ਨਵੀਂ ਦਿੱਲੀ (ਜੇਐੱਨਐੱਨ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਵੀਰਵਾਰ ਨੂੰ ਦੁਬਈ ਵਿਚ ਖੇਡੇ ਗਏ ਆਈਪੀਐੱਲ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਨੇ 97 ਦੌੜਾਂ ਨਾਲ ਇਕਤਰਫ਼ਾ ਜਿੱਤ ਹਾਸਲ ਕੀਤੀ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 206 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਆਪਣੇ ਕੋਟੇ ਦੇ ਪੂਰੇ ਓਵਰ ਵੀ ਨਾ ਖੇਡ ਸਕੀ ਤੇ 17 ਓਵਰਾਂ 'ਚ 109 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੈਨ ਆਫ ਦ ਮੈਚ ਚੁਣੇ ਗਏ ਪੰਜਾਬ ਦੇ ਸਲਾਮੀ ਬੱਲੇਬਾਜ਼ ਤੇ ਕਪਤਾਨ ਕੇਐੱਲ ਰਾਹੁਲ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ ਸਿਰਫ਼ 69 ਗੇਂਦਾਂ 'ਤੇ 14 ਚੌਕਿਆਂ ਤੇ ਸੱਤ ਛੱਕਿਆਂ ਦੀ ਮਦਦ ਨਾਲ ਅਜੇਤੂ 132 ਦੌੜਾਂ ਬਣਾਈਆਂ। ਰਾਹੁਲ ਤੇ ਮਯੰਕ ਨੇ ਪੰਜਾਬ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਦੋਵਾਂ ਨੇ ਪਾਵਰਪਲੇ ਵਿਚ ਚੌਕਸੀ ਨਾਲ ਬੱਲੇਬਾਜ਼ੀ ਕੀਤੀ। ਿਢੱਲੀਆਂ ਗੇਂਦਾਂ ਨੂੰ ਦੋਵਾਂ ਹੀ ਬੱਲੇਬਾਜ਼ਾਂ ਨੇ ਬਾਊਂਡਰੀ ਲਾਈਨ ਤੋਂ ਪਾਰ ਪਹੁੰਚਾਇਆ। ਛੇ ਓਵਰ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਪਹਿਲੀ ਵਿਕਟ ਡਿੱਗੀ ਜਦਕਿ ਦੂਜੇ ਪਾਸੇ ਲੋਕੇਸ਼ ਰਾਹੁਲ ਨੇ ਆਪਣਾ ਹਮਲਾ ਜਾਰੀ ਰੱਖਿਆ ਤੇ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਾਇਆ। ਬੈਂਗਲੁਰੂ ਦੇ ਗੇਂਦਬਾਜ਼ ਤੇ ਬੱਲੇਬਾਜ਼ ਇਸ ਮੈਚ 'ਚ ਨਾਕਾਮ ਰਹੇ।