ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਮੁਸੀਬਤ ਵਿਚ ਨਜ਼ਰ ਆ ਰਹੇ ਹਨ। ਹਾਲਾਂਕਿ, ਇਸ ਵਾਰ ਸਮੱਸਿਆ ਕ੍ਰਿਕਟ ਦੇ ਮੈਦਾਨ ਨਾਲ ਨਹੀਂ, ਬਲਕਿ ਇਸ਼ਤਿਹਾਰਬਾਜ਼ੀ ਦੀ ਦੁਨੀਆ ਨਾਲ ਜੁੜੀ ਹੈ। ਵਿਰਾਟ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਇਕ ਇਸ਼ਤਿਹਾਰ ਦਿੱਤਾ ਸੀ। ਇਸ ਵਿਚ ਅਥਲੀਟਾਂ ਅਤੇ ਓਲੰਪਿਕ ਨਾਲ ਜੁੜੀਆਂ ਗੱਲਾਂ ਕਹੀਆਂ ਗਈਆਂ ਹਨ। ਵਿਰਾਟ ਦੀ ਇਸ ਪੋਸਟ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ। ਹੁਣ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਿਲ ਆਫ ਇੰਡੀਆ ਨੇ ਵੀ ਵਿਰਾਟ ਦੇ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਵਿਰਾਟ ਕੋਹਲੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਪੋਸਟ ਸਾਂਝੀ ਕਰਦਿਆਂ ਲਿਖਿਆ, 'ਕੀ ਸ਼ਾਨਦਾਰ ਰਿਕਾਰਡ ਹੈ, ਓਲੰਪਿਕ ਵਿਚ 10% ਖਿਡਾਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਖਿਡਾਰੀਆਂ ਨੂੰ ਕ੍ਰਿਕਟ ਵਿਚ ਵੀ ਭੇਜੇਗੀ। ਜੈ ਹਿੰਦ।'

ਕੀ ਹੈ ਮਾਮਲਾ

ਇਸ਼ਤਿਹਾਰਬਾਜ਼ੀ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਰੀਆਂ ਮਸ਼ਹੂਰ ਹਸਤੀਆਂ ਨੂੰ ਇਸ਼ਤਿਹਾਰ ਨਾਲ ਸਬੰਧਤ ਪੋਸਟ ਕਰਨ ਵੇਲੇ ਖੁਲਾਸਾ ਕਰਨ ਦੀ ਜ਼ਰੂਰਤ ਹੁੰਦੀ ਹੈ, ਇਹ ਦਰਸਾਉਣ ਲਈ ਕਿ ਇਹ ਪੋਸਟ ਮਸ਼ਹੂਰੀ ਲਈ ਬਣਾਈ ਗਈ ਸੀ, ਪਰ ਇਸ ਪੋਸਟ ਦਾ ਕੋਈ ਖੁਲਾਸਾ ਨਹੀਂ ਹੋਇਆ ਅਤੇ ਅਜਿਹਾ ਲੱਗ ਰਿਹਾ ਸੀ ਕਿ ਕੋਹਲੀ ਆਪਣੇ ਦਿਲ ਦੀ ਗੱਲ ਕਹਿ ਰਹੇ ਹਨ। ਇਸ ਕਾਰਨ, ਐਡਵਰਟਾਈਜਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ ਵਿਰਾਟ ਨੂੰ ਨੋਟਿਸ ਭੇਜੇਗੀ, ਜਿਸ ਦਾ ਉਸ ਨੂੰ ਜਵਾਬ ਦੇਣਾ ਪਏਗਾ। ਕੋਹਲੀ ਦੇ ਨਾਲ, ਏਐਸਸੀਆਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਵੀ ਇਕ ਨੋਟਿਸ ਭੇਜੇਗੀ.

ਵਿਰਾਟ ਅਤੇ ਕੰਪਨੀ ਇੰਗਲੈਂਡ ਦੇ ਮੁਸ਼ਕਲ ਦੌਰੇ 'ਤੇ ਹਨ

ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਦਾ ਦੌਰਾ ਭਾਰਤ ਲਈ ਹਮੇਸ਼ਾ ਮੁਸ਼ਕਲ ਰਿਹਾ ਹੈ ਅਤੇ ਇਹ ਦੌਰਾ ਵੀ ਸੌਖਾ ਨਹੀਂ ਹੋਵੇਗਾ। ਹਾਲਾਂਕਿ, ਭਾਰਤੀ ਖਿਡਾਰੀ ਲੰਬੇ ਸਮੇਂ ਤੋਂ ਇੰਗਲੈਂਡ ਵਿਚ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਲਾਭ ਵੀ ਮਿਲੇਗਾ।

Posted By: Ramandeep Kaur