ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਪ੍ਰਭਾਵਿਤ ਐਨੀਮੇਟਿਡ ਸੀਰੀਜ਼ 'ਸੁਪਰ ਵੀ' ਅੱਜ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਹ ਸੀਰੀਜ਼ ਇਕ ਕਾਲਪਨਿਕ ਸੁਪਰ ਹੀਰੋ ਦੀ ਕਹਾਣੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਵਿਰਾਟ ਕੋਹਲੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਸੀਰੀਜ਼ ਨੂੰ ਵਿਰਾਟ ਕੋਹਲੀ ਦੇ ਜਨਮ ਦਿਨ ਮੌਕੇ ਆਨ ਏਅਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਯਾਨੀ 5 ਨਵੰਬਰ ਨੂੰ ਕ੍ਰਿਕਟਰ ਦਾ ਜਨਮ ਦਿਨ ਹੈ।

'ਸੁਪਰ ਵੀ' ਕੋਹਲੀ ਦੇ ਬਚਪਨ ਤੋਂ ਪ੍ਰਭਾਵਿਤ ਹੈ ਤੇ ਸੀਰੀਜ਼ 'ਚ ਵਿਰਾਟ ਕੋਹਲੀ ਦੇ ਬਚਪਨ ਦੀ ਝਲਕ ਦੇਖਣ ਨੂੰ ਮਿਲੇਗੀ। ਉੱਥੇ ਹੀ ਵਿਰਾਟ ਨੂੰ ਉਮੀਦ ਹੈ ਕਿ ਇਹ ਸੀਰੀਜ਼ ਬੱਚਿਆਂ ਨੂੰ ਕਾਫ਼ੀ ਪ੍ਰੇਰਿਤ ਕਰੇਗੀ ਤੇ ਉਨ੍ਹਾਂ ਵੱਲੋਂ ਸਿਖਾਈਆਂ ਗਈਆਂ ਗੱਲਾਂ ਦਾ ਧਿਆਨ ਰੱਖਣਗੇ ਜਦੋਂ ਉਹ ਵੱਡੇ ਹੋ ਰਹੇ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ 15 ਸਾਲ ਦੇ ਇਕ ਲੜਕੇ ਦੀ ਕਹਾਣੀ ਹੈ, ਜੋ ਆਪਣੀ ਸੁਪਰ ਪਾਵਰ ਜ਼ਰੀਏ ਦੁਨੀਆ ਬਚਾਉਣ ਲਈ ਨਿਕਲ ਜਾਂਦਾ ਹੈ। ਨਾਲ ਹੀ ਇਸ ਵਿਚ ਵਿਰਾਟ ਦਾ ਬਚਪਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

'ਸੁਪਰ ਵੀ' ਅੱਜ 3.30 'ਤੇ ਪ੍ਰਸਾਰਿਤ ਹੋਵੇਗਾ। ਇਸ ਦਾ ਪ੍ਰਸਾਰਨ ਸਟਾਰ ਪਲੱਸ, ਸਟਾਰ ਸਪੋਰਟਸ, ਡਿਜ਼ਨੀ ਤੇ ਮਾਰਵੈੱਲ ਐੱਚਕਿਊ 'ਤੇ ਹੋਵੇਗਾ। ਜੇਕਰ ਤੁਸੀਂ ਟੀਵੀ 'ਤੇ ਇਹ ਚੈਨਲ ਨਹੀਂ ਦੇਖ ਪਾ ਰਹੇ ਤਾਂ ਤੁਸੀਂ ਹੌਟ ਸਟਾਰ ਜ਼ਰੀਏ ਵੀ ਇਹ ਦੇਖ ਸਕਦੇ ਹੋ। ਸੀਰੀਜ਼ ਦਾ ਇਕ ਵੱਡਾ ਹਿੱਸਾ ਥੋੜ੍ਹੀ-ਬਹੁਤ ਵਿਰਾਟ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਵਿਚ ਛੋਟੇ ਵਿਰਾਟ ਦਾ ਵਰਤਾਅ, ਉਸ ਦੇ ਮਾਤਾ-ਪਿਤਾ, ਉਸ ਦੀ ਦੁਨੀਆ, ਉਸ ਦੀ ਭੈਣ, ਦੋਸਤ, ਟੀਚਰਜ਼ ਨਾਲ ਕਿਹੋ ਜਿਹਾ ਸੀ, ਇਸ ਬਾਰੇ ਵੀ ਦਿਖਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਭੂਟਾਨ 'ਚ ਛੁੱਟੀਆਂ ਮਨਾ ਰਹੇ ਸਨ ਤੇ ਬੰਗਲਾਦੇਸ਼ ਸੀਰੀਜ਼ ਤੋਂ ਵੀ ਉਹ ਦੂਰ ਹਨ।

Posted By: Seema Anand