ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਟਾਰ ਬੱਲੇਬਾਜ਼ ਕੇਐੱਲ ਰਾਹੁਲ ਨੇ ਆਈਸੀਸੀ ਦੀ ਨਵੀਂ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਕ੍ਰਮਵਾਰ ਚੌਥਾ ਤੇ ਛੇਵਾਂ ਸਥਾਨ ਕਾਇਮ ਰੱਖਿਆ ਹੈ ਜਦਕਿ ਗੇਂਦਬਾਜ਼ਾਂ ਦੀ ਸੂਚੀ ਵਿਚ ਕੋਈ ਭਾਰਤੀ ਚੋਟੀ ਦੇ 10 ਵਿਚ ਸ਼ਾਮਲ ਨਹੀਂ ਹੈ। ਇੰਗਲੈਂਡ ਦੇ ਡੇਵਿਡ ਮਲਾਨ ਬੱਲੇਬਾਜ਼ੀ ਰੈਂਕਿੰਗ ਵਿਚ ਸਿਖਰ 'ਤੇ ਚੱਲ ਰਹੇ ਹਨ। ਸਿਖਰਲੇ ਸੱਤ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ।

ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ ਜਦਕਿ ਵੈਸਟਇੰਡੀਜ਼ ਦੇ ਇਵਿਨ ਲੁਇਸ ਇਕ ਸਥਾਨ ਦੇ ਨੁਕਸਾਨ ਨਾਲ ਨੌਵੇਂ ਸਥਾਨ 'ਤੇ ਕਾਇਮ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਤਬਰੇਜ ਸ਼ਮਸੀ ਚੋਟੀ 'ਤੇ ਕਾਇਮ ਹਨ ਜਦਕਿ ਉਨ੍ਹਾਂ ਤੋਂ ਬਾਅਦ ਵਾਨਿੰਦੂ ਹਸਰੰਗਾ ਤੇ ਰਾਸ਼ਿਦ ਖ਼ਾਨ ਦਾ ਨੰਬਰ ਆਉਂਦਾ ਹੈ। ਰੈਂਕਿੰਗ ਵਿਚ ਭਾਰਤ ਦੇ ਸਿਖਰਲੇ ਗੇਂਦਬਾਜ਼ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਹਨ ਜੋ 12ਵੇਂ ਸਥਾਨ 'ਤੇ ਚੱਲ ਰਹੇ ਹਨ।

ਜ਼ਖ਼ਮੀ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ 18ਵੇਂ ਸਥਾਨ ਦੇ ਨਾਲ ਚੋਟੀ ਦੇ 20 ਵਿਚ ਸ਼ਾਮਲ ਇਕ ਹੋਰ ਭਾਰਤੀ ਗੇਂਦਬਾਜ਼ ਹਨ। ਯੁਜਵਿੰਦਰ ਸਿੰਘ ਚਹਿਲ ਇੱਕੋ ਇਕ ਗੇਂਦਬਾਜ਼ ਹਨ ਜਿਨ੍ਹਾਂ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਉਹ ਹੁਣ 25ਵੇਂ ਸਥਾਨ 'ਤੇ ਹਨ। ਉਨ੍ਹਾਂ ਨੂੰ ਹਾਲਾਂਕਿ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਹੈ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਦੋ ਸਥਾਨ ਦੇ ਫ਼ਾਇਦੇ ਨਾਲ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਵਿਚ ਅੱਠ ਵਿਕਟਾਂ ਹਾਸਲ ਕੀਤੀਆਂ। ਹਰਫ਼ਨਮੌਲਾ ਦੀ ਸੂਚੀ ਵਿਚ ਹਾਰਦਿਕ ਪਾਂਡਿਆ ਚੋਟੀ ਦੇ 20 ਵਿਚ ਸ਼ਾਮਲ ਇੱਕੋ ਇਕ ਭਾਰਤੀ ਹਨ।

ਉਹ 98 ਅੰਕਾਂ ਦੇ ਨਾਲ ਸੂਚੀ ਵਿਚ ਥਾਂ ਬਣਾਉਣ ਵਿਚ ਸਫਲ ਰਹੇ ਹਨ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਚੋਟੀ ਦਾ ਸਥਾਨ ਅਫ਼ਗਾਨਿਸਤਾਨ ਦੇ ਮੁਹੰਮਦ ਨਬੀ ਹੱਥੋਂ ਗੁਆ ਦਿੱਤਾ ਹੈ। ਭਾਰਤ ਨੇ ਪਿਛਲੀ ਟੀ-20 ਸੀਰੀਜ਼ ਸ੍ਰੀਲੰਕਾ ਵਿਚ ਖੇਡੀ ਸੀ ਤੇ ਇਸ ਤੋਂ ਬਾਅਦ ਤੋਂ ਟੀਮ ਨੇ ਸਭ ਤੋਂ ਛੋਟੇ ਫਾਰਮੈਟ ਵਿਚ ਕੋਈ ਮੈਚ ਨਹੀਂ ਖੇਡਿਆ ਹੈ।

Posted By: Sunil Thapa