ਕੇਪਟਾਊਨ (ਪੀਟੀਆਈ) : ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੱਥੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਜਿਸ ਨਾਲ ਉਨ੍ਹਾਂ ਦੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਖੇਡਣ ਦੀ ਸੰਭਾਵਨਾ ਵਧ ਗਈ ਹੈ। ਕੋਹਲੀ ਨੂੰ ਪਿੱਠ ਦੇ ਉੱਪਰਲੇ ਹਿੱਸੇ ਵਿਚ ਜਕੜਨ ਸੀ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ 'ਚ ਕੇਐੱਲ ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ ਸੀ। ਐਤਵਾਰ ਨੂੰ ਅਭਿਆਸ ਦੌਰਾਨ ਕੋਹਲੀ ਡਰਾਈਵ ਤੇ ਆਫ ਡਰਾਈਵ ਦੇ ਸ਼ਾਟ 'ਤੇ ਜ਼ਿਆਦਾ ਅਭਿਆਸ ਕਰਦੇ ਦਿਖੇ ਤੇ ਉਨ੍ਹਾਂ ਦੇ ਇਸ ਅਭਿਆਸ ਨਾਲ ਉਨ੍ਹਾਂ ਦੇ ਖੇਡਣ ਦੀ ਉਮੀਦ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਉਮੀਦ ਜ਼ਾਹਰ ਕੀਤੀ ਸੀ ਕਿ ਉਹ ਫ਼ੈਸਲਾਕੁਨ ਮੈਚ ਲਈ ਫਿੱਟ ਹੋ ਜਾਣਗੇ। ਜੇ ਕੋਹਲੀ ਨੂੰ ਮੈਚ ਫਿੱਟ ਐਲਾਨ ਦਿੱਤਾ ਜਾਂਦਾ ਹੈ ਤਾਂ ਹਨੂਮਾ ਵਿਹਾਰੀ ਆਖ਼ਰੀ ਇਲੈਵਨ 'ਚੋਂ ਬਾਹਰ ਹੋ ਜਾਣਗੇ ਕਿਉਂਕਿ ਅਜਿੰਕੇ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਨੇ ਜੋਹਾਨਸਬਰਗ ਵਿਚ ਦੂਜੀ ਪਾਰੀ ਵਿਚ ਅਰਧ ਸੈਂਕੜੇ ਲਾ ਕੇ ਤੀਜੇ ਟੈਸਟ ਲਈ ਆਖ਼ਰੀ ਇਲੈਵਨ ਵਿਚ ਆਪਣੀ ਥਾਂ ਪੱਕੀ ਕਰਨ ਦਾ ਦਾਅਵਾ ਮੁੜ ਠੋਕ ਦਿੱਤਾ ਸੀ।

ਭਾਰਤੀ ਟੀਮ ਨੇ ਜੋਹਾਨਸਬਰਗ ਵਿਚ ਮਿਲੀ ਹਾਰ ਨੂੰ ਭੁਲਾ ਕੇ ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਸੀਰੀਜ਼ ਜਿੱਤਣ ਦੇ ਟੀਚੇ ਨਾਲ ਤੀਜੇ ਤੇ ਫ਼ੈਸਲਾਕੁਨ ਟੈਸਟ ਮੈਚ ਲਈ ਅਭਿਆਸ ਕੀਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਦੀ ਤਸਵੀਰ ਨਾਲ ਟਵੀਟ ਕੀਤਾ ਕਿ ਅਸੀਂ ਇੱਥੇ ਖ਼ੂਬਸੂਰਤ ਕੇਪਟਾਊਨ ਵਿਚ ਹਾਂ। ਟੀਮ ਨੇ ਤੀਜੇ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਅਜੇ 1-1 ਨਾਲ ਬਰਾਬਰ ਹੈ। ਤੀਜਾ ਟੈਸਟ ਇੱਥੇ 11 ਤੋਂ 15 ਜਨਵਰੀ ਵਿਚਾਲੇ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕਵਾਇਦ ਵਿਚ ਲੱਗੇ ਭਾਰਤ ਨੇ ਸੈਂਚੁਰੀਅਨ ਵਿਚ ਪਹਿਲੇ ਮੈਚ ਵਿਚ 113 ਦੌੜਾਂ ਨਾਲ ਜਿੱਤ ਦਰਜ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਜੋਹਾਨਸਬਰਗ ਵਿਚ ਦੂਜੇ ਟੈਸਟ ਵਿਚ ਉਸ ਨੂੰ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਿਰਾਜ ਦਾ ਖੇਡਣਾ ਸ਼ੱਕੀ

ਭਾਰਤੀ ਟੀਮ ਸ਼ਨਿਚਰਵਾਰ ਨੂੰ ਕੇਪਟਾਊਨ ਪੁੱਜ ਗਈ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਤੀਜੇ ਮੈਚ ਵਿਚ ਖੇਡਣਾ ਸ਼ੱਕੀ ਹੈ। ਦੂਜੇ ਟੈਸਟ ਮੈਚ ਦੌਰਾਨ ਉਹ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਥਾਂ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਆਖ਼ਰੀ ਇਲੈਵਨ ਵਿਚ ਲਿਆ ਜਾ ਸਕਦਾ ਹੈ।