ਅਲੁਰ (ਪੀਟੀਆਈ) : ਤਾਮਿਲਨਾਡੂ ਤੇ ਪੰਜਾਬ ਵਿਚਾਲੇ ਸੋਮਵਾਰ ਨੂੰ ਖੇਡਿਆ ਜਾਣ ਵਾਲਾ ਵਿਜੇ ਹਜ਼ਾਰੇ ਕ੍ਰਿਕਟ ਟੂਰਨਾਮੈਂਟ ਦਾ ਚੌਥਾ ਕੁਆਰਟਰ ਫਾਈਨਲ ਮੁਕਾਬਲਾ ਬਾਰਿਸ਼ ਕਾਰਨ ਪੂਰਾ ਨਹੀਂ ਹੋ ਸਕਿਆ।

ਲੀਗ ਗੇੜ ਵਿਚ ਜ਼ਿਆਦਾ ਮੈਚ ਜਿੱਤਣ ਦੇ ਆਧਾਰ 'ਤੇ ਤਾਮਿਲਨਾਡੂ ਸੈਮੀਫਾਈਨਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਿਹਾ। ਸੈਮੀਫਾਈਨਲ ਵਿਚ ਤਾਮਿਲਨਾਡੂ ਦਾ ਸਾਹਮਣਾ ਬੁੱਧਵਾਰ ਨੂੰ ਗੁਜਰਾਤ ਨਾਲ ਹੋਵੇਗਾ। ਵਿਜੇ ਹਜ਼ਾਰੇ ਟਰਾਫੀ ਦੇ ਲੀਗ ਗੇੜ ਵਿਚ ਤਾਮਿਲਨਾਡੂ ਨੇ ਨੌਂ ਮੈਚ ਜਿੱਤੇ ਸਨ ਜਦਕਿ ਪੰਜਾਬ ਨੂੰ ਪੰਜ ਮੈਚਾਂ ਵਿਚ ਜਿੱਤ ਮਿਲੀ ਸੀ।

ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬਾਰਿਸ਼ ਕਾਰਨ ਮੈਚ ਨੂੰ 39 ਓਵਰਾਂ ਦਾ ਕਰ ਦਿੱਤਾ ਗਿਆ ਤੇ ਤਾਮਿਨਲਾਡੂ ਨੇ ਛੇ ਵਿਕਟਾਂ 'ਤੇ 174 ਦੌੜਾਂ ਦਾ ਸਕੋਰ ਬਣਾਇਆ। ਪੰਜਾਬ ਨੂੰ ਵੀਜੇਡੀ ਨਿਯਮ ਤਹਿਤ 39 ਓਵਰਾਂ 'ਚ ਜਿੱਤ ਲਈ 195 ਦੌੜਾਂ ਦੋ ਸੋਧਿਆ ਟੀਚਾ ਮਿਲਿਆ। ਪੰਜਾਬ ਨੇ ਇਸ ਤੋਂ ਬਾਅਦ 12.2 ਓਵਰਾਂ ਵਿਚ ਦੋ ਵਿਕਟਾਂ 'ਤੇ 52 ਦੌੜਾਂ ਬਣਾ ਲਈਆਂ ਸਨ ਤਦ ਬਾਰਿਸ਼ ਆ ਗਈ ਤੇ ਮੈਚ ਨੂੰ ਰੱਦ ਕਰਨਾ ਪਿਆ।

ਛੱਤੀਸਗੜ੍ਹ ਨੇ ਬਣਾਈ ਸੈਮੀਫਾਈਨਲ 'ਚ ਥਾਂ

ਅਲੁਰ : ਛੱਤੀਸਗੜ੍ਹ ਨੇ ਇੱਥੇ ਜਾਰੀ ਵਿਜੇ ਹਜ਼ਾਰੇ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸੋਮਵਾਰ ਨੂੰ ਪ੍ਰਵੇਸ਼ ਕਰ ਲਿਆ। ਛੱਤੀਸਗੜ ਤੇ ਮੁੰਬਈ ਵਿਚਾਲੇ ਸੋਮਵਾਰ ਨੂੰ ਇੱਥੇ ਕੁਆਰਟਰ ਫਾਈਨਲ ਮੁਕਾਬਲਾ ਹੋਣਾ ਸੀ ਪਰ ਬਾਰਿਸ਼ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਤੇ ਮੈਚ ਦਾ ਕੋਈ ਨਤੀਜਾ ਨਹੀਂ ਆਇਆ।

ਛੱਤੀਸਗੜ੍ਹ ਦੀ ਟੀਮ ਨੇ ਲੀਗ ਗੇੜ ਵਿਚ ਮੁੰਬਈ ਤੋਂ ਜ਼ਿਆਦਾ ਮੈਚ ਜਿੱਤੇ ਸਨ ਤੇ ਇਸੇ ਆਧਾਰ 'ਤੇ ਉਸ ਨੂੰ ਸੈਮੀਫਾਈਨਲ ਵਿਚ ਪ੍ਰਵੇਸ਼ ਮਿਲ ਗਿਆ। ਛੱਤੀਸਗੜ੍ਹ ਦੀ ਟੀਮ ਨੇ ਲੀਗ ਗੇੜ ਵਿਚ ਮੁੰਬਈ ਤੋਂ ਜ਼ਿਆਦਾ ਮੈਚ ਜਿੱਤੇ ਸਨ।