ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਜਾਰੀ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਆਸਟ੍ਰੇਲੀਆ ਦੇ ਸਟੀਵ ਸਮਿਥ ਤੋਂ ਬਾਅਦ ਦੂਜੇ ਸਥਾਨ 'ਤੇ ਕਾਇਮ ਹਨ। ਕੋਹਲੀ ਦੇ ਨਾਂ 903 ਰੇਟਿੰਗ ਅੰਕ ਹਨ ਜਦਕਿ ਸਮਿਥ ਉਨ੍ਹਾਂ ਤੋਂ 34 ਅੰਕ ਅੱਗੇ 937 ਅੰਕਾਂ ਦੇ ਨਾਲ ਚੋਟੀ 'ਤੇ ਹਨ। ਦੋਵਾਂ ਬੱਲੇਬਾਜ਼ਾਂ ਵਿਚਾਲੇ ਅੰਕਾਂ ਦਾ ਫ਼ਰਕ ਵੱਡਾ ਹੋ ਗਿਆ ਹੈ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਮਿਥ ਤੋਂ ਇਲਾਵਾ ਟੀਮ ਦੇ ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਪੈਟ ਕਮਿੰਸ ਵੀ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਕਾਇਮ ਹਨ। ਸਮਿਥ ਤੇ ਕਮਿੰਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਸਟ੍ਰੇਲੀਆ ਐਸ਼ੇਜ਼ ਖ਼ਿਤਾਬ ਨੂੰ ਆਪਣੇ ਕੋਲ ਰੱਖਣ ਵਿਚ ਕਾਮਯਾਬ ਰਿਹਾ।

ਸਮਿਥ ਨੂੰ ਨੰਬਰ ਇਕ ਦਾ ਤਾਜ਼ :

ਐਸ਼ੇਜ਼ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਮਿਥ ਦੇ ਨਾਂ 857 ਰੇਟਿੰਗ ਅੰਕ ਸਨ ਜਿਸ ਨਾਲ ਉਹ ਚੌਥੇ ਸਥਾਨ 'ਤੇ ਸਨ। ਉਨ੍ਹਾਂ ਨੇ ਸੀਰੀਜ਼ ਦੇ ਚਾਰ ਮੈਚਾਂ ਵਿਚ 774 ਦੌੜਾਂ ਬਣਾਈਆਂ। ਕਮਿੰਸ ਨੇ ਵੀ ਦੂਜੇ ਸਥਾਨ 'ਤੇ ਕਾਬਜ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਸਿੰਗੋ ਰਬਾਦਾ 'ਤੇ 57 ਅੰਕਾਂ ਦੀ ਵੱਡੀ ਬੜ੍ਹਤ ਕਾਇਮ ਕੀਤੀ ਹੋਈ ਹੈ। ਉਹ ਐਸ਼ੇਜ਼ ਸੀਰੀਜ਼ ਵਿਚ 29 ਵਿਕਟਾਂ ਨਾਲ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਰੈਂਕਿੰਗ 'ਚ ਤੀਜੇ ਸਥਾਨ 'ਤੇ ਹਨ।

ਮਾਰਸ਼ ਤੇ ਵੇਡ ਨੂੰ ਵੀ ਫ਼ਾਇਦਾ :

