ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬ੍ਰੇਕ ਤੋਂ ਬਾਅਦ ਟੈਸਟ ਕ੍ਰਿਕਟ 'ਚ ਸਫਲ ਵਾਪਸੀ ਕੀਤੀ ਤੇ ਉਨ੍ਹਾਂ ਦੀ ਅਗਵਾਈ 'ਚ ਟੀਮ ਇੰਡੀਆ ਨੇ ਬੰਗਲਾਦੇਸ਼ ਖ਼ਿਲਾਫ਼ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਵੱਡੀ ਜਿੱਤ ਹਾਸਲ ਕੀਤੀ। ਇਸ ਟੈਸਟ 'ਚ ਭਾਰਤ ਨੂੰ ਪਾਰੀ ਤੇ 130 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਮਿਲੀ। ਇਸ ਮੈਚ 'ਚ ਮਿਲੀ ਵੱਡੀ ਜਿੱਤ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇਕ ਸਪੈਸ਼ਲ ਫੈਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਨਾਂ ਪੂਜਾ ਹੈ।

ਪੂਜਾ ਦਿਵਿਆਂਗ ਹੈ ਤੇ ਉਹ ਇਕ ਵਿਸ਼ੇਸ਼ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਸਰੀਰ ਦੀਆਂ ਅਸਾਨੀ ਨਾਲ ਟੁੱਟ ਜਾਂਦੀਆਂ ਹਨ ਤੇ ਇਕ ਜਾਂ ਫਿਰ ਦੋ ਦਿਨਾਂ 'ਚ ਖੁਦ ਹੀ ਜੁੜ ਜਾਂਦੀਆਂ ਹਨ। ਪੂਜਾ ਚੱਲ-ਫਿਰ ਨਹੀਂ ਸਕਦੀ ਤੇ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਘਰ 'ਚ ਹੀ ਬਿਤਾਉਂਦੀ ਹੈ। ਹਾਲਾਂਕਿ ਪੂਜਾ ਨੂੰ ਕ੍ਰਿਕਟ ਕਾਫੀ ਪਸੰਦ ਹੈ ਤੇ ਉਹ ਇੰਦੌਰ 'ਚ ਟੀਮ ਇੰਡੀਆ ਨੂੰ ਚੀਅਰ ਕਰਨ ਸਟੇਡੀਅਮ ਤਕ ਆਈ ਸੀ। ਉਹ ਵਿਰਾਟ ਕੋਹਲੀ ਦੀ ਫੈਨ ਹੈ ਤੇ ਵਿਰਾਟ ਨੇ ਵੀ ਉਸ ਨੂੰ ਨਿਰਾਸ਼ ਨਹੀਂ ਕੀਤਾ।

ਮੈਚ ਖਤਮ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਖਾਸ ਤੌਰ 'ਤੇ ਪੂਜਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਤਸਵੀਰ ਖਿਚਵਾਈ। ਵਿਰਾਟ ਨੇ ਇਕ ਟੋਪੀ 'ਤੇ ਸਾਈਨ ਕਰ ਕੇ ਪੂਜਾ ਨੂੰ ਆਟੋਗ੍ਰਾਫ ਦਿੱਤਾ। ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਇੰਦੌਰ ਟੈਸਟ ਮੈਚ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਏ ਸੀ ਤੇ ਜ਼ੀਰੋ 'ਤੇ ਆਊਟ ਹੋ ਗਏ ਸੀ। ਇਸ ਟੈਸਟ ਮੈਚ ਦੇ ਬਾਅਦ ਹੁਣ ਕ੍ਰਿਕਟ ਫੈਨਸ ਦੀਆਂ ਅੱਖਾਂ ਕੋਲਕਾਤਾ ਟੈਸਟ ਮੈਚ 'ਤੇ ਟਿਕ ਗਈਆਂ ਹਨ, ਜੋ ਡੇ-ਨਾਈਟ ਖੇਡਿਆ ਜਾਵੇਗਾ। ਭਾਰਤੀ ਦਰਸ਼ਕਾਂ ਤੇ ਟੀਮ ਇੰਡੀਆ ਲਈ ਇਕ ਨਵਾਂ ਅਹਿਸਾਸ ਹੋਵੇਗਾ।

Posted By: Sunil Thapa