ਨਵੀਂ ਦਿੱਲੀ (ਜੇਐੱਨਐੱਨ) : ਤਜਰਬੇਕਾਰ ਆਫ ਸਪਿੰਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹ ਅਜੇ ਵੀ ਭਾਰਤ ਲਈ ਖੇਡ ਸਕਦੇ ਹਨ। ਜੁਲਾਈ ਵਿਚ 40 ਸਾਲ ਦੇ ਹੋਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ਦੇ ਨਾਲ ਟੀ-20 ਫਾਰਮੈਟ ਵਿਚ ਖੇਡਣ ਲਈ ਤਿਆਰ ਹਨ। ਹਰਭਜਨ ਨੇ ਕਿਹਾ ਕਿ ਉਹ ਆਈਪੀਐੱਲ ਵਿਚ ਖੇਡ ਰਹੇ ਹਨ ਤੇ ਇਸ ਲਈ ਦੇਸ਼ ਲਈ ਟੀ-20 ਖੇਡ ਸਕਦੇ ਹਨ। ਆਈਪੀਐੱਲ ਵਿਚ ਹਰਭਜਨ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਾਂਝੇ ਤੌਰ 'ਤੇ ਤੀਜੇ ਗੇਂਦਬਾਜ਼ ਹਨ। ਉਨ੍ਹਾਂ ਨੇ ਅਜੇ ਤਕ 150 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਹਰਭਜਨ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ 2016 ਵਿਚ ਏਸ਼ੀਆ ਕੱਪ ਵਿਚ ਖੇਡਿਆ ਸੀ। ਹਰਭਜਨ ਨੇ ਕਿਹਾ ਕਿ ਮੈਂ ਤਿਆਰ ਹਾਂ। ਜੇ ਮੈਂ ਆਈਪੀਐੱਲ ਵਿਚ ਚੰਗੀ ਗੇਂਦਬਾਜ਼ੀ ਕਰ ਸਕਦਾ ਹਾਂ ਤਾਂ ਭਾਰਤੀ ਟੀਮ ਲਈ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕਿ ਆਈਪੀਐੱਲ ਵਿਚ ਗੇਂਦਬਾਜ਼ਾਂ ਲਈ ਕਾਫੀ ਮੁਸ਼ਕਲ ਹੁੰਦੀ ਹੈ ਕਿਉਂਕਿ ਮੈਦਾਨ ਕਾਫੀ ਛੋਟੇ ਹੁੰਦੇ ਹਨ ਤੇ ਦੁਨੀਆ ਦੇ ਸਾਰੇ ਵੱਡੇ ਖਿਡਾਰੀ ਆਈਪੀਐੱਲ ਵਿਚ ਖੇਡਦੇ ਹਨ। ਉਨ੍ਹਾਂ ਖ਼ਿਲਾਫ਼ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਹੁੰਦਾ ਹੈ। ਜੇ ਤੁਸੀਂ ਉਨ੍ਹਾਂ ਖ਼ਿਲਾਫ਼ ਆਈਪੀਐੱਲ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ ਤਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਵੀ ਚੰਗਾ ਕਰ ਸਕਦੇ ਹੋ। 39 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਇਸ ਗੱਲ ਨਾਲ ਦੁਖੀ ਹਨ ਕਿ ਆਈਪੀਐੱਲ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਚੋਣਕਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।