ਆਸਟ੍ਰੇਲੀਆ ਦੇ ਮੈਥਿਊ ਵੇਡ ਤੇ ਮਿਸ਼ੇਲ ਮਾਰਸ਼ ਵੀ ਰੈਂਕਿੰਗ ਵਿਚ ਸੁਧਾਰ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਮਲ ਰਹੇ। ਵੇਡ ਨੇ ਐਤਵਾਰ ਨੂੰ ਆਪਣਾ ਚੌਥਾ ਟੈਸਟ ਸੈਂਕੜਾ ਲਾਇਆ ਜਿਸ ਨਾਲ ਉਹ 32 ਸਥਾਨ ਦੇ ਸੁਧਾਰ ਨਾਲ 78ਵੇਂ ਸਥਾਨ 'ਤੇ ਪੁੱਜ ਗਏ। ਪਹਿਲੀ ਵਾਰ ਪੰਜ ਵਿਕਟਾਂ ਲੈਣ ਵਾਲੇ ਮਿਸ਼ੇਲ ਮਾਰਸ਼ ਵੀ 20 ਸਥਾਨਾਂ ਦੇ ਸੁਧਾਰ ਨਾਲ 54ਵੇਂ ਸਥਾਨ 'ਤੇ ਪੁੱਜ ਗਏ। ਮਾਰਚ 2017 ਤੋਂ ਬਾਅਦ ਇਹ ਉਨ੍ਹਾਂ ਦੀ ਸਰਬੋਤਮ ਰੈਂਕਿੰਗ ਹੈ।

ਵਾਰਨਰ ਨੂੰ ਹੋਇਆ ਨੁਕਸਾਨ :

ਡੇਵਿਡ ਵਾਰਨਰ ਨੂੰ ਸੱਤ ਸਥਾਨਾਂ ਦਾ ਨੁਕਸਾਨ ਹੋਇਆ ਜੋ ਹੁਣ 24ਵੇਂ ਸਥਾਨ 'ਤੇ ਹਨ। ਵਾਰਨਰ ਨੇ ਪੰਜ ਮੈਚਾਂ ਦੀਆਂ 10 ਪਾਰੀਆਂ ਵਿਚ ਕੁੱਲ 95 ਦੌੜਾਂ ਬਣਾਈਆਂ ਜਿਸ ਨਾਲ ਸੀਰੀਜ਼ ਦੌਰਾਨ ਉਨ੍ਹਾਂ ਦੀ ਰੈਂਕਿੰਗ ਵਿਚ 19 ਸਥਾਨਾਂ ਦੀ ਗਿਰਾਵਟ ਆਈ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਪਹਿਲੀ ਵਾਰ ਚੋਟੀ ਦੇ 40 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਉਨ੍ਹਾਂ ਨੇ ਪੰਜਵੇਂ ਟੈਸਟ ਵਿਚ ਛੇ ਵਿਕਟਾਂ ਲਈਆਂ ਸਨ। ਸੈਮ ਕੁਰਨ ਨੇ ਵੀ ਛੇ ਸਥਾਨਾਂ ਦਾ ਸੁਧਾਰ ਕੀਤਾ ਤੇ 65ਵੇਂ ਸਥਾਨ 'ਤੇ ਪੁੱਜ ਗਏ।

ਬਟਲਰ ਵੀ ਵਧੇ ਅੱਗੇ :

ਸੀਰੀਜ਼ ਦੇ ਪੰਜਵੇਂ ਟੈਸਟ ਮੈਚ ਵਿਚ 70 ਤੇ 47 ਦੌੜਾਂ ਦੀ ਦਮਦਾਰ ਪਾਰੀ ਖੇਡਣ ਵਾਲੇ ਜੋਸ ਬਟਲਰ ਇਸ ਸਾਲ ਜਨਵਰੀ ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 30 ਵਿਚ ਪੁੱਜਣ ਵਿਚ ਕਾਮਯਾਬ ਰਹੇ। ਟੈਸਟ ਵਿਚ ਕਰੀਅਰ ਦੀ ਸਰਬੋਤਮ 94 ਦੌੜਾਂ ਦੀ ਪਾਰੀ ਖੇਡਣ ਵਾਲੇ ਜੋ ਡੇਨਲੀ ਕਰੀਅਰ ਦੇ ਸਰਬੋਤਮ 57ਵੇਂ ਸਥਾਨ 'ਤੇ ਪੁੱਜ ਗਏ। ਰਾਰੀ ਬਰਨਜ਼ ਵੀ ਪੰਜ ਸਥਾਨਾਂ ਦੇ ਸੁਧਾਰ ਨਾਲ 56ਵੇਂ ਸਥਾਨ 'ਤੇ ਹਨ।