ਮੁੰਬਈ (ਪੀਟੀਆਈ) : ਸਾਬਕਾ ਭਾਰਤੀ ਕਪਤਾਨ ਤੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਹੁਣ ਉਹ ਘਰ ਵਿਚ ਕੁਆਰੰਟੀਨ ਰਹਿਣਗੇ। ਤੇਂਦੁਲਕਰ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਏ ਸਨ। ਇਸ 48 ਸਾਲਾ ਖਿਡਾਰੀ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਤੇਂਦੁਲਕਰ ਨੇ ਕਿਹਾ ਕਿ ਮੈਂ ਅਜੇ ਹਸਪਤਾਲ ਤੋਂ ਘਰ ਪੁੱਜਾ ਹਾਂ ਤੇ ਹੁਣ ਵੀ ਵੱਖ ਰਹਾਂਗਾ ਤੇ ਆਰਾਮ ਕਰਾਂਗਾ। ਮੈਂ ਸ਼ੁੱਭ ਕਾਮਨਾਵਾਂ ਤੇ ਅਰਦਾਸਾਂ ਲਈ ਸਾਰਿਆਂ ਦਾ ਸ਼ੁਕਰੀਆ ਕਰਨਾ ਚਾਹਾਂਗਾ। ਉਨ੍ਹਾਂ ਨੇ ਹਸਪਤਾਲ ਵਿਚ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲਈ ਡਾਕਟਰਾਂ ਤੇ ਹੋਰ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ। ਤੇਂਦੁਲਕਰ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਡਾਕਟਰਾਂ ਤੇ ਹੋਰ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਇੰਨੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਤੇ ਇਨ੍ਹਾਂ ਮੁਸ਼ਕਲ ਹਾਲਾਤ ਵਿਚ ਵੀ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਸਚਿਨ ਤੇਂਦੁਲਕਰ ਨੂੰ 27 ਮਾਰਚ ਨੂੰ ਕੋਰੋਨਾ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੇ ਬਾਕੀ ਹੋਰ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਸੀ।