ਅਹਿਮਦਾਬਾਦ (ਪੀਟੀਆਈ) : ਅੰਤਰਰਾਸ਼ਟਰੀ ਕ੍ਰਿਕਟ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਲਗਾਤਾਰ ਸ਼ਾਨਦਾਰ ਰਿਹਾ ਹੈ। ਸਾਬਕਾ ਕ੍ਰਿਕਟਰ ਤੇ ਹੁਣ ਸੰਸਦ ਮੈਂਬਰ ਬਣੇ ਗੌਤਮ ਗੰਭੀਰ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਦੋ ਖਿਡਾਰੀਆਂ ਨੂੰ ਮੰਨਦੇ ਹਨ। ਗੰਭੀਰ ਮੁਤਾਬਕ ਵਿਰਾਟ ਕੋਹਲੀ ਕੋਲ ਟੀਮ ਵਿਚ ਰੋਹਿਤ ਸ਼ਰਮਾ ਤੇ ਐੱਮਐੱਸ ਧੋਨੀ ਦੇ ਰੂਪ ਵਿਚ ਦੋ ਕਪਤਾਨ ਮੌਜੂਦ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਕਪਤਾਨੀ ਵਿਚ ਮਦਦ ਮਿਲਦੀ ਹੈ। ਐੱਮ ਐੱਸ ਧੋਨੀ ਭਾਰਤ ਦੇ ਮਹਾਨ ਕਪਤਾਨਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਭਾਰਤ ਨੂੰ ਦੋ ਵਾਰ (ਟੀ-20 ਤੇ ਵਨ ਡੇ) ਵਿਸ਼ਵ ਚੈਂਪੀਅਨ ਬਣਾਇਆ ਹੈ ਜਦਕਿ ਰੋਹਿਤ ਸ਼ਰਮਾ ਆਈਪੀਐੱਲ ਫਰੈਂਚਾਈਜ਼ੀਆਂ ਵਿਚ ਸਭ ਤੋਂ ਕਾਮਯਾਬ ਕਪਤਾਨ ਹਨ। ਆਪਣੀ ਕਪਤਾਨੀ ਵਿਚ ਉਨ੍ਹਾਂ ਨੇ ਮੁੰਬਈ ਨੂੰ ਸਭ ਤੋਂ ਜ਼ਿਆਦਾ ਚਾਰ ਵਾਰ ਖ਼ਿਤਾਬ ਦਿਵਾਇਆ ਹੈ। ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਆਏ ਗੰਭੀਰ ਨੇ ਕਿਹਾ ਕਿ ਉਨ੍ਹਾਂ (ਵਿਰਾਟ) ਨੇ ਅਜੇ ਕਾਫੀ ਲੰਬਾ ਸਮਾਂ ਤੈਅ ਕਰਨਾ ਹੈ। ਪਿਛਲੇ ਵਿਸ਼ਵ ਕੱਪ 'ਚ ਉਹ ਸ਼ਾਨਦਾਰ ਰਹੇ।

ਰਾਹੁਲ ਨੂੰ ਪਰੇਸ਼ਾਨ ਕਰਨਗੇ ਦੋ ਖਿਡਾਰੀ : ਗਾਂਗੁਲੀ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਸ਼੍ਰੇਅਸ ਅਈਅਰ ਤੇ ਮਨੀਸ਼ ਪਾਂਡੇ ਨੰਬਰ ਚਾਰ ਲਈ ਲੋਕੇਸ਼ ਰਾਹੁਲ ਲਈ ਸਿਰਦਰਦ ਸਾਬਤ ਹੋ ਸਕਦੇ ਹਨ। ਗਾਂਗੁਲੀ ਨੇ ਕਿਹਾ ਕਿ ਰੋਹਿਤ ਤੇ ਸ਼ਿਖਰ ਧਵਨ ਸਲਾਮੀ ਜੋੜੀ ਵਜੋਂ ਟਿਕੇ ਹਨ ਜਿਸ ਕਾਰਨ ਰਾਹੁਲ ਨੂੰ ਹੇਠਾਂ ਆਉਣਾ ਪਵੇਗਾ।