੇ ਤੇ ਫਰੈਂਚਾਈਜ਼ੀਆਂ ਉਨ੍ਹਾਂ ਨੂੰ ਬੇਨ ਸਟੋਕਸ ਤੇ ਪੈਟ ਕਮਿੰਸ ਵਰਗੇ ਮੌਜੂਦਾ ਸਿਤਾਰਿਆਂ 'ਤੇ ਖ਼ਰਚ ਕੀਤੀ ਗਈ ਕੁੱਲ ਰਕਮ ਤੋਂ ਵੀ ਜ਼ਿਆਦਾ ਕੀਮਤ ਦੇਣ ਨੂੰ ਉਤਸ਼ਾਹਤ ਰਹਿੰਦੀਆਂ। ਵਿਸ਼ਵ ਕੱਪ 1975 ਤੇ 1979 ਦੇ ਜੇਤੂ ਵੈਸਟਇੰਡੀਜ਼ ਦੇ ਰਿਚਰਡਜ਼ ਆਪਣੇ ਦੌਰ ਦੇ ਸਭ ਤੋਂ ਹਮਲਾਵਰ ਬੱਲੇਬਾਜ਼ ਰਹੇ। ਉਨ੍ਹਾਂ ਨੇ 121 ਟੈਸਟ ਮੈਚਾਂ ਵਿਚ 8540 ਤੇ 187 ਵਨ ਡੇ ਵਿਚ 6721 ਦੌੜਾਂ ਬਣਾਈਆਂ। ਸਮਿਥ ਨੇ ਇਕ ਵੀਡੀਓ ਵਿਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਵਿਵ ਰਿਚਰਡਜ਼ ਕਿਸੇ ਵੀ ਦਹਾਕੇ ਵਿਚ ਕਿਸੇ ਵੀ ਫਾਰਮੈਟ ਵਿਚ ਬਿਹਤਰੀਨ ਖਿਡਾਰੀ ਹੁੰਦੇ। ਉਨ੍ਹਾਂ ਦਾ ਸਟ੍ਰਾਈਕ ਰੇਟ ਦੇਖੋ ਤਾਂ ਉਸ ਸਮੇਂ ਸਭ ਤੋਂ ਜ਼ਿਆਦਾ ਸੀ। ਇਹ ਟੀ-20 ਦਾ ਸਟ੍ਰਾਈਕ ਰੇਟ ਸੀ ਜਦਕਿ ਇਹ ਫਾਰਮੈਟ ਉਸ ਸਮੇਂ ਨਹੀਂ ਸੀ। ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ ਦਾ ਮੰਨਣਾ ਹੈ ਕਿ ਰਿਚਰਡਜ਼ ਜੇ ਟੀ-20 ਖੇਡ ਰਹੇ ਹੁੰਦੇ ਤਾਂ ਫਰੈਂਚਾਈਜ਼ੀਆਂ ਵਿਚ ਉਨ੍ਹਾਂ ਨੂੰ ਲੈਣ ਲਈ ਦੌੜ ਲੱਗੀ ਹੁੰਦੀ। ਕਮਿੰਸ ਤੇ ਸਟੋਕਸ ਨੂੰ ਮਿਲਾ ਕੇ ਜਿੰਨਾ ਖ਼ਰਚ ਹੋਇਆ ਹੈ, ਟੀਮਾਂ ਉਸ ਤੋਂ ਜ਼ਿਆਦਾ ਉਨ੍ਹਾਂ ਨੂੰ ਦੇਣ ਲਈ ਉਤਸ਼ਾਹਤ ਹੁੰਦੀਆਂ ਜੋ ਆਈਪੀਐੱਲ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਹਨ।