ਜੇਐੱਨਐੱਨ, ਨਵੀਂ ਦਿੱਲੀ : ਤਾਮਿਲਨਾਡੂ ਨੇ ਸੋਮਵਾਰ ਨੂੰ ਖੇਡੇ ਗਏ ਵਿਜੇ ਹਜ਼ਾਰੇ ਟਰਾਫੀ ਮੈਚ 'ਚ ਨਵਾਂ ਰਿਕਾਰਡ ਬਣਾਇਆ। ਤਾਮਿਲਨਾਡੂ ਦੀ ਟੀਮ ਨੇ ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਮੈਚ 'ਚ 50 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 506 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਨਾਲ ਉਹ ਲਿਸਟ ਏ ਮੈਚ 'ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਨਾਂ ਸੀ, ਜਿਸ ਨੇ ਇਸੇ ਸਾਲ ਨੀਦਰਲੈਂਡ ਖਿਲਾਫ 4 ਵਿਕਟਾਂ ਗੁਆ ਕੇ 498 ਦੌੜਾਂ ਬਣਾਈਆਂ ਸਨ।

ਐਨ ਜਗਦੀਸ਼ਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼

ਇਸ ਮੈਚ 'ਚ ਟੀਮ ਕੁਲ ਤੋਂ ਇਲਾਵਾ ਹੋਰ ਵੀ ਕਈ ਰਿਕਾਰਡ ਬਣੇ। ਤਾਮਿਲਨਾਡੂ ਦੇ ਬੱਲੇਬਾਜ਼ ਐੱਨ ਜਗਦੀਸ਼ਨ ਨੇ ਇਸ ਮੈਚ 'ਚ 141 ਗੇਂਦਾਂ 'ਤੇ 277 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 'ਚ 25 ਚੌਕੇ ਅਤੇ 15 ਛੱਕੇ ਲਗਾਏ। ਇਹ ਲਿਸਟ ਏ ਕ੍ਰਿਕਟ ਵਿੱਚ ਕਿਸੇ ਖਿਡਾਰੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਸਕੋਰ ਹੈ। ਇਸ ਪਾਰੀ ਨਾਲ ਉਸ ਨੇ 2002 'ਚ 268 ਦੌੜਾਂ ਬਣਾਉਣ ਵਾਲੇ ਸਰੀ ਦੇ ਬੱਲੇਬਾਜ਼ ਐਲਿਸਟੇਅਰ ਬ੍ਰਾਊਨ ਦਾ ਰਿਕਾਰਡ ਤੋੜ ਦਿੱਤਾ।

ਲਿਸਟ ਏ ਕ੍ਰਿਕਟ 'ਚ ਇਹ ਉਸਦਾ ਲਗਾਤਾਰ 5ਵਾਂ ਸੈਂਕੜਾ ਹੈ ਅਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ 'ਚ ਉਸ ਨੇ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਦੇ ਕੋਲ ਲਗਾਤਾਰ ਚਾਰ ਸੈਂਕੜੇ ਲਗਾਉਣ ਦਾ ਰਿਕਾਰਡ ਸੀ।

ਸਾਈ ਸੁਦਰਸ਼ਨ ਨੇ ਵੀ ਸੈਂਕੜੇ ਵਾਲੀ ਖੇਡੀ ਪਾਰੀ

ਇਸ ਮੈਚ 'ਚ ਤਾਮਿਲਨਾਡੂ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੇ ਵੀ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 102 ਗੇਂਦਾਂ 'ਤੇ 154 ਦੌੜਾਂ ਦੀ ਪਾਰੀ ਖੇਡੀ। ਉਸਨੇ ਆਪਣੀ ਪਾਰੀ ਵਿੱਚ 19 ਚੌਕੇ ਅਤੇ 2 ਛੱਕੇ ਲਗਾਏ ਅਤੇ ਜਗਦੀਸ਼ਨ ਨਾਲ ਪਹਿਲੀ ਵਿਕਟ ਲਈ ਰਿਕਾਰਡ 416 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਕ੍ਰਿਸ ਗੇਲ ਅਤੇ ਮਾਰਲੋਨ ਸੈਮੂਅਲਜ਼ ਦੇ ਰਿਕਾਰਡ ਤੋੜ ਦਿੱਤੇ। ਦੋਵਾਂ ਨੇ ਫਰਵਰੀ 2015 'ਚ 372 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

Posted By: Sarabjeet Kaur