ਜੇਐੱਨਐੱਨ, ਨਵੀਂ ਦਿੱਲੀ : Virat Kohli Birthday : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਅੱਜ (5 ਨਵੰਬਰ ਨੂੰ) ਜਨਮ ਦਿਨ ਹੈ। ਆਪਣਾ 31ਵਾਂ ਜਨਮ ਦਿਨ ਮਨਾ ਰਹੇ ਵਿਰਾਟ ਇਸ ਵੇਲੇ ਟੀਮ ਇੰਡੀਆ ਦੇ ਨਾਲ ਨਹੀਂ ਹਨ ਪਰ ਸਵੇਰੇ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵਿਰਾਟ ਦੇ ਇਸ ਖ਼ਾਸ ਦਿਨ ਨੂੰ ਵੱਖਰੇ ਅੰਦਾਜ਼ 'ਚ ਮਨਾਉਂਦੇ ਹੋਏ ਇੰਟਰਨੈਸ਼ਨਲ ਵਨਡੇ ਕ੍ਰਿਕਟ 'ਚ ਉਨ੍ਹਾਂ ਦੇ ਪਹਿਲੇ ਸੈਂਕੜੇ ਦਾ ਵੀਡੀਓ ਸ਼ੇਅਰ ਕੀਤਾ।

ਵਿਰਾਟ ਆਪਣੇ ਇੰਟਰਨੈਸ਼ਨਲ ਕ੍ਰਿਕਟ 'ਚ ਹੁਣ ਤਕ 393 ਮੈਚਾਂ 'ਚ 69 ਸੈਂਕੜੇ ਤੇ 98 ਅਰਧ ਸੈਂਕੜੇ ਮਾਰ ਚੁੱਕੇ ਹਨ। ਉਨ੍ਹਾਂ ਵੱਲੋਂ ਇੰਟਰਨੈਸ਼ਨਲ ਕ੍ਰਿਕਟ 'ਚ ਸੈਂਕੜੇ ਲਾਉਣ ਦਾ ਸਿਲਸਿਲਾ 24 ਦਸੰਬਰ 2009 ਨੂੰ ਕੋਲਕਾਤਾ 'ਚ ਸ੍ਰੀਲੰਕਾ 'ਚ ਵਨਡੇ ਮੈਚ 'ਚ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ 107 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਸੀ। ਗੌਤਮ ਗੰਭੀਰ (150 ਨਾਬਾਦ) ਤੇ ਵਿਰਾਟ ਵਿਚਕਾਰ 224 ਦੌੜਾਂ ਦੀ ਸਾਂਝੇਦਾਰੀ ਕਾਰਨ ਭਾਰਤ ਨੇ 316 ਦੌੜਾਂ ਦਾ ਟੀਚਾ 3 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ ਸੀ। ਵਿਰਾਟ ਨੇ ਇਸ ਦੇ ਨਾਲ ਹੀ ਸਫ਼ਲ ਚੇਜ਼ 'ਚ ਸੈਂਕੜਾਂ ਲਾਉਣ ਦੇ ਆਪਣੇ ਕ੍ਰਮ ਦੀ ਵੀ ਸ਼ੁਰੂਆਤ ਕੀਤੀ ਸੀ। ਉਹ ਇਸ ਮਾਮਲੇ 'ਚ ਦੁਨੀਆ 'ਚ ਨੰਬਰ ਵਨ ਬੱਲੇਬਾਜ਼ ਹਨ।

ਬੀਸੀਸੀਆਈ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਭਾਰਤੀ ਕਪਤਾਨ ਵਿਰਾਟ ਕੋਹਲੀ 31 ਸਾਲ ਦੇ ਹੋ ਗਏ, ਅਸੀਂ ਇਸ ਮੌਕੇ ਉਨ੍ਹਾਂ ਦੇ ਪਹਿਲੇ ਵਨਡੇ ਸੈਂਕੜੇ ਨੂੰ ਦੇਖਾਂਗੇ ਜਿੱਥੋਂ ਇਸ ਦੌੜਾਂ ਬਣਾਉਣ ਵਾਲੀ ਮਸ਼ੀਨ ਦੀ ਸ਼ੁਰੂਆਤ ਹੋਈ ਸੀ।' ਆਈਸੀਸੀ ਨੇ ਵਿਰਾਟ ਕੋਹਲੀ ਨੂੰ ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਲਿਖਿਆ, 'ਆਸਾਧਾਰਨ ਖਿਡਾਰੀ ਵਿਰਾਟ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ।' ਆਈਸੀਸੀ ਨੇ ਇਸ ਟਵੀਟ 'ਚ ਉਨ੍ਹਾਂ ਦੀਆਂ ਤਿੰਨ ਖ਼ਾਸ ਉਪਲੱਬਧੀਆਂ ਦਾ ਜ਼ਿਕਰ ਕੀਤਾ। 1 ਸਭ ਤੋਂ ਤੇਜ਼ 20,000 ਇੰਟਰਨੈਸ਼ਨਲ ਦੌੜਾਂ ਬਣਾਉਣ ਵਾਲੇ। 2. ਟੈਸਟ ਕਪਤਾਨ ਦੇ ਰੂਪ 'ਚ ਸਭ ਤੋਂ ਵੱਧ ਦੋਹਰੇ ਸੈਂਕੜੇ ਲਾਉਣ ਵਾਲੇ। 3. ਆਈਸੀਸੀ ਐਵਾਰਡ ਸਮਾਗਮ 'ਚ ਇਕੱਠੇ ਸਾਰੇ ਪ੍ਰਮੁੱਖ ਖ਼ਿਤਾਬ ਹਾਸਿਲ ਕਰਨ ਵਾਲੇ।

Posted By: Seema Anand