ਮੁਲਾਕਾਤ

ਇੰਗਲੈਂਡ ਦੀਆਂ ਪਿਚਾਂ ਤੋਂ ਹੁਣ ਸਪਿੰਨਰਾਂ ਨੂੰ ਮਦਦ ਮਿਲਣ ਲੱਗੀ ਹੈ। ਇਸ ਕਾਰਨ ਵਿਸ਼ਵ ਕੱਪ ਵਿਚ ਵੀ ਇਸ ਵਾਰ ਸਪਿੰਨਰਾਂ ਦੀ ਭੂਮਿਕਾ ਅਹਿਮ ਹੋਵੇਗੀ। ਪਿਛਲੇ ਦੋ ਸਾਲ ਤੋਂ ਭਾਰਤੀ ਟੀਮ ਵਿਚ ਮੁੱਖ ਸਪਿੰਨਰ ਦੀ ਹੈਸੀਅਤ ਨਾਲ ਖੇਡ ਰਹੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਪਣੇ ਸ਼ਹਿਰ ਤੇ ਸੂਬੇ ਨਾਲ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਈਪੀਐੱਲ ਵਿਚ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਦਾ ਅਸਰ ਵਿਸ਼ਵ ਕੱਪ 'ਤੇ ਨਹੀਂ ਪਵੇਗਾ। ਇਨ੍ਹਾਂ ਸਾਰੇ ਸਵਾਲਾਂ ਨੂੰ ਲੈ ਕੇ ਅਭਿਸ਼ੇਕ ਤਿ੍ਪਾਠੀ ਨੇ ਕੁਲਦੀਪ ਯਾਦਵ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਵਿਸ਼ਵ ਕੱਪ ਨੂੰ ਲੈ ਕੇ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਬਚੇ ਹੋਏ ਦਿਨਾਂ ਵਿਚ ਵਿਸ਼ਵ ਕੱਪ ਲਈ ਖ਼ੁਦ ਨੂੰ ਕਿਵੇਂ ਤਿਆਰ ਕਰੋਗੇ?

-ਵਿਸ਼ਵ ਕੱਪ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇੰਗਲੈਂਡ ਰਵਾਨਾ ਹੋਣ 'ਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਇਹ ਇਕ ਬਹੁਤ ਵੱਡਾ ਟੂਰਨਾਮੈਂਟ ਹੈ ਤਾਂ ਇਸ ਦੀਆਂ ਤਿਆਰੀਆਂ ਵੀ ਉਸੇ ਹਿਸਾਬ ਨਾਲ ਚੱਲ ਰਹੀਆਂ ਹਨ। ਅਸੀਂ ਆਪਣੀਆਂ ਖ਼ੂਬੀਆਂ ਨੂੰ ਨਿਖਾਰਨ ਵਿਚ ਲੱਗੇ ਹੋਏ ਹਾਂ।

-ਆਈਪੀਐੱਲ ਵਿਚ ਕੇਕੇਆਰ ਨਾਲ ਤੁਹਾਡਾ ਪ੍ਰਦਰਸ਼ਨ ਉਮੀਦਾਂ ਦੇ ਹਿਸਾਬ ਨਾਲ ਨਹੀਂ ਰਿਹਾ। ਕੀ ਇਸ ਦਾ ਅਸਰ ਵਿਸ਼ਵ ਕੱਪ 'ਤੇ ਪਵੇਗਾ?

-ਇਹ ਗੱਲ ਸਹੀ ਹੈ ਕਿ ਮੇਰੇ ਲਈ ਆਈਪੀਐੱਲ ਓਨਾ ਚੰਗਾ ਨਹੀਂ ਗਿਆ ਪਰ ਮੈਨੂੰ ਨਹੀਂ ਲਗਦਾ ਕਿ ਉਸ ਦਾ ਫ਼ਰਕ ਵਿਸ਼ਵ ਕੱਪ 'ਤੇ ਪਵੇਗਾ। ਆਈਪੀਐੱਲ ਟੀ-20 ਫਾਰਮੈਟ ਵਿਚ ਖੇਡਿਆ ਜਾਂਦਾ ਹੈ ਜਦਕਿ ਵਿਸ਼ਵ ਕੱਪ 50 ਓਵਰਾਂ ਦਾ ਫਾਰਮੈਟ ਹੈ। ਵਿਕਟ ਵੀ ਵੱਖ ਤਰ੍ਹਾਂ ਦੀ ਹੋਵੇਗੀ। ਆਈਪੀਐੱਲ ਵਿਚ ਟੀਮ ਵੱਖ ਸੀ, ਖਿਡਾਰੀ ਵੱਖ ਸਨ। ਇਸ ਕਾਰਨ ਮੈਨੂੰ ਨਹੀਂ ਲਗਦਾ ਕਿ ਆਈਪੀਐੱਲ ਵਿਚ ਮੇਰੇ ਖ਼ਰਾਬ ਪ੍ਰਦਰਸ਼ਨ ਦਾ ਅਸਰ ਵਿਸ਼ਵ ਕੱਪ 'ਤੇ ਪਵੇਗਾ। ਅਜਿਹਾ ਵੀ ਨਹੀਂ ਹੈ ਕਿ ਮੈਂ ਆਈਪੀਐੱਲ ਵਿਚ ਖ਼ਰਾਬ ਗੇਂਦਬਾਜ਼ੀ ਕੀਤੀ ਤੇ ਛੋਟੀਆਂ ਗੇਂਦਾਂ ਜਾਂ ਫੁੱਲਟਾਸ ਸੁੱਟ ਰਿਹਾ ਸੀ।

-ਆਖ਼ਰ ਕੀ ਕਾਰਨ ਸੀ ਕਿ ਆਈਪੀਐੱਲ ਵਿਚ ਇਸ ਵਾਰ ਸਾਨੂੰ ਕੁਲਦੀਪ ਦਾ ਪ੍ਰਦਰਸ਼ਨ ਉਨ੍ਹਾਂ ਦੇ ਵੱਕਾਰ ਮੁਤਾਬਕ ਦੇਖਣ ਨੂੰ ਨਹੀਂ ਮਿਲਿਆ?

-ਮੈਨੂੰ ਅਜਿਹਾ ਲਗਦਾ ਹੈ ਕਿ ਟੀਮ ਮੈਨੇਜਮੈਂਟ ਤੇ ਕਪਤਾਨ ਸੋਚਦੇ ਸਨ ਕਿ ਉਨ੍ਹਾਂ ਕੋਲ ਬਦਲ ਹਨ। ਇਸ ਵਾਰ ਈਡਨ ਗਾਰਡਨ ਦੀ ਵਿਕਟ ਬੱਲੇਬਾਜ਼ੀ ਲਈ ਵੀ ਚੰਗੀ ਸੀ ਜਿੱਥੇ ਸਪਿੰਨਰ ਜ਼ਿਆਦਾ ਵਿਕਟਾਂ ਨਹੀਂ ਲੈ ਸਕੇ। ਉਥੇ ਗੇਂਦਬਾਜ਼ੀ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਗੇਂਦ ਸਪਿੰਨ ਨਹੀਂ ਕਰ ਰਹੀ ਸੀ ਤੇ ਜਦ ਗੇਂਦ ਸਪਿੰਨ ਨਹੀਂ ਹੁੰਦੀ ਹੈ ਤਾਂ ਇਕ ਸਪਿੰਨਰ ਨੂੰ ਗੇਂਦਬਾਜ਼ੀ ਕਰਨ ਵਿਚ ਮੁਸ਼ਕਲ ਹੁੰਦੀ ਹੈ। ਈਡਨ ਦੀ ਸਪਾਟ ਵਿਕਟ ਸੀ ਤੇ ਮੈਦਾਨ ਵੀ ਛੋਟਾ ਹੈ ਜਿਸ ਦਾ ਅਸਰ ਮੇਰੀ ਗੇਂਦਬਾਜ਼ੀ 'ਤੇ ਵੀ ਪਿਆ। ਤੁਸੀਂ ਚੇਨਈ ਨੂੰ ਦੇਖ ਲਓ। ਉਥੇ ਦੀ ਵਿਕਟ ਸਪਿੰਨਰਾਂ ਦੇ ਮੁਤਾਬਕ ਸੀ ਜਿਸ ਕਾਰਨ ਉਸ ਦੇ ਸਪਿੰਨਰ ਸਫ਼ਲ ਰਹੇ। ਕੁੱਲ ਮਿਲਾ ਕੇ ਟੀ-20 ਵਿਚ ਵਿਕਟ ਨਾਲ ਬਹੁਤ ਫ਼ਰਕ ਪੈਂਦਾ ਹੈ।

-ਪਿਛਲੀ ਵਾਰ ਜਦ ਤੁਸੀਂ ਇੰਗਲੈਂਡ ਗਏ ਸੀ ਤਦ ਤੁਸੀਂ ਚਿੱਟੀ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਵਾਰ ਲੋਕ ਕਹਿ ਰਹੇ ਹਨ ਕਿ ਗਰਮੀ ਕਾਰਨ ਇੰਗਲੈਂਡ ਦੀਆਂ ਪਿੱਚਾਂ ਤੋਂ ਸਪਿੰਨਰਾਂ ਨੂੰ ਜ਼ਿਆਦਾ ਮਦਦ ਮਿਲੇਗੀ। ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ?

-ਦੇਖੋ ਕਿਸੇ ਖ਼ਾਸ ਰਣਨੀਤੀ ਨਾਲ ਮੈਂ ਇੰਗਲੈਂਡ ਨਹੀਂ ਜਾ ਰਿਹਾ ਹਾਂ। ਵਿਦੇਸ਼ੀ ਵਿਕਟਾਂ 'ਤੇ ਗੇਂਦਬਾਜ਼ੀ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਕਿਉਂਕਿ ਗੇਂਦ ਤੇਜ਼ੀ ਨਾਲ ਨਿਕਲਦੀ ਹੈ। ਉਥੇ ਚੰਗਾ ਉਛਾਲ ਮਿਲਦਾ ਹੈ ਤੇ ਗੇਂਦ ਤੇਜ਼ ਨਿਕਲਦੀ ਹੈ ਜਿਸ ਕਾਰਨ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿਚ ਮੁਸ਼ਕਲ ਹੁੰਦੀ ਹੈ। ਮੈਨੂੰ ਇੰਗਲੈਂਡ ਵਿਚ ਗੇਂਦਬਾਜ਼ੀ ਕਰਨਾ ਰਾਸ ਆਉਂਦਾ ਹੈ। ਇਸ ਕਾਰਨ ਮੈਂ ਜੋ ਕੁਝ ਤਜਰਬਾ ਉਥੇ ਹਾਸਲ ਕੀਤਾ ਹੈ ਉਸ ਦਾ ਫ਼ਾਇਦਾ ਵਿਸ਼ਵ ਕੱਪ ਵਿਚ ਉਠਾਉਣ ਦੀ ਕੋਸ਼ਿਸ਼ ਕਰਾਂਗਾ।

-ਧੋਨੀ ਦੀ ਮੌਜੂਦਗੀ ਨਾਲ ਟੀਮ 'ਤੇ ਕਿੰਨਾ ਫ਼ਰਕ ਪੈਂਦਾ ਹੈ ਤੇ ਧੋਨੀ ਨਾਲ ਕੋਹਲੀ ਦੀ ਜੁਗਲਬੰਦੀ ਨਾਲ ਟੀਮ ਨੂੰ ਕਿੰਨਾ ਫ਼ਾਇਦਾ ਮਿਲਦਾ ਹੈ?

-ਇਨ੍ਹਾਂ ਦੋਵਾਂ ਦੇ ਟੀਮ ਵਿਚ ਰਹਿਣ ਨਾਲ ਬਹੁਤ ਫ਼ਰਕ ਪੈਂਦਾ ਹੈ ਕਿਉਂਕਿ ਇਹ ਦੋਵੇਂ ਟੀਮ ਦੇ ਬਹੁਤ ਵੱਡੇ ਖਿਡਾਰੀ ਹਨ। ਉਨ੍ਹਾਂ ਨੇ ਹਮੇਸ਼ਾ ਚੰਗਾ ਪ੍ਰਦਸ਼ਨ ਕੀਤਾ ਹੈ। ਕਪਤਾਨ ਤੋਂ ਇਲਾਵਾ ਵਿਕਟਾਂ ਪਿੱਛੇ ਧੋਨੀ ਗੇਂਦਬਾਜ਼ਾਂ ਨੂੰ ਬਹੁਤ ਮਦਦ ਕਰਦੇ ਹਨ। ਉਨ੍ਹਾਂ ਨੂੰ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਉਹ ਵਿਰਾਟ ਦਾ ਵੀ ਪੂਰਾ ਸਾਥ ਦਿੰਦੇ ਹਨ। ਇਹ ਟੀਮ ਲਈ ਚੰਗੀ ਗੱਲ ਹੈ ਕਿ ਸੀਨੀਅਰ ਜੂਨੀਅਰ ਖਿਡਾਰੀ ਮਿਲ ਕੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਪੂਰੇ ਉੱਤਰ ਪ੍ਰਦੇਸ਼ ਤੇ ਕਾਨਪੁਰ ਲਈ ਖ਼ੁਸ਼ੀ ਦੀ ਗੱਲ :

-ਅਸਲ ਵਿਚ ਇਹ ਬਹੁਤ ਵੱਡੀ ਗੱਲ ਹੈ ਕਿ ਮੈਂ ਕਾਨਪੁਰ ਵਿਚੋਂ ਵਿਸ਼ਵ ਕੱਪ ਵਿਚ ਖੇਡਣ ਵਾਲਾ ਪਹਿਲਾ ਖਿਡਾਰੀ ਬਣਨ ਜਾ ਰਿਹਾ ਹੈ। ਇਸ ਖ਼ਾਸ ਮੌਕੇ ਲਈ ਮੇਰਾ ਪਰਿਵਾਰ, ਮੇਰੇ ਕੋਚ, ਮੇਰੇ ਦੋਸਤ, ਸਾਰੇ ਖ਼ੁਸ਼ ਹਨ। ਇਹ ਮੇਰੇ ਲਈ ਇਕ ਚੰਗਾ ਮੌਕਾ ਹੈ। ਦੋ ਸਾਲ ਤੋਂ ਮੈਂ ਭਾਰਤੀ ਟੀਮ ਨਾਲ ਕ੍ਰਿਕਟ ਖੇਡ ਰਿਹਾ ਹਾਂ ਪਰ ਵਿਸ਼ਵ ਕੱਪ ਵਰਗੇ ਮੰਚ 'ਤੇ ਖੇਡਣ ਨੂੰ ਲੈ ਕੇ ਮੈਂ ਜ਼ਿਆਦਾ ਰੋਮਾਂਚਤ ਹਾਂ। ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਪੂਰੇ ਉੱਤਰ ਪ੍ਰਦੇਸ਼ ਤੇ ਕਾਨਪੁਰ ਲਈ ਖ਼ੁਸ਼ੀ ਦੀ ਗੱਲ ਹੈ